ਲੁਧਿਆਣਾ(ਰਿਸ਼ੀ)-ਪ੍ਰੇਮ ਨਗਰ, ਇਸਲਾਮਗੰਜ 'ਚ ਸੋਮਵਾਰ ਨੂੰ ਦੁਪਹਿਰ ਲਗਭਗ 2.30 ਵਜੇ 3 ਲੁਟੇਰੇ ਕੇਬਲ ਆਪਰੇਟਰ ਬਣ ਕੇ ਫਾਇਨਾਂਸਰ ਦੇ ਘਰ 'ਚ ਦਾਖਲ ਹੋਏ ਅਤੇ ਚਾਕੂ ਦੀ ਨੋਕ 'ਤੇ ਬੰਦੀ ਬਣਾ 12 ਮਿੰਟ 'ਚ ਮਾਂ-ਧੀ ਅਤੇ ਨਣਦ ਦੇ ਪਾਈ ਹੋਈ 4 ਤੋਲੇ ਸੋਨੇ ਦੀ ਜਿਊਲਰੀ ਅਤੇ 8.55 ਲੱਖ ਕੈਸ਼ ਲੁੱਟ ਕੇ ਲੈ ਗਏ। ਵਾਰਦਾਤ ਦੇ ਕੁਝ ਮਿੰਟਾਂ ਬਾਅਦ ਲੁਟੇਰੇ ਅੱਧੇ ਕਿਲੋਮੀਟਰ ਦੀ ਦੂਰੀ 'ਤੇ ਇਕ ਬੈਗ ਛੱਡ ਕੇ ਫਰਾਰ ਹੋ ਗਏ। ਬਰਾਮਦ ਬੈਗ 'ਚ ਪੁਲਸ ਨੂੰ ਕੈਸ਼, 2 ਖੰਜਰ, ਚਿਹਰੇ 'ਤੇ ਬੰਨ੍ਹੇ ਰੁਮਾਲ ਮਿਲੇ ਹਨ, ਜਦੋਂਕਿ ਸੋਨੇ ਦੇ ਗਹਿਣਿਆਂ ਵਾਲਾ ਬੈਗ ਲੁਟੇਰੇ ਆਪਣੇ ਨਾਲ ਲੈ ਗਏ। ਪਤਾ ਲੱਗਣ 'ਤੇ ਡੀ. ਸੀ. ਪੀ. ਕ੍ਰਾਈਮ ਗਗਨ ਅਜੀਤ ਸਿੰਘ, ਏ. ਡੀ. ਸੀ. ਪੀ.-1 ਗੁਰਪ੍ਰੀਤ ਸਿੰਘ, ਏ. ਸੀ. ਪੀ. ਕ੍ਰਾਈਮ ਸੁਰਿੰਦਰ ਮੋਹਨ, ਏ. ਸੀ. ਪੀ. ਸੈਂਟਰ ਮਨਦੀਪ ਸਿੰਘ ਅਤੇ ਥਾਣਾ ਡਵੀਜ਼ਨ ਨੰ. 2 ਦੀ ਪੁਲਸ ਪਾਰਟੀ ਘਟਨਾ ਸਥਾਨ 'ਤੇ ਪਹੁੰਚੀ ਅਤੇ ਜਾਂਚ ਵਿਚ ਜੁਟ ਗਈ । ਦੇਰ ਰਾਤ ਸਮਾਚਾਰ ਲਿਖੇ ਜਾਣ ਤੱਕ ਪੁਲਸ ਅਣਪਛਾਤੇ ਲੁਟੇਰਿਆਂ ਖਿਲਾਫ ਧਾਰਾ 354, 379ਬੀ ਦਾ ਕੇਸ ਦਰਜ ਕਰਨ ਦੀ ਪ੍ਰਕਿਰਿਆ ਪੂਰੀ ਕਰ ਰਹੀ ਸੀ। ਜਾਣਕਾਰੀ ਦਿੰਦੇ ਕਿੰਗ ਪਾਲ ਕਪੂਰ ਨੇ ਦੱਸਿਆ ਕਿ ਉਹ ਫਾਇਨਾਂਸ ਦਾ ਕੰਮ ਕਰਦਾ ਹੈ। ਹਰ ਰੋਜ਼ ਦੀ ਤਰ੍ਹਾਂ ਸੋਮਵਾਰ ਸਵੇਰੇ 10.30 ਵਜੇ ਘਰ ਤੋਂ ਕੰਮ 'ਤੇ ਚਲਾ ਗਿਆ। ਫੀਲਡਗੰਜ ਕੂਚਾ ਨੰ. 16 ਦੀ ਰਹਿਣ ਵਾਲੀ ਭੈਣ ਪ੍ਰੇਮ ਕੁਮਾਰੀ ਸਵੇਰੇ ਮਾਪੇ ਘਰ ਆਈ ਸੀ। ਦੁਪਹਿਰ ਲਗਭਗ 2 ਵਜੇ ਬੇਟੀ ਅਕਸ਼ਾ (7) ਜੋ ਦੂਜੀ ਕਲਾਸ 'ਚ ਪੜ੍ਹਦੀ ਹੈ, ਸਕੂਲ ਤੋਂ ਘਰ ਵਾਪਸ ਆਈ। ਜਿਸ ਦੇ ਬਾਅਦ ਤਿੰਨੇ ਕਮਰੇ ਵਿਚ ਬੈਠ ਕੇ ਗੱਲਾਂ ਕਰ ਰਹੇ ਸਨ। 15 ਮਿੰਟ ਬਾਅਦ ਕਿਸੇ ਨੇ ਮੇਨ ਗੇਟ ਦੀ ਬੈੱਲ ਵਜਾਈ। ਅੰਦਰੋਂ ਪੁੱਛਣ 'ਤੇ ਖੁਦ ਨੂੰ ਕੇਬਲ ਆਪਰੇਟਰ ਦੱਸ ਬਾਕਸ ਚੈੱਕ ਕਰਵਾਉਣ ਨੂੰ ਕਿਹਾ, ਤਦ ਬੇਟੀ ਨੇ ਭੱਜ ਕੇ ਦਰਵਾਜ਼ਾ ਖੋਲ੍ਹ ਦਿੱਤਾ। ਇਸ ਤੋਂ ਪਹਿਲਾਂ ਉਹ ਕੁੱਝ ਸਮਝ ਪਾਉਂਦੇ 3 ਨਾਕਾਬਪੋਸ਼ ਨੌਜਵਾਨਾਂ ਨੇ ਅੰਦਰ ਦਾਖਲ ਹੋ ਗਏ ਅਤੇ ਬੱਚੀ ਦੀ ਗਰਦਨ 'ਤੇ ਖੰਜਰ ਰੱਖ ਦਿੱਤਾ। ਮਾਂ-ਧੀ ਨੂੰ ਛੁਡਾਉਣ ਲਈ ਅੱਗੇ ਵਧੀ ਤਾਂ ਉਸ ਦੇ ਹੱਥ 'ਤੇ ਵਾਰ ਕਰ ਦਿੱਤਾ। ਉਂਗਲੀਆਂ 'ਤੇ ਖੰਜਰ ਲੱਗਣ ਨਾਲ ਮਾਮੂਲੀ ਜ਼ਖ਼ਮੀ ਹੋ ਗਈ। ਲੁਟੇਰਿਆਂ ਨੇ ਭੈਣ ਅਤੇ ਪਤਨੀ ਦੇ ਪਾਈ ਜਿਊਲਰੀ ਉਤਾਰਨ ਨੂੰ ਕਿਹਾ, ਘਬਰਾ ਕੇ ਉਨ੍ਹਾਂ ਨੇ ਸੋਨੇ ਦੇ ਕੰਗਣ, ਟਾਪਸ ,ਅੰਗੂਠੀ ਅਤੇ ਚੇਨ ਉਤਾਰ ਕੇ ਦੇ ਦਿੱਤੀ, ਜਿਸ ਦੇ ਬਾਅਦ ਉਨ੍ਹਾਂ ਨੇ ਘਰ 'ਚ ਪਈ ਨਕਦੀ ਦੇਣ ਨੂੰ ਕਿਹਾ। ਇਸ ਗੱਲ ਤੋਂ ਇਨਕਾਰ ਕਰਨ 'ਤੇ ਉਨ੍ਹਾਂ ਨੇ ਇਕ ਕਮਰੇ ਵਿਚ ਭੈਣ ਨੂੰ ਧੱਕਾ ਮਾਰ ਕੇ ਬਾਹਰ ਤੋਂ ਬੰਦ ਕਰ ਦਿੱਤਾ ਅਤੇ ਬਾਅਦ ਵਿਚ ਮਾਂ-ਧੀ ਦੀ ਗਰਦਨ 'ਤੇ ਚਾਕੂ ਰੱਖ ਕੇ ਪੂਰੇ ਘਰ ਦੀ ਤਾਲਾਸ਼ੀ ਲਈ ਅਤੇ ਅਲਮਾਰੀ ਤੋਂ ਕੈਸ਼ ਚੋਰੀ ਕਰਨ ਤੋਂ ਬਾਅਦ ਦੂਜੇ ਕਮਰੇ ਵਿਚ ਬੰਦ ਕਰ ਕੇ ਬਾਹਰੋਂ ਕੁੰਡੀ ਲਾ ਦਿੱਤੀ। ਫਰਾਰ ਹੁੰਦੇ ਸਮੇਂ ਮੇਨ ਗੇਟ ਨੂੰ ਬਾਹਰ ਤੋਂ ਬੰਦ ਕਰ ਗਏ।
ਅੰਦਰੋਂ ਧੱਕਾ ਮਾਰ ਖੋਲ੍ਹਿਆ ਦਰਵਾਜ਼ਾ, ਬਾਹਰ ਜਾ ਕੇ ਲੋਕਾਂ ਨੂੰ ਕੀਤਾ ਇਕੱਠਾ
ਜਦ ਲੁਟੇਰੇ ਕਮਰਿਆਂ ਨੂੰ ਬਾਹਰ ਤੋਂ ਬੰਦ ਕਰ ਕੇ ਚਲੇ ਗਏ ਤਾਂ ਮਾਂ-ਧੀ ਨੇ ਨਣਦ ਨੂੰ ਆਪਣਾ ਦਰਵਾਜ਼ਾ ਅੰਦਰੋਂ ਧੱਕਾ ਮਾਰ ਕੇ ਖੋਲ੍ਹਣ ਨੂੰ ਕਿਹਾ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਜਿਸ ਕਮਰੇ ਵਿਚ ਪ੍ਰੇਮ ਕੁਮਾਰੀ ਨੂੰ ਬੰਦ ਕੀਤਾ ਹੈ, ਉਸ ਦਾ ਲਾਕ ਮਜ਼ਬੂਤ ਨਹੀਂ। ਲਾਕ ਤੋੜ ਕੇ ਬਾਹਰ ਆਉਂਦੇ ਹੀ ਨਾਲ ਦੇ ਕਮਰੇ ਵਿਚ ਦੀ ਕੁੰਡੀ ਖੋਲ੍ਹ ਮਾਂ-ਧੀ ਨੂੰ ਬਾਹਰ ਕੱਢਿਆ। ਜਿਸਦੇ ਬਾਅਦ ਉਨ੍ਹਾਂ ਨੇ ਮੇਨ ਗੇਟ ਖੋਲ੍ਹਣਾ ਚਾਹਿਆ ਤਾਂ ਬਾਹਰੋਂ ਬੰਦ ਸੀ। ਫਿਰ ਨਾਲ ਦੇ ਕਮਰੇ ਤੋਂ ਗਲੀ 'ਚ ਜਾਣ ਵਾਲੇ ਦਰਵਾਜ਼ੇ ਨੂੰ ਖੋਲ੍ਹ ਕੇ ਰੌਲਾ ਪਾਇਆ।
ਗੁਆਂਢ 'ਚ ਰਹਿਣ ਵਾਲੇ ਨੌਜਵਾਨ ਨੇ ਕੀਤਾ ਪਿੱਛਾ
ਰੌਲਾ ਪਾਉਣ 'ਤੇ ਗੁਆਂਢ 'ਚ ਰਹਿਣ ਵਾਲਾ ਇਕ ਨੌਜਵਾਨ ਲੁਟੇਰਿਆਂ ਦੇ ਪਿੱਛੇ ਲੱਗ ਗਿਆ। ਕੁਝ ਦੂਰੀ 'ਤੇ ਉਸਨੇ 2 ਲੁਟੇਰਿਆਂ ਨੂੰ ਇਕ ਸਾਥ ਭੱਜਦੇ ਦੇਖਿਆ ਤਾਂ ਉਨ੍ਹਾਂ ਦੇ ਕੋਲ ਜਾ ਕੇ ਮੋਟਰਸਾਈਕਲ ਮਾਰਿਆ ਅਤੇ ਇਕ ਲੁਟੇਰਾ ਡਿੱਗ ਪਿਆ। ਜਿਸ ਦੇ ਬਾਅਦ ਦੋਵਾਂ ਨੇ ਘਬਰਾ ਕੇ ਬੈਗ ਛੱਡ ਦਿੱਤਾ ਤੇ ਫਰਾਰ ਹੋ ਗਏ।
4 ਤੋਂ 5 ਲੁਟੇਰੇ, ਇਕ ਕੇਸਧਾਰੀ
ਪੁਲਸ ਸੂਤਰਾਂ ਅਨੁਸਾਰ ਲੁਟੇਰਿਆਂ ਦੀ ਗਿਣਤੀ 4 ਤੋਂ 5 ਹੈ, ਇਨ੍ਹਾਂ 'ਚੋਂ ਇਕ ਕੇਸਧਾਰੀ ਹੈ। ਪੁਲਸ ਦੇ ਹੱਥ ਲੁਟੇਰਿਆਂ ਦੀ ਫੁਟੇਜ ਲੱਗ ਚੁੱਕੀ ਹੈ। ਪੁਲਸ ਸੂਤਰਾਂ ਦੇ ਅਨੁਸਾਰ ਇਕ ਲੁਟੇਰੇ ਦੀ ਪਛਾਣ ਹੋ ਗਈ। ਉਹ ਮੁਹੱਲੇ 'ਚ ਹੀ ਰਹਿਣ ਵਾਲੇ ਇਕ ਨਸ਼ਾ ਸਮੱਗਲਰ ਦਾ ਕਰਿੰਦਾ ਹੈ। ਵਾਰਦਾਤ ਦੇ ਬਾਅਦ ਸਾਰੇ ਵੱਖ-ਵੱਖ ਰਸਤਿਆਂ ਤੋਂ ਫਰਾਰ ਹੋਏ ਹਨ।
ਮੋਬਾਇਲ ਫੋਨ ਲੈ ਗਏ ਨਾਲ
ਲੁਟੇਰੇ ਇਸ ਕਦਰ ਚਲਾਕ ਸਨ ਕਿ ਉਨ੍ਹਾਂ ਦੇ ਫਰਾਰ ਹੋਣ ਦੇ ਬਾਅਦ ਪੁਲਸ ਕੰਟਰੋਲ ਰੂਮ 'ਤੇ ਫੋਨ ਨਾ ਕੀਤਾ ਜਾ ਸਕੇ, ਉਹ ਘਰ 'ਚ ਪਏ ਦੋ ਮੋਬਾਇਲ ਆਪਣੇ ਨਾਲ ਲੈ ਗਏ। ਬਾਅਦ ਵਿਚ ਫੋਨ ਕਰਨ 'ਤੇ ਨੰਬਰ ਬੰਦ ਆ ਰਹੇ ਹਨ।
ਨਣਦ ਛੱਤ 'ਤੇ ਜਾਣ ਲੱਗੀ ਤਾਂ ਫੜ ਕੇ ਹੇਠਾਂ ਸੁੱਟਿਆ
ਨਣਦ ਪ੍ਰੇਮ ਕੁਮਾਰੀ ਦੇ ਅਨੁਸਾਰ ਲੁਟੇਰਿਆਂ ਨੂੰ ਪਹਿਲਾਂ ਪਤਾ ਨਹੀਂ ਲੱਗ ਸਕਿਆ ਕਿ ਉਹ ਘਰ 'ਚ ਮੌਜੂਦ ਹੈ। ਜਦ ਉਹ ਮਾਂ ਬੇਟੀ ਨਾਲ ਉਲਝ ਰਹੇ ਸਨ ਤਾਂ ਉਨ੍ਹਾਂ ਨੇ ਇਕਦਮ ਮਦਦ ਮੰਗਣ ਦੇ ਲਈ ਛੱਤ 'ਤੇ ਜਾਣਾ ਸਹੀ ਸਮਝਿਆ, ਤਾਂ ਕਿ ਮੁਹੱਲੇ ਦੇ ਲੋਕ ਇਕੱਠੇ ਹੋ ਸਕਣ ਪਰ ਜਦ ਉਹ ਪੌੜੀਆਂ ਚੜ੍ਹ ਰਹੀ ਸੀ ਤਾਂ ਪਿੱਛੇ ਤੋਂ ਭੱਜ ਕੇ ਆਏ ਦੋ ਲੁਟੇਰਿਆਂ ਨੇ ਉਸ ਨੂੰ ਫੜ ਲਿਆ ਅਤੇ ਜ਼ਮੀਨ 'ਤੇ ਸੁੱਟ ਦਿੱਤਾ।
ਪਿੱਤਲ ਦਾ ਸਮਝ ਕੇ ਸੁੱਟ ਗਏ ਇਕ ਕੰਗਣ
ਪ੍ਰੇਮ ਕੁਮਾਰੀ ਅਨੁਸਾਰ ਉਸ ਨੇ ਹੱਥ ਵਿਚ ਪਾਏ ਸੋਨੇ ਦੇ ਕੰਗਣ ਉਤਾਰ ਕੇ ਲੁਟੇਰਿਆਂ ਨੂੰ ਦੇ ਦਿੱਤੇ। ਇਕ ਕੰਗਣ ਨੂੰ ਤਾਂ ਉਨ੍ਹਾਂ ਨੇ ਆਪਣੇ ਕੋਲ ਰੱਖ ਲਿਆ, ਜਦੋਂਕਿ ਦੂਜੇ ਸੋਨੇ ਦੇ ਕੰਗਣ ਨੂੰ ਪਿੱਤਲ ਦਾ ਸਮਝ ਕੇ ਜ਼ਮੀਨ 'ਤੇ ਸੁੱਟ ਦਿੱਤਾ।
ਹਸਪਤਾਲਾਂ 'ਚ ਲੱਗੇ ਹੋਰਡਿੰਗਜ਼ 'ਤੇ ਗਲਤ ਫੋਨ ਨੰਬਰਾਂ ਕਾਰਨ ਮਰੀਜ਼ ਪ੍ਰੇਸ਼ਾਨ
NEXT STORY