ਮਲੋਟ (ਜੱਜ, ਜੁਨੇਜਾ) : ਅਕਸਰ ਲੋਕ ਸਮੋਸਿਆਂ ਦੇ ਸ਼ੌਕੀਨ ਹੁੰਦੇ ਹਨ ਅਤੇ ਘਰ 'ਚ ਸਮੋਸੇ ਦੇਖਦੇ ਹੀ ਇਨ੍ਹਾਂ 'ਤੇ ਟੁੱਟ ਪੈਂਦੇ ਹਨ ਪਰ ਮਲੋਟ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਇਨ੍ਹਾਂ ਸਮੋਸਿਆਂ ਕਾਰਨ ਹੀ ਕਿਸੇ ਦੀ ਜਾਨ ਵੀ ਜਾ ਸਕਦੀ ਸੀ। ਅਸਲ 'ਚ ਇਕ ਵਿਅਕਤੀ ਜਦੋਂ ਦੁਕਾਨ ਤੋਂ ਸਮੋਸੇ ਖਰੀਦ ਦੇ ਲੈ ਗਿਆ ਤਾਂ ਇਕ ਸਮੋਸੇ 'ਚੋਂ ਮਰੀ ਹੋਈ ਕਿਰਲੀ ਨਿਕਲੀ, ਜਿਸ ਨੂੰ ਦੇਖ ਪੂਰੇ ਪਰਿਵਾਰ ਦੇ ਹੋਸ਼ ਉੱਡ ਗਏ।
ਜਾਣਕਾਰੀ ਮੁਤਾਬਕ ਰਾਜਾ ਸਿੰਘ ਪੁੱਤਰ ਅਤਰ ਸਿੰਘ ਵਾਸੀ ਸੱਚਾ ਸੌਦਾ ਰੋਡ ਨੇ ਦੱਸਿਆ ਕਿ ਉਹ ਦੁਪਹਿਰ 2 ਵਜੇ ਦੇ ਆਸ-ਪਾਸ ਪੁਰਾਣਾ ਡੱਬਵਾਲੀ ਬੱਸ ਸਟੈਂਡ ਦੇ ਨਜ਼ਦੀਕ ਸਥਿਤ ਇਕ ਸਵੀਟਸ ਸਟੋਰ ਤੋਂ ਆਪਣੇ ਬੱਚਿਆਂ ਦੇ ਖਾਣ ਲਈ ਪੰਜ ਸਮੋਸੇ ਲੈ ਕੇ ਗਿਆ। ਉਸ ਨੇ ਦੱਸਿਆ ਕਿ 4 ਸਮੋਸੇ ਉਸ ਦੇ ਨਿੱਕੇ-ਨਿੱਕੇ ਬੱਚਿਆਂ ਨੇ ਤਾਂ ਖਾ ਲਏ ਅਤੇ ਬਾਕੀ ਬਚਿਆ ਇਕ ਸਮੋਸਾ ਉਸ ਦੀ ਪਤਨੀ ਨੇ ਖਾਣਾ ਸੀ ਪਰ ਉਸ 'ਚੋਂ ਮਰੀ ਹੋਈ ਕਿਰਲੀ ਨਿਕਲੀ, ਜਿਸ ਨੂੰ ਦੇਖ ਸਭ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ।
ਰਾਜਾ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਦੁਕਾਨਦਾਰ ਨੂੰ ਵੀ ਜਾਣੂੰ ਕਰਵਾ ਦਿੱਤਾ ਗਿਆ। ਉਸ ਨੇ ਕਿਹਾ ਕਿ ਜੇਕਰ ਇਹ ਸਮੋਸਾ ਉਹ, ਬੱਚੇ ਜਾਂ ਉਸ ਦੀ ਪਤਨੀ ਖਾ ਲੈਂਦੀ ਤਾਂ ਉਨ੍ਹਾਂ ਦੀ ਜਾਨ ਵੀ ਜਾ ਸਕਦੀ ਸੀ। ਰਾਜਾ ਸਿੰਘ ਨੇ ਇਹ ਵੀ ਦੱਸਿਆ ਕਿ ਚਾਰ ਸਮੋਸੇ ਬੱਚਿਆਂ ਨੇ ਖਾ ਲਏ ਸਨ ਅਤੇ ਪੰਜਵੇਂ ਸਮੋਸੇ 'ਚੋਂ ਕਿਰਲੀ ਨਿਕਲ ਜਾਣ ਕਾਰਨ ਉਨ੍ਹਾਂ ਦੇ ਮਨ 'ਚ ਡਰ ਬੈਠ ਗਿਆ ਹੈ, ਜਿਸ ਕਰ ਕੇ ਉਨ੍ਹਾਂ ਦਾ ਦੁਕਾਨਦਾਰ ਦੀ ਲਾਪਰਵਾਹੀ ਪ੍ਰਤੀ ਭਾਰੀ ਰੋਸ ਹੈ। ਰਾਜਾ ਸਿੰਘ ਅਤੇ ਉਨ੍ਹਾਂ ਦੇ ਭਰਾ ਅੰਗਰੇਜ਼ ਸਿੰਘ ਨੇ ਸਿਹਤ ਵਿਭਾਗ ਤੋਂ ਅਜਿਹੇ ਦੁਕਾਨਦਾਰਾਂ 'ਤੇ ਸਖਤ ਕਾਰਵਾਈ ਕਰ ਕੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਹੈ, ਜੋ ਕਥਿਤ ਤੌਰ 'ਤੇ ਗਾਹਕਾਂ ਦੀ ਸਿਹਤ ਨਾਲ ਖਿਲਵਾੜ ਕਰਨ 'ਚ ਕੋਈ ਕਸਰ ਨਹੀਂ ਛੱਡ ਰਹੇ ।
ਬੱਸ 'ਚ ਸਫਰ ਕਰ ਰਹੀਆਂ ਔਰਤਾਂ ਨਾਲ ਵਾਪਰਿਆ ਭਿਆਨਕ ਹਾਦਸਾ, ਕੈਮਰੇ 'ਚ ਕੈਦ ਹੋਈ ਘਟਨਾ (ਵੀਡੀਓ)
NEXT STORY