ਪ੍ਰਪੋਜ਼ਲ ਦੇ ਬਾਵਜੂਦ ਸ਼ੁਰੂ ਨਹੀਂ ਹੋ ਸਕਿਆ ਨਵੇਂ ਥਾਣਿਆਂ ਦਾ ਨਿਰਮਾਣ

You Are HerePunjab
Thursday, February 16, 2017-8:14 AM

ਕਪੂਰਥਲਾ, (ਭੂਸ਼ਣ)- ਸੂਬੇ ਭਰ 'ਚ ਲਗਾਤਾਰ ਵਧ ਰਹੀ ਜਨਸੰਖਿਆ ਅਤੇ ਅਪਰਾਧਾਂ ਦੀ ਦਰ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਵੱਖ-ਵੱਖ ਜ਼ਿਲਿਆਂ 'ਚ ਨਵੇਂ ਬਣਾਏ ਜਾ ਰਹੇ ਪੁਲਸ ਥਾਣਿਆਂ ਦੀ ਲੜੀ 'ਚ ਜ਼ਿਲਾ ਕਪੂਰਥਲਾ ਲਈ ਬਣਨ ਵਾਲੇ 2 ਨਵੇਂ ਥਾਣਿਆਂ ਦੀ ਪ੍ਰਪੋਜ਼ਲ ਦੇ ਬਾਵਜੂਦ ਵੀ ਇਨ੍ਹਾਂ ਥਾਣਿਆਂ ਦੀ ਉਸਾਰੀ ਸ਼ੁਰੂ ਨਾ ਹੋਣ ਦੇ ਕਾਰਨ ਫਿਲਹਾਲ ਜ਼ਿਲੇ ਦੇ ਕਈ ਥਾਣਾ ਖੇਤਰਾਂ ਦੀ ਪੁਲਸ ਨੂੰ ਲੰਬੇ ਚੌੜੇ ਖੇਤਰ ਦੀ ਸੁਰੱਖਿਆ ਦਾ ਕਾਰਜਭਾਰ ਸੰਭਾਲਣਾ ਪੈ ਰਿਹਾ ਹੈ। ਜਿਸ ਕਾਰਨ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ 'ਚ ਕਾਫ਼ੀ ਮੁਸ਼ਕਿਲ ਸਾਹਮਣੇ ਆ ਰਹੀ ਹੈ।
ਜ਼ਿਲੇ 'ਚ ਫਗਵਾੜਾ ਜਲੰਧਰ ਰਾਸ਼ਟਰੀ ਰਾਜ ਮਾਰਗ ਤੇ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ 'ਤੇ ਰੇਲ ਕੋਚ ਫੈਕਟਰੀ 'ਚ ਨਵੇਂ ਥਾਣਿਆਂ ਦੀ ਸਥਾਪਨਾ ਦਾ ਕੰਮ ਸ਼ੁਰੂ ਨਾ ਹੋਣ ਕਰ ਕੇ ਇਨ੍ਹਾਂ ਖੇਤਰਾਂ ਨਾਲ ਸਬੰਧਤ ਹਜ਼ਾਰਾਂ ਲੋਕਾਂ ਨੂੰ ਦੂਰ-ਦਰਾਜ ਦੇ ਥਾਣਿਆਂ 'ਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੂਬੇ ਦੀ ਜਨਸੰਖਿਆ ਲਗਾਤਾਰ ਵਧਣ ਤੇ ਅਪਰਾਧਾਂ ਦੇ ਗਰਾਫ 'ਚ ਲਗਾਤਾਰ ਵਾਧਾ ਹੋਣ ਦੇ ਕਾਰਨ ਸਾਲ 2010 'ਚ ਸੂਬੇ ਦੀਆਂ ਕਈ ਜੇਲਾਂ 'ਚ ਵੱਡੀ ਗਿਣਤੀ 'ਚ ਨਵੇਂ ਥਾਣਿਆਂ ਦੀ ਸਥਾਪਨਾ ਕੀਤੀ ਗਈ ਸੀ। ਜਿਸ ਕਰ ਕੇ ਜ਼ਿਲਾ ਕਪੂਰਥਲਾ 'ਚ ਥਾਣਾ ਬੇਗੋਵਾਲ, ਤਲਵੰਡੀ ਚੌਧਰੀਆਂ, ਫੱਤੂਢੀਂਗਾ, ਕਬੀਰਪੁਰ ਅਤੇ ਸਤਨਾਮਪੁਰਾ ਥਾਣਿਆਂ ਦੀ ਸਥਾਪਨਾ ਕੀਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਕਈ ਥਾਣਾ ਖੇਤਰਾਂ ਦੇ ਤਹਿਤ ਆਉਣ ਵਾਲੇ ਲੰਬੇ ਚੌੜੇ ਤੇ ਸੰਵੇਦਨਸ਼ੀਲ ਖੇਤਰ ਨੂੰ ਵੇਖਦੇ ਹੋਏ ਫਗਵਾੜਾ ਜਲੰਧਰ ਰਾਸ਼ਟਰੀ ਰਾਜ ਮਾਰਗ 'ਚ ਪੈਂਦੇ ਚਹੇੜੂ ਜੋ ਕਿ ਕਈ ਵੱਡੇ ਉਦਯੋਗਿਕ ਸੰਸਥਾਨਾਂ ਦਾ ਗੜ੍ਹ ਹੈ ਦੇ ਨਾਲ-ਨਾਲ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ 'ਤੇ ਪੈਂਦੀ ਰੇਲ ਕੋਚ ਫੈਕਟਰੀ ਜੋਕਿ ਥਾਣਾ ਸੁਲਤਾਨਪੁਰ ਲੋਧੀ ਤੋਂ ਕਾਫ਼ੀ ਦੂਰ ਹੋਣ ਦੇ ਕਾਰਨ ਇਨ੍ਹਾਂ ਦੋਵਾਂ ਥਾਵਾਂ ਨੂੰ ਨਵੇਂ ਥਾਣਿਆਂ ਦੇ ਤੌਰ 'ਤੇ ਬਦਲਣ ਨੂੰ ਲੈ ਕੇ ਜਾਰੀ ਕੀਤੇ ਗਏ ਪ੍ਰਪੋਜ਼ਲ 'ਤੇ ਫਿਲਹਾਲ ਕੰਮ ਸ਼ੁਰੂ ਨਹੀਂ ਹੋ ਪਾਇਆ ਹੈ ।
ਸਾਲ 2014 'ਚ ਜਾਰੀ ਕੀਤੇ ਗਏ ਇਸ ਨਵੇਂ ਪ੍ਰਪੋਜ਼ਲ 'ਤੇ ਕੰਮ ਨਾ ਸ਼ੁਰੂ ਹੋਣ ਦੇ ਕਾਰਨ ਇਨ੍ਹਾਂ ਦੋਵਾਂ ਥਾਵਾਂ ਨਾਲ ਸਬੰਧਤ ਲੰਬੇ ਚੌੜੇ ਖੇਤਰ 'ਚ ਰਹਿਣ ਵਾਲੇ ਲੋਕਾਂ ਨੂੰ ਜਿਥੇ ਦੂਰ-ਦਰਾਜ 'ਚ ਪੈਂਦੇ ਥਾਣਾ ਸਦਰ ਫਗਵਾੜਾ ਅਤੇ ਥਾਣਾ ਸੁਲਤਾਨਪੁਰ ਲੋਧੀ ਵੱਲ ਜਾਣਾ ਪੈਂਦਾ ਹੈ ਉਥੇ ਹੀ ਸੜਕ ਦੁਰਘਟਨਾ ਹੋਣ ਦੀ ਸੂਰਤ 'ਚ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ 'ਚ ਜਦੋਂ ਐੱਸ. ਐੱਸ. ਪੀ. ਅਲਕਾ ਮੀਨਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਿਲੇ 'ਚ ਪੁਲਸ ਨੇ ਪਹਿਲਾਂ ਤੋਂ ਹੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ। ਇਸ ਪ੍ਰਪੋਜ਼ਲ 'ਤੇ ਵੀ ਗੌਰ ਕੀਤਾ ਜਾਵੇਗਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.