ਬਾਘਾਪੁਰਾਣਾ, (ਚਟਾਨੀ)- ਸ਼ਹਿਰ ਦੀਆਂ ਸ਼ਾਮਲਾਟ ਜ਼ਮੀਨਾਂ ਨੂੰ ਨਗਰ ਕੌਂਸਲ ਦੇ ਹੱਕ 'ਚ ਕਰਵਾਉਣ ਲਈ ਸ਼ਹਿਰੀਆਂ ਦੇ ਮੋਹਰੀ ਆਗੂਆਂ ਨਾਲ ਡਟ ਕੇ ਖੜ੍ਹਨ ਵਾਲੇ ਲੋਕਾਂ ਨੇ ਨਗਰ ਕੌਂਸਲ ਤੇ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਅਰਜ਼ੋਈ ਕੀਤੀ ਕਿ ਹੁਣ ਸ਼ਹਿਰ ਦੀਆਂ ਉਕਤ ਥਾਵਾਂ ਨੂੰ ਕਾਰੋਬਾਰੀ ਸਥਾਨਾਂ ਵਜੋਂ ਵਿਕਸਿਤ ਨਾ ਹੋਣ ਦਿੱਤਾ ਜਾਵੇ, ਸਗੋਂ ਇਨ੍ਹਾਂ ਥਾਵਾਂ ਉਪਰ ਸਿਰਫ ਤੇ ਸਿਰਫ ਵਿਸ਼ਾਲ ਪਾਰਕਾਂ ਦਾ ਹੀ ਨਿਰਮਾਣ ਕੀਤਾ ਜਾਵੇ। ਜਨਤਕ ਹਿੱਤਾਂ ਦੀ ਰਾਖੀ ਕਰਨ ਵਾਲੇ ਸ਼ਹਿਰ ਦੇ ਮੋਹਰੀ ਆਗੂਆਂ ਨੇ ਵਿਧਾਇਕ ਬਰਾੜ ਨੂੰ ਯਾਦ ਕਰਵਾਇਆ ਕਿ ਉਨ੍ਹਾਂ ਨੇ ਅਨੇਕਾਂ ਵਾਰ ਪ੍ਰੈੱਸ ਕਾਨਫਰੰਸ ਦੌਰਾਨ ਔਰਤਾਂ ਅਤੇ ਮਰਦਾਂ ਵਾਸਤੇ ਦੋ ਵੱਖਰੇ ਪਾਰਕਾਂ ਵਜੋਂ ਵਿਕਸਿਤ ਕਰਨ ਦਾ ਵਾਅਦਾ ਕੀਤਾ ਸੀ ਅਤੇ ਹੁਣ ਉਸੇ ਵਾਅਦੇ ਅਨੁਸਾਰ ਬਿਨਾਂ ਦੇਰੀ ਕਾਰਜ ਆਰੰਭਣੇ ਚਾਹੀਦੇ ਹਨ।
ਸ਼ਹਿਰ ਦੇ ਲੋਕਾਂ ਨੇ ਕਿਹਾ ਕਿ ਜੇਕਰ ਕੌਂਸਲ ਆਪਣੇ ਵਿੱਤੀ ਸਾਧਨਾਂ ਦੇ ਲਾਲਚ ਹਿੱਤ ਹਰੇਕ ਥਾਂ ਉਪਰ ਦੁਕਾਨਾਂ ਦਾ ਨਿਰਮਾਣ ਕਰੇਗੀ ਤਾਂ ਫਿਰ ਲੋਕਾਂ ਦੀਆਂ ਸਹੂਲਤਾਂ ਲਈ ਕਿਹੜੀਆਂ ਥਾਵਾਂ ਸੁਰੱਖਿਅਤ ਰਹਿਣਗੀਆਂ। ਨੁਮਾਇੰਦਿਆਂ ਨੇ ਤਰਕ ਦਿੱਤਾ ਕਿ ਕੌਂਸਲ ਵੱਲੋਂ ਬਣਾਈਆਂ ਗਈਆਂ ਹੁਣ ਤੱਕ ਦੀਆਂ ਦੁਕਾਨਾਂ 'ਚੋਂ 40 ਪ੍ਰਤੀਸ਼ਤ ਅਜੇ ਵੀ ਖਾਲੀ ਪਈਆਂ ਹਨ, ਜਦਕਿ ਬਲਾਕ ਦਫਤਰ ਵੱਲੋਂ 40 ਸਾਲ ਪਹਿਲਾਂ ਬਣਾਈ ਗਈ ਗਿਆਨੀ ਜੈਲ ਸਿੰਘ ਮਾਰਕੀਟ ਹੁਣ ਤੱਕ ਪੁਰੀ ਤਰ੍ਹਾਂ ਨਾਲ ਆਬਾਦ ਨਹੀਂ ਹੋ ਸਕੀ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਗਲੀਆਂ 'ਚ ਥਾਂ-ਥਾਂ ਬਣੀਆਂ ਦੁਕਾਨਾਂ ਦੇ ਸ਼ਟਰ ਵੀ ਅਜੇ ਤੱਕ ਬੰਦ ਹੀ ਹਨ ਤਾਂ ਫਿਰ ਕੌਂਸਲ ਵੱਲੋਂ ਬਣਾਈਆਂ ਜਾਣ ਵਾਲੀਆਂ ਦੁਕਾਨਾਂ ਦੇ ਆਬਾਦ ਹੋ ਸਕਣ ਦੀਆਂ ਸੰਭਾਵਨਾਵਾਂ ਪ੍ਰਬਲ ਹੋ ਸਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਸ਼ਹਿਰੀਆਂ ਅਤੇ ਵਿਸ਼ੇਸ਼ ਕਰ ਕੇ ਔਰਤਾਂ ਨੇ ਵਿਧਾਇਕ ਬਰਾੜ ਨੂੰ ਅਪੀਲ ਕੀਤੀ ਕਿ ਉਹ ਬਲਾਕ ਦਫਤਰ ਵਾਲੀ ਥਾਂ ਨੂੰ ਭਾਵੇਂ ਕਾਰੋਬਾਰੀ ਸਥਾਨ ਵਜੋਂ ਵਿਕਸਿਤ ਕਰ ਦੇਣ ਪਰ ਮੁਹੱਲਿਆਂ ਅੰਦਰਲੀ ਪਈ ਛੱਪੜਾਂ ਵਾਲੀ ਥਾਂ ਨੂੰ ਸਿਰਫ ਪਾਰਕਾਂ ਲਈ ਰਾਖਵੀਂ ਰੱਖਣ ਤਾਂ ਜੋ ਔਰਤਾਂ ਦਾ ਸੁਰੱਖਿਅਤ ਸੈਰਗਾਹ ਵਾਲਾ ਸੁਪਨਾ ਪੂਰਾ ਹੋ ਸਕੇ।
ਕੋਬਰਾ ਤਾਰਾਂ ਤੇ ਖੂੰਖਾਰ ਕੁੱਤਿਆਂ ਕਾਰਨ ਦੋ ਕਾਲੇ ਹਿਰਨਾਂ ਦੀ ਮੌਤ
NEXT STORY