ਗੁਰਦਾਸਪੁਰ(ਪ੍ਰੀਤ)-ਜ਼ਿਲਾ ਗੁਰਦਾਸਪੁਰ ਨਾਲ ਸਬੰਧਿਤ ਪੁਰਾਣੇ ਵਿਧਾਨ ਸਭਾ ਹਲਕਾ ਕਾਹਨੂੰਵਾਨ 'ਚ ਤੱਤਕਾਲੀ ਅਕਾਲੀ ਨੇਤਾ ਅਤੇ ਮੌਜੂਦਾ ਭਾਜਪਾ ਨੇਤਾ ਯਾਦਵਿੰਦਰ ਸਿੰਘ ਬੁੱਟਰ ਵਲੋਂ ਕੀਤੇ ਗਏ ਇਕ ਕੇਸ 'ਚ ਗੁਰਦਾਸਪੁਰ ਦੀ ਅਦਾਲਤ ਨੇ ਸਾਬਕਾ ਅਕਾਲੀ ਮੰਤਰੀ ਜਥੇ. ਸੇਵਾ ਸਿੰਘ ਸੇਖਵਾਂ ਅਤੇ ਪੰਜਾਬ ਪੁਲਸ ਦੇ ਮੌਜੂਦਾ ਆਈ. ਜੀ. ਅਤੇ ਉਸ ਸਮੇਂ ਐੱਸ. ਐੱਸ. ਪੀ. ਰਹੇ ਆਲੋਕ ਨਾਥ ਆਂਗਰਾ ਸਮੇਤ 21 ਵਿਅਕਤੀਆਂ ਨੂੰ ਤਲਬ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਭਾਜਪਾ ਦੇ ਸਰਗਰਮ ਨੇਤਾ ਯਾਦਵਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ 2008 ਵਿਚ ਜਦੋਂ ਉਹ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸਨ ਤਾਂ ਅਕਾਲੀ ਦਲ ਵਲੋਂ ਦਿੱਲੀ ਵਿਚੋਂ ਜਾਣ ਵਾਲੀ ਰੈਲੀ 'ਚ ਆਪਣੇ ਸਮਰਥਕਾਂ ਦੀਆਂ ਬੱਸਾਂ ਲੈ ਕੇ ਜਾਣ ਲਈ ਉਨ੍ਹਾਂ ਨੇ 23 ਫਰਵਰੀ 2008 ਨੂੰ ਕਾਹਨੂੰਵਾਨ ਦੇ ਬੀ. ਡੀ. ਪੀ. ਓ. ਬਲਾਕ ਦੇ ਸਾਹਮਣੇ ਇਕ ਵਰਕਰਾਂ ਦੀ ਮੀਟਿੰਗ ਰੱਖੀ ਸੀ ਪਰ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਉਸੇ ਦਿਨ ਸਵੇਰੇ 10 ਵਜੇ ਦੇ ਲਗਭਗ ਸਠਿਆਲੀ ਪੁਲ 'ਚ ਕੰਵਲਪ੍ਰੀਤ ਸਿੰਘ ਕਾਕੀ, ਕੁਲਵਿੰਦਰ ਸਿੰਘ ਡੇਹਰੀਵਾਲ, ਕਰਤਾਰ ਸਿੰਘ ਬੱਬਰੀ, ਮਲੂਕ ਸਿੰਘ ਯੋਗੀ ਚੀਮਾ, ਅਜੀਤ ਸਿੰਘ ਰਾਣਾ ਰਾਏ ਚੱਕ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਉਤਸ਼ਾਹਿਤ ਕਰ ਕੇ ਕਾਹਨੂੰਵਾਨ 'ਚ ਬੁੱਟਰ ਸਮਰਥਕਾਂ ਦੀ ਰੈਲੀ ਖਰਾਬ ਕਰਨ ਅਤੇ ਉਨ੍ਹਾਂ 'ਤੇ ਜਾਨਲੇਵਾ ਹਮਲਾ ਕਰਨ ਲਈ ਭੇਜਿਆ ਸੀ। ਸੇਖਵਾਂ ਦੇ ਇਨ੍ਹਾਂ ਸਮਰਥਕਾਂ ਨੇ ਪੁਲਸ ਦੀ ਹਾਜ਼ਰੀ ਵਿਚ ਉਨ੍ਹਾਂ 'ਤੇ ਗੋਲੀਆਂ ਚਲਾਈਆਂ ਅਤੇ ਕਿਰਪਾਨਾਂ ਅਤੇ ਬਰਛਿਆਂ ਦੇ ਨਾਲ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਨੇ ਬਹੁਤ ਮੁਸ਼ਕਿਲ ਨਾਲ ਆਪਣਾ ਬਚਾਅ ਕੀਤਾ ਅਤੇ ਤੁਰੰਤ ਕਾਹਨੂੰਵਾਨ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਬੁੱਟਰ ਨੇ ਕਿਹਾ ਕਿ ਪੁਲਸ ਨੇ ਅਸਲੀ ਹਮਲਾਵਰਾਂ ਨੂੰ ਨਾਮਜ਼ਦ ਕਰਨ ਦੀ ਥਾਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਖਾਨਾਪੂਰਤੀ ਕਰ ਦਿੱਤੀ ਪਰ ਜਦੋਂ ਅਗਲੇ ਦਿਨ ਅਖਬਾਰਾਂ ਵਿਚ ਹਮਲਾਵਰਾਂ ਦੀਆਂ ਤਸਵੀਰਾਂ ਵੀ ਛਪ ਗਈਆਂ ਤਾਂ ਉਨ੍ਹਾਂ ਨੇ ਖੁਦ ਉਸ ਮੌਕੇ ਦੇ ਐੱਸ. ਐੱਸ. ਪੀ. ਅਲੋਕ ਨਾਥ ਆਂਗਰਾ ਨੂੰ ਮਿਲ ਕੇ ਅਸਲੀ ਮੁਲਜ਼ਮਾਂ ਨੂੰ ਪਰਚੇ ਵਿਚ ਨਾਮਜ਼ਦ ਕਰ ਕੇ ਬਣਦੀਆਂ ਧਾਰਾਵਾਂ ਲਾਉਣ ਦੀ ਮੰਗ ਕੀਤੀ। ਫਿਰ ਵੀ ਕੋਈ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਨੇ ਮਾਣਯੋਗ ਅਦਾਲਤ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ ਦੇ ਕੋਲ ਅਪੀਲ ਕੀਤੀ। ਕਮਿਸ਼ਨ ਦੇ ਬੈਂਚ ਨੇ ਏ. ਡੀ. ਜੀ. ਪੀ. ਕ੍ਰਾਈਮ ਕੋਲ ਇਸ ਮਾਮਲੇ ਦੇ ਅਸਲੀ ਤੱਥਾਂ ਦੀ ਪੜਤਾਲ ਕਰਵਾਈ, ਜਿਸ ਦੇ ਆਧਾਰ 'ਤੇ ਪੁਲਸ ਨੇ 4 ਮੁਲਜ਼ਮ ਨਾਮਜ਼ਦ ਕਰਨ ਤੋਂ ਇਲਾਵਾ ਧਾਰਾਵਾਂ 'ਚ ਵਾਧਾ ਕਰ ਦਿੱਤਾ ਪਰ ਜਥੇ. ਸੇਖਵਾਂ ਅਤੇ ਲੋਕ ਨਾਥ ਆਂਗਰਾ ਸਮੇਤ ਕਈ ਦੂਜਿਆਂ ਨੂੰ ਮਾਮਲੇ ਵਿਚ ਨਾਮਜ਼ਦ ਨਾ ਕੀਤੇ ਜਾਣ ਕਾਰਨ 2012 ਵਿਚ ਹੀ ਉਨ੍ਹਾਂ ਨੇ ਗੁਰਦਾਸਪੁਰ ਦੀ ਅਦਾਲਤ ਵਿਚ 24 ਵਿਅਕਤੀਆਂ ਖਿਲਾਫ ਜੇ. ਐੱਮ. ਆਈ. ਸੀ. ਇਸਤਗਾਸਾ ਦਾਇਰ ਕਰ ਦਿੱਤੀ, ਜਿਸ ਉਪਰੰਤ 2015 ਵਿਚ ਅਦਾਲਤ ਨੇ ਇਸ ਇਸਤਗਾਸਾ ਅਤੇ ਉਪਰੋਕਤ ਕੇਸ ਨੂੰ ਇਕੱਠਾ ਕਰ ਕੇ ਸੁਣਵਾਈ ਸ਼ੁਰੂ ਕਰ ਦਿੱਤੀ। ਇਸ ਅਧੀਨ ਬੁੱਟਰ ਦੇ ਵਕੀਲ ਰਾਜੀਵ ਭਾਟੀਆ ਵਲੋਂ ਧਾਰਾ 319 ਦੇ ਅਧੀਨ ਸਾਰੇ ਮੁਲਜ਼ਮਾਂ ਨੂੰ ਸੰਮਨ ਭੇਜਣ ਲਈ ਜੇ. ਐੱਮ. ਆਈ. ਸੀ. ਦੀ ਅਦਾਲਤ 'ਚ ਅਰਜ਼ੀ ਦਿੱਤੀ ਗਈ, ਜੋ ਹੇਠਲੀ ਅਦਾਲਤ ਵਲੋਂ ਰੱਦ ਕਰ ਦਿੱਤੀ ਗਈ। ਉਪਰੰਤ ਐਡਵੋਕੇਟ ਭਾਟੀਆ ਨੇ ਐਡੀਸ਼ਨਲ ਸੈਸ਼ਨ ਜੱਜ ਕੋਲ ਧਾਰਾ 319 ਦੇ ਅਧੀਨ ਰਵੀਜ਼ਨ ਦਰਖਾਸਤ ਦੇ ਦਿੱਤੀ, ਜਿਸ 'ਤੇ ਕਾਰਵਾਈ ਕਰਦੇ ਹੋਏ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਰਾਮ ਕੁਮਾਰ ਨੇ ਜਥੇ. ਸੇਵਾ ਸਿੰਘ ਸੇਖਵਾਂ ਅਤੇ ਅਲੋਕ ਨਾਥ ਆਂਗਰਾ ਸਮੇਤ 21 ਦੂਸਰੇ ਮੁਲਜ਼ਮਾਂ ਨੂੰ 5 ਅਗਸਤ ਲਈ ਤਲਬ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਅਦਾਲਤ ਨੇ ਹੇਠਲੀ ਅਦਾਲਤ ਦਾ ਰਿਕਾਰਡ ਵੀ ਤਲਬ ਕਰ ਲਿਆ ਹੈ।
ਬੁੱਟਰ ਨੇ ਕਿਹਾ ਕਿ ਉਨ੍ਹਾਂ ਨੇ ਸੁਣਿਆ ਸੀ ਕਿ ਅਦਾਲਤਾਂ 'ਚ ਲੰਬੇ ਸਮੇਂ ਬਾਅਦ ਇਨਸਾਫ ਮਿਲਦਾ ਹੈ ਪਰ ਇਹ ਨਹੀਂ ਸੀ ਪਤਾ ਕਿ ਅਸਲੀ ਮੁਲਜ਼ਮਾਂ ਨੂੰ ਅਦਾਲਤ ਵਿਚ ਬੁਲਾਉਣ ਲਈ ਹੀ 9 ਸਾਲ ਲੱਗ ਜਾਣਗੇ ਪਰ ਹੁਣ ਜਦੋਂ ਮਾਣਯੋਗ ਅਦਾਲਤ ਨੇ ਇਨ੍ਹਾਂ ਕਥਿਤ ਸਾਜ਼ਿਸ਼ਕਾਰਾਂ ਅਤੇ ਹਮਲਾਵਰਾਂ ਨੂੰ ਤਲਬ ਕੀਤਾ ਹੈ ਤਾਂ ਉਨ੍ਹਾਂ ਨੂੰ ਇਨਸਾਫ ਦੀ ਉਮੀਦ ਦਿਖਾਈ ਦਿੱਤੀ ਹੈ।
ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਖਤਮ
NEXT STORY