1 ਕਿਲੋਮੀਟਰ ਸੜਕ ਨੂੰ 20 ਥਾਵਾਂ ਤੋਂ ਪੁੱਟਿਆ

You Are HerePunjab
Saturday, March 11, 2017-1:21 AM

ਬਠਿੰਡਾ(ਪਰਮਿੰਦਰ)-ਬਰਨਾਲਾ ਬਾਈਪਾਸ ਰੋਡ ਤੋਂ ਨਿਕਲਣ ਵਾਲੀ 100 ਫੁੱਟ ਗ੍ਰੀਨ ਪੈਲੇਸ ਵਾਲੀ ਕਰੀਬ 1 ਕਿਲੋਮੀਟਰ ਸੜਕ ਨੂੰ ਪਾਈਪਾਂ ਆਦਿ ਪਾਉਣ ਲਈ 20 ਥਾਵਾਂ ਤੋਂ ਪੁੱਟ ਦਿੱਤਾ ਗਿਆ। ਥਾਂ-ਥਾਂ ਤੋਂ ਪੁੱਟੀ ਗਈ ਇਹ ਸੜਕ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਹੋਈ ਹੈ। ਪਤਾ ਲੱਗਿਆ ਹੈ ਕਿ ਪੁੱਡਾ ਵੱਲੋਂ ਉਕਤ ਸੜਕ 'ਤੇ ਰੋਡ ਗਲੀਆਂ ਬਣਾਈਆਂ ਜਾ ਰਹੀਆਂ ਹਨ, ਜਿਸ ਲਈ ਸੜਕ ਨੂੰ ਕਈ ਥਾਵਾਂ ਤੋਂ ਪੁੱਟ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਸੜਕ ਨੂੰ ਪਾਣੀ ਤੇ ਸੀਵਰੇਜ ਆਦਿ ਦੇ ਕੁਨੈਕਸ਼ਨ ਦੇਣ ਲਈ ਪਹਿਲਾਂ ਵੀ ਕਈ ਥਾਵਾਂ ਤੋਂ ਪੁੱਟ ਦਿੱਤਾ ਗਿਆ ਸੀ ਪਰ ਉਸ ਦੀ ਸਹੀ ਮੁਰੰਮਤ ਨਹੀਂ ਕੀਤੀ ਗਈ। ਇਸ ਕਾਰਨ ਸੜਕ 'ਤੇ ਕਈ ਰੁਕਾਵਟਾਂ ਪੈਦਾ ਹੋ ਗਈਆਂ ਹਨ। ਉਕਤ ਸੜਕ ਤੋਂ ਮਾਡਲ ਟਾਊਨ ਫੇਜ਼ 4 ਤੇ 5, ਟੀਚਰਜ਼ ਕਾਲੋਨੀ, ਢਿੱਲੋਂ ਕਾਲੋਨੀ, ਗ੍ਰੀਨ ਸਿਟੀ ਕਾਲੋਨੀ ਤੇ ਹੋਰ ਨਗਰਾਂ ਦੇ ਹਜ਼ਾਰਾਂ ਲੋਕ ਹਰ ਰੋਜ਼ ਲੰਘਦੇ ਹਨ। ਉਕਤ ਕੰਮ ਕਰ ਰਹੇ ਠੇਕੇਦਾਰ ਤੇ ਮੁਲਾਜ਼ਮਾਂ ਵੱਲੋਂ ਮਨਮਰਜ਼ੀ ਨਾਲ ਸੜਕ ਨੂੰ ਕਿਤੋਂ ਵੀ ਪੁੱਟ ਦਿੱਤਾ ਜਾਂਦਾ ਹੈ ਅਤੇ ਕੋਈ ਵੀ ਚਿਤਾਵਨੀ ਦੇ ਬੋਰਡ ਨਹੀਂ ਲਾਏ ਜਾਂਦੇ। ਇਸ ਕਾਰਨ ਹਾਦਸਾ ਹੋਣ ਦਾ ਡਰ ਵੀ ਬਣਿਆ ਰਹਿੰਦਾ ਹੈ। ਇਹੀ ਨਹੀਂ ਸੜਕ ਪੁੱਟਣ ਕਾਰਨ ਪੂਰਾ ਦਿਨ ਧੂੜ-ਮਿੱਟੀ ਉਡਦੀ ਰਹਿੰਦੀ ਹੈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕ 'ਤੇ ਚੱਲ ਰਹੇ ਕੰਮ ਨੂੰ ਤੁਰੰਤ ਪੂਰਾ ਕਰ ਕੇ ਸੜਕ ਨੂੰ ਦੁਬਾਰਾ ਬਣਾਇਆ ਜਾਵੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਕੀ ਕਹਿੰਦੇ ਹਨ ਕੌਂਸਲਰ
ਇਸ ਬਾਰੇ ਵਾਰਡ ਕੌਂਸਲਰ ਸੁਖਦੇਵ ਸਿੰਘ ਬਰਾੜ ਨੇ ਕਿਹਾ ਕਿ ਪੁੱਡਾ ਵੱਲੋਂ ਰੋਡ ਗਲੀਆਂ ਬਣਾਉਣ ਲਈ ਸੜਕ ਨੂੰ ਪੁੱਟਿਆ ਜਾ ਰਿਹਾ ਹੈ। ਬੇਸ਼ੱਕ ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਇਸ ਦੀ ਜ਼ਿੰਮੇਵਾਰੀ ਪੁੱਡਾ ਦੀ ਹੈ। ਉਨ੍ਹਾਂ ਕਿਹਾ ਕਿ ਕੌਂਸਲਰਾਂ ਜਾਂ ਨਗਰ ਨਿਗਮ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.