ਅੱਧੇ ਘੰਟੇ ਦੇ ਮੀਂਹ ਮਗਰੋਂ ਸ਼ਹਿਰ ਹੋਇਆ ਪਾਣੀ-ਪਾਣੀ .... !!

You Are HerePunjab
Saturday, March 11, 2017-4:54 AM

ਖੰਨਾ (ਸੁਨੀਲ)-ਪੂਰੇ ਖੰਨਾ ਸ਼ਹਿਰ 'ਚ ਸੀਵਰੇਜ ਅਤੇ ਪਾਣੀ ਦੀ ਨਿਕਾਸੀ ਚੋਣਾਂ 'ਚ ਅਹਿਮ ਮੁੱਦਾ ਬਣਿਆ ਰਿਹਾ ਪਰ ਹੁਣ ਲੋਕਾਂ ਨੂੰ ਇਹ ਸਿਰਫ ਚੋਣ ਮੁੱਦੇ ਤੋਂ ਵੱਧ ਹੋਰ ਕੁੱਝ ਵੀ ਨਹੀਂ ਲੱਗ ਰਿਹਾ। ਆਉਣ ਵਾਲੀ ਨਵੀਂ ਸਰਕਾਰ ਖੰਨਾ ਸ਼ਹਿਰ ਵਾਸੀਆਂ ਦੇ ਲਈ ਸਭ ਤੋਂ ਵੱਡੀ ਮੁਸ਼ਕਲ ਮੰਨੇ ਜਾਂਦੇ ਸੀਵਰੇਜ ਅਤੇ ਬਰਸਾਤੀ/ਗੰਦੇ ਪਾਣੀ ਦੀ ਨਿਕਾਸੀ ਤੇ ਕੀਤੇ ਵੱਡੇ-ਵੱਡੇ ਐਲਾਨਾ 'ਤੇ ਕਿੰਨਾ ਕੁ ਪੂਰਾ ਉਤਰਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਸੀਵਰੇਜ ਸਮੱਸਿਆ ਅਤੇ ਬਰਸਾਤੀ ਪਾਣੀ ਖੰਨਾ ਵਾਸੀਆਂ ਦੇ ਲਈ ਗਲੇ ਦੀ ਹੱਡੀ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਅੱਜ ਹੋਈ ਅੱਧੇ ਘੰਟੇ ਦੀ ਬਰਸਾਤ ਦੇ ਨਾਲ ਹੀ ਪੂਰੇ ਖੰਨਾ ਸ਼ਹਿਰ ਦੇ ਵਧੇਰੇ ਮੁਹੱਲੇ ਅਤੇ ਬਾਜ਼ਾਰ 'ਚ ਪਾਣੀ ਭਰ ਗਿਆ।
ਸਾਰੇ ਬਾਜ਼ਾਰ ਹੋਏ ਜਲ-ਥਲ
ਰੁਕ-ਰੁਕ ਕੇ ਪੈ ਰਹੀ ਬਾਰਿਸ਼ ਨੇ ਸੁਭਾਸ਼ ਬਾਜ਼ਾਰ, ਚਾਂਦਲਾ ਮਾਰਕੀਟ, ਜੀ. ਟੀ. ਬੀ. ਮਾਰਕੀਟ, ਗੁਰੂ ਅਮਰਦਾਸ ਮਾਰਕੀਟ, ਕਰਨੈਲ ਸਿੰਘ ਰੋਡ, ਕਿਤਾਬ ਬਾਜ਼ਾਰ ਨੂੰ ਜਲ ਥਲ ਕਰਕੇ ਰੱਖ ਦਿੱਤਾ, ਜਿਸ ਕਾਰਨ ਖਰੀਦੋ ਫਰੋਖਤ ਕਰਨ ਆਏ ਗਾਹਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਮਾੜੇ ਪ੍ਰਬੰਧਾਂ ਨੂੰ ਲੈ ਕੇ ਦੁਕਾਨਦਾਰ ਅਤੇ ਗਾਹਕ ਦੋਵੇਂ ਹੀ ਨਗਰ ਕੌਂਸਲ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਨੂੰ ਕੋਸਦੇ ਨਜ਼ਰ ਆਏ। ਦੱਸ ਦੇਈਏ ਕਿ ਜਿੱਥੇ ਮੀਂਹ ਨੇ ਗਾਹਕਾਂ ਦੀ ਗਿਣਤੀ ਘਟਾਈ, ਉਥੇ ਥਾਂ-ਥਾਂ ਖੜ੍ਹੇ ਗੰਦੇ ਪਾਣੀ ਕਾਰਨ ਵੀ ਲੋਕਾਂ ਨੇ ਬਾਜ਼ਾਰਾਂ ਵਿਚ ਜਾਣ ਤੋਂ
ਪ੍ਰਹੇਜ਼ ਕੀਤਾ।
ਬੱਸ ਸਟੈਂਡ ਵੀ ਹੋਇਆ ਪਾਣੀ-ਪਾਣੀ
ਜਿੱਥੇ ਨਗਰ ਕੌਂਸਲ ਹਰ ਦਿਨ ਵਿਕਾਸ ਕਾਰਜਾਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣਦੀ ਹੈ, ਉਥੇ ਪਿਛਲੇ ਕਈ ਸਾਲਾਂ ਤੋਂ ਸਥਾਨਕ ਬੱਸ ਸਟੈਂਡ ਦੇ ਰੁਕੇ ਨਿਰਮਾਣ ਕਾਰਜਾਂ ਕਰਕੇ ਵੀ ਨਗਰ ਕੌਂਸਲ ਦੀ ਕਾਫੀ ਕਿਰਕਰੀ ਹੋ ਰਹੀ ਹੈ। ਅੱਜ ਦੇ ਮੀਂਹ ਨੇ ਬੱਸ ਸਟੈਂਡ ਨੂੰ ਤਲਾਬ ਵਿਚ ਬਦਲ ਦਿੱਤਾ ਹੈ, ਜਿਸ ਕਾਰਨ ਆਉਣ-ਜਾਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਲਲਹੇੜੀ ਰੋਡ ਦੇ ਮੁਹੱਲੇ ਬਣੇ ਨਰਕ
ਵਿਧਾਨ ਸਭਾ ਚੋਣਾਂ 'ਚ ਲਾਈਨੋਂ ਪਾਰ ਸੀਵਰੇਜ ਦਾ ਮੁੱਦਾ ਸਿਆਸੀ ਪਾਰਟੀਆਂ ਦੇ ਲਈ ਖਾਸ ਅਹਿਮੀਅਤ ਵਾਲਾ ਸੀ ਕਿਉਂਕਿ ਸ਼ਹਿਰ ਦੀ ਆਬਾਦੀ ਦਾ ਇਕ ਵੱਡਾ ਹਿੱਸਾ ਸੀਵਰੇਜ ਦੀ ਅਣਹੋਂਦ ਕਾਰਨ ਮੁਸ਼ਕਲਾਂ ਭਰਿਆ ਜੀਵਨ ਜਿਉਣ ਦੇ ਲਈ ਮਜਬੂਰ ਹੈ ਅਤੇ ਹਰ ਸਿਆਸੀ ਪਾਰਟੀ ਨੇ ਇਸ ਮੁੱਦੇ ਨੂੰ ਹੱਥੋਂ-ਹੱਥ ਲੈਂਦੇ ਹੋਏ ਇਥੋਂ ਦੇ ਵਸਨੀਕਾਂ ਨੂੰ ਆਪਣੇ ਹੱਲ 'ਚ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਪਰ ਅੱਜ ਇਕ ਵਾਰ ਫਿਰ ਖੰਨਾ ਦੇ ਲਲਹੇੜੀ ਰੋਡ 'ਤੇ ਸਥਿਤ ਗੁਰੂ ਤੇਗ ਬਹਾਦਰ ਨਗਰ, ਨੰਦੀ ਕਾਲੋਨੀ, ਜਗਤ ਕਾਲੋਨੀ, ਗੋਦਾਮ ਰੋਡ, ਅਜ਼ਾਦ ਨਗਰ ਨੂੰ ਜੇਕਰ ਇੰਝ ਕਿਹਾ ਜਾਵੇ ਕਿ ਇਹ ਮੀਂਹ ਤੋਂ ਬਾਅਦ ਨਰਕ 'ਚ ਬਦਲ ਗਏ ਹਨ।
ਪਾਸ਼ ਇਲਾਕਿਆਂ ਦਾ ਵੀ ਮਾੜਾ ਹਾਲ
ਖੰਨਾ ਦੇ ਪਾਸ਼ ਇਲਾਕਿਆਂ, ਜਿਨ੍ਹਾਂ 'ਚ ਨਵੀਂ ਆਬਾਦੀ, ਨਰੋਤਮ ਨਗਰ, ਬੈਂਕ ਕਾਲੋਨੀ ਸ਼ਾਮਲ ਹੈ, ਵਿਖੇ ਵੀ ਲੋਕਾਂ ਨੂੰ ਗੰਦੇ ਪਾਣੀ ਅਤੇ ਮਾੜੇ ਪ੍ਰਬੰਧਾਂ ਨਾਲ ਦੋ ਚਾਰ ਹੋਣਾ ਪਿਆ। ਉਪਰੋਕਤ ਮੁਹੱਲਾ ਨਿਵਾਸੀ ਅਸ਼ੋਕ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਨੇ ਆਪਣਾ ਮਕਾਨ ਬਣਾਉਣ ਦੇ ਲਈ ਲੱਖਾਂ ਰੁਪਏ ਖਰਚ ਕਰ ਦਿੱਤੇ ਹਨ ਪਰ ਪਾਣੀ ਦੇ ਮਾੜੇ ਨਿਕਾਸ ਪ੍ਰਬੰਧਾਂ ਸਦਕਾ ਲੱਖਾਂ ਰੁਪਏ ਖਰਾਬ ਹੋਏ ਜਾਪਦੇ ਹਨ। ਉਨ੍ਹਾਂ ਦੱਸਿਆ ਕਿ ਬਾਰਿਸ਼ ਉਨ੍ਹਾਂ ਦੇ ਲਈ ਇਕ ਆਫਤ ਦੇ ਰੂਪ 'ਚ ਆਉਂਦੀ ਹੈ ਅਤੇ ਹਰ ਵਾਰ ਬਾਰਿਸ਼ ਨਾਲ ਉਨ੍ਹਾਂ ਨੂੰ ਦੋ-ਚਾਰ ਹੋਣਾ ਪੈਂਦਾ ਹੈ। ਭਾਵੇਂ ਨਗਰ ਕੌਂਸਲ ਵੱਲੋਂ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਅੱਜ ਇਨ੍ਹਾਂ ਸਾਰੇ ਦਾਅਵਿਆਂ ਤੇ ਮੀਂਹ ਦਾ ਪਾਣੀ ਫਿਰ ਗਿਆ। ਸ਼ਹਿਰ ਵਿਚ ਥਾਂ-ਥਾਂ 'ਤੇ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਇਸ 'ਚੋਂ ਲੰਘਦੇ ਹੋਏ ਹੀ ਆਪਣੀ ਮੰਜ਼ਿਲ ਵੱਲ ਵਧਣਾ ਪਿਆ। ਉਥੇ ਕੁੱਝ ਵਾਹਨ/ਸਾਈਕਲ ਚਾਲਕਾਂ ਦੀ ਇਸ ਪਾਣੀ ਕਾਰਨ ਡਿਗਦੇ ਹੋਏ ਜ਼ਖਮੀ ਹੋਣ ਦੀ ਵੀ ਖ਼ਬਰ ਹੈ, ਜਿਸ ਕਾਰਨ ਮੀਂਹ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਦੇ ਸ਼ਹਿਰ ਵਾਸੀ ਨਗਰ ਕੌਂਸਲ ਅਤੇ ਸਥਾਨਕ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ । ਸ਼ਹਿਰ 'ਚ ਖੁੰਡ ਚਰਚਾ ਦਾ ਵਿਸ਼ਾ ਰਿਹਾ ਕਿ ਜੇਕਰ ਇੰਨੇ ਕੁ ਮੀਂਹ ਦੇ ਨਾਲ ਇਹ ਹਾਲ ਹੈ ਤਾਂ ਬਰਸਾਤ ਵਿਚ ਤਾਂ ਸ਼ਹਿਰ ਦਾ ਰੱਬ ਹੀ ਰਾਖਾ ਹੋਵੇਗਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.