ਬੱਲਾ ਰਾਮ ਨਗਰ ਦੀ ਹਾਲਤ ਬਦ ਤੋਂ ਬਦਤਰ ਹੋ ਸਕਦੀ ਹੈ!

You Are HerePunjab
Tuesday, March 21, 2017-2:01 AM

ਬਠਿੰਡਾ(ਜ.ਬ.)-ਭਾਜਪਾ ਦੀ ਸਵੱਛ ਭਾਰਤ ਮੁਹਿੰਮ'ਤੇ ਉਦੋਂ ਰੋਣਾ ਆ ਜਾਂਦਾ ਹੈ, ਜਦੋਂ ਕਿਧਰੇ ਗੰਦਗੀ ਫੈਲੀ ਹੋਵੇ ਜਾਂ ਸੀਵਰੇਜ ਓਵਰਫਲੋਅ ਹੋ ਕੇ ਲੋਕਾਂ ਲਈ ਮੁਸੀਬਤ ਬਣਿਆ ਹੋਵੇ। ਜਿਵੇਂ ਕਿ ਕੁਝ ਦਿਨਾਂ ਤੋਂ ਬੱਲਾ ਰਾਮ ਨਗਰ ਦੀ ਮੁੱਖ ਸੀਵਰੇਜ ਪਾਈਪ ਬੰਦ ਹੋ ਗਈ ਹੈ ਤੇ ਇਲਾਕੇ ਦੀ ਮੁੱਖ ਸੜਕ 'ਤੇ ਗੰਦਾ ਪਾਣੀ ਭਰ ਚੁੱਕਾ ਹੈ। ਜਦਕਿ ਪਿਛਲੇ ਖੇਤਰਾਂ 'ਚ ਓਵਰਫਲੋਅ ਸ਼ੁਰੂ ਹੋ ਚੁੱਕਾ ਹੈ। ਵੈਸੇ ਤਾਂ ਅਕਾਲੀ-ਭਾਜਪਾ ਸਰਕਾਰ ਆਪਣੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਦੀ ਸਵੱਛ ਭਾਰਤ ਮੁਹਿੰਮ ਦਾ ਗੁਣਗਾਨ ਹੀ ਕਰਦੀ ਰਹੀ ਹੈ ਪਰ ਇਸ ਪਾਸੇ ਧਿਆਨ ਦੇਣ ਦੀ ਉੱਕਾ ਹੀ ਲੋੜ ਨਹੀਂ ਸਮਝੀ ਗਈ, ਜਿਸ ਕਾਰਨ ਇਸ ਦੇ ਵਿਕਾਸ ਕਾਰਜ ਕਈ ਥਾਵਾਂ 'ਤੇ ਲੋਕਾਂ ਲਈ ਮੁਸੀਬਤ ਬਣ ਰਹੇ ਹਨ। ਨਗਰ ਨਿਗਮ ਬਠਿੰਡਾ 'ਤੇ ਤਾਂ ਅਜੇ ਵੀ ਅਕਾਲੀ-ਭਾਜਪਾ ਹੀ ਹੈ, ਜਿਸ ਦਾ ਹਾਲ ਬਹੁਤਾ ਚੰਗਾ ਨਜ਼ਰ ਨਹੀਂ ਆ ਰਿਹਾ।
6 ਲੇਨ ਬਰਨਾਲਾ ਬਾਈਪਾਸ ਸੜਕ ਉਸਾਰੀ ਅਧੀਨ ਹੈ। ਠੇਕੇਦਾਰਾਂ ਦੀ ਅਣਗਹਿਲੀ ਸਦਕਾ ਰੇਤਾ ਤੇ ਬੱਜਰੀ ਸੀਵਰੇਜ ਦੀਆਂ ਪਾਈਪਾਂ 'ਚ ਫਸ ਰਹੀ ਹੈ, ਜਿਸ ਕਾਰਨ ਬੱਲਾ ਰਾਮ ਨਗਰ ਦੀ ਮੁੱਖ ਸੀਵਰੇਜ ਪਾਈਪ ਬੰਦ ਹੋ ਗਈ ਹੈ। ਸਿੱਟੇ ਵਜੋਂ ਬੱਲਾ ਰਾਮ ਨਗਰ ਦੀ ਮੁੱਖ ਰੋਡ ਗੰਦੇ ਪਾਣੀ 'ਚ ਡੁੱਬ ਗਈ ਹੈ, ਜਿਥੋਂ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ।
ਜੇਕਰ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਮੁੱਖ ਸੀਵਰੇਜ ਦੀ ਪਾਈਪ ਖੋਲ੍ਹਣ ਖਾਤਰ ਇਕ ਵੱਡਾ ਟੋਇਆ ਪੁੱਟਣਾ ਪਵੇਗਾ, ਜਿਸ ਕਾਰਨ ਬਰਨਾਲਾ ਬਾਈਪਾਸ ਅਤੇ ਬੱਲਾ ਰਾਮ ਨਗਰ ਦਾ ਟ੍ਰੈਫਿਕ ਕਈ ਦਿਨਾਂ ਲਈ ਬੰਦ ਹੋ ਜਾਵੇਗਾ, ਜੋ ਕਿ ਹੋਰ ਵੀ ਵੱਡੀ ਸਮੱਸਿਆ ਹੈ।
ਇਥੇ ਹੀ ਬਸ ਨਹੀਂ, ਬੱਲਾ ਰਾਮ ਨਗਰ ਦੀਆਂ ਸਾਰੀਆਂ ਗਲੀਆਂ ਅਤੇ ਨਾਲ ਲੱਗਦੇ ਬਾਕੀ ਇਲਾਕਿਆਂ 'ਚ ਵੀ ਸੀਵਰੇਜ ਓਵਰਫਲੋਅ ਹੋਣ ਲੱਗਾ ਹੈ। ਅਗਲੇ 2-3 ਦਿਨਾਂ 'ਚ ਸਾਰੀਆਂ ਗਲੀਆਂ 'ਚ ਗੰਦਾ ਪਾਣੀ ਭਰਨ ਦੀ ਸੰਭਾਵਨਾ ਬਣ ਗਈ ਹੈ। ਇਲਾਕੇ 'ਚ ਬਦਬੂ ਵੀ ਫੈਲ ਰਹੀ ਹੈ, ਜਿਸ ਕਾਰਨ ਬੀਮਾਰੀਆਂ ਫੈਲਣ ਦਾ ਖਤਰਾ ਵੀ ਬਣ ਸਕਦਾ ਹੈ।
ਰੇਤਾ ਤੇ ਬੱਜਰੀ ਫਸਣ ਨਾਲ ਬੰਦ ਹੋਇਆ ਸੀਵਰੇਜ : ਮੇਅਰ
-ਮੇਅਰ ਬਲਵੰਤ ਰਾਏ ਨਾਥ ਨੇ ਕਿਹਾ ਕਿ ਸਮੱਸਿਆ ਬਹੁਤ ਗੰਭੀਰ ਹੈ, ਇਸ ਲਈ ਉਹ ਜਲਦੀ ਹੀ ਲੋੜੀਂਦੇ ਕਦਮ ਚੁੱਕਣਗੇ। ਰੇਤਾ ਤੇ ਬੱਜਰੀ ਫਸਣ ਨਾਲ ਉਕਤ ਸੀਵਰੇਜ ਪਾਈਪ ਬੰਦ ਹੋਈ ਹੈ, ਜਿਸ ਦੇ ਹੱਲ ਖਾਤਰ ਉਹ ਟੀਮਾਂ ਤਾਇਨਾਤ ਕਰ ਰਹੇ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.