ਕਪੂਰਥਲਾ (ਮਲਹੋਤਰਾ, ਗੁਰਵਿੰਦਰ ਕੌਰ)— ਇਤਿਹਾਸਕ ਪਵਿੱਤਰ ਵੇਈਂ ਦੀ ਸਵੱਛਤਾ ਬਹਾਲ ਕਰਨ ਲਈ ਵੱਡੀ ਪੱਧਰ 'ਤੇ ਉਪਰਾਲੇ ਕੀਤੇ ਜਾਣਗੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੇ ਸੋਮਵਾਰ ਪਵਿੱਤਰ ਵੇਈਂ ਦੀ ਗੁਣਵੱਤਾ ਬਹਾਲ ਕਰਨ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਹਾਜ਼ਰੀ 'ਚ ਸਥਾਨਕ ਯੋਜਨਾ ਭਵਨ ਵਿਖੇ ਹੋਈ ਅਹਿਮ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਵੇਈਂ 'ਚ ਪੈਂਦੇ ਪਿੰਡਾਂ ਦੇ ਪਾਣੀ ਨੂੰ ਰੋਕਣ ਲਈ ਕਪੂਰਥਲਾ ਜ਼ਿਲੇ ਦੇ 52 ਪਿੰਡਾਂ 'ਚੋਂ 43 'ਚ ਛੱਪੜ ਬਣਾਏ ਜਾ ਚੁੱਕੇ ਹਨ, ਜਦਕਿ 9 'ਚ ਕੰਮ ਪ੍ਰਗਤੀ ਅਧੀਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ 'ਚੋਂ 34 ਪਿੰਡਾਂ ਦੇ ਛੱਪੜਾਂ ਦੇ ਪਾਣੀ ਨੂੰ ਖੇਤਾਂ ਦੀ ਸਿੰਚਾਈ ਲਈ ਵਰਤਣ ਸਬੰਧੀ ਕੰਮ ਮੁਕੰਮਲ ਹੋ ਚੱਕਾ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿਲੇ ਦੇ 6 ਸ਼ਹਿਰਾਂ ਸੁਲਤਾਨਪੁਰ ਲੋਧੀ, ਕਪੂਰਥਲਾ, ਭੁਲੱਥ, ਬੇਗੋਵਾਲ, ਫਗਵਾੜਾ ਅਤੇ ਰਵਾਲ ਵਿਖੇ ਸੀਵਰੇਜ ਟ੍ਰੀਟਮੈਂਟ ਪਲਾਂਟ ਚਲਾਉਣ ਅਤੇ ਸੋਧੇ ਹੋਏ ਸੀਵਰੇਜ ਨੂੰ ਸਿੰਚਾਈ ਦੇ ਮੰਤਵ ਲਈ ਵਰਤਣ ਸੰਬੰਧੀ ਵਿਚਾਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੇ ਪਿੰਡਾਂ 'ਚ ਕੰਮਾਂ ਸੰਬੰਧੀ ਕੋਈ ਅੜਚਣ ਆ ਰਹੀ ਹੈ, ਉਨ੍ਹਾਂ ਦੀਆਂ ਪੰਚਾਇਤਾਂ ਨਾਲ ਮਿਲ ਕੇ ਇਨ੍ਹਾਂ ਮਸਲਿਆਂ ਦਾ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਧਿਕਾਰੀ ਆਪਣੀ ਪੱਧਰ 'ਤੇ ਤਾਲਮੇਲ ਕਰਕੇ ਰੁਕੇ ਹੋਏ ਕੰਮ ਜਲਦ ਤੋਂ ਜਲਦ ਚਾਲੂ ਕਰਵਾਉਣ ਤਾਂ ਜੋ 2019 ਵਿਚ ਆ ਰਹੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਕੰਮ ਨੂੰ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵੀ ਪਵਿੱਤਰ ਵੇਈਂ ਦੀ ਸਵੱਛਤਾ ਬਹਾਲ ਕਰਨ ਸੰਬੰਧੀ ਵਿਚਾਰ ਪ੍ਰਗਟਾਏ ਅਤੇ ਸੁਝਾਅ ਪੇਸ਼ ਕੀਤੇ। ਇਸ ਮੌਕੇ ਸੰਤ ਸੁਖਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਤਾਰ ਸਿੰਘ ਭੁੱਲਰ, ਐੱਸ. ਡੀ. ਐੱਮ. ਕਪੂਰਥਲਾ ਡਾ. ਨਯਨ ਭੁੱਲਰ, ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਗੁਰਦਰਸ਼ਨ ਕੁੰਡਲ, ਈ. ਓ. ਨਗਰ ਕੌਂਸਲ ਕਪੂਰਥਲਾ ਕੁਲਭੂਸ਼ਨ ਗੋਇਲ, ਏ. ਪੀ. ਓ. ਸਤਨਾਮ ਸਿੰਘ ਤੋਂ ਇਲਾਵਾ ਸਮੂਹ ਬੀ. ਡੀ. ਪੀ. ਓਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
...ਤੇ ਹੁਣ ਭੱਠੀਆਂ 'ਚੋਂ ਨਿਕਲਣ ਵਾਲੇ ਪ੍ਰਦੂਸ਼ਣ ਦੀ ਵੀ ਹੋ ਸਕੇਗੀ ਸੁਚੱਜੀ ਵਰਤੋਂ
NEXT STORY