ਮੇਨ ਬਾਜ਼ਾਰ ਦਾ ਰੱਬ ਰਾਖਾ, ਟ੍ਰੈਫਿਕ ਵਿਭਾਗ ਕੁੰਭਕਰਨੀ ਨੀਂਦ ਸੁੱਤਾ

You Are HerePunjab
Sunday, April 16, 2017-12:50 AM

ਮੱਖੂ (ਵਾਹੀ)-ਮੇਨ ਬਾਜ਼ਾਰ ਬੀਤੇ ਲੰਮੇ ਸਮੇਂ ਤੋਂ ਭਾਰੀ ਟ੍ਰੈਫਿਕ ਸਮੱਸਿਆ ਨਾਲ ਜੂਝ ਰਿਹਾ ਹੈ ਤੇ ਸਾਰਾ ਦਿਨ ਬਾਜ਼ਾਰ ਵਿਚ ਵੱਡੇ ਵਾਹਨ ਬਿਨਾਂ ਕਿਸੇ ਰੋਕ-ਟੋਕ ਦੇ ਜਾਮ ਲਾਈ ਰੱਖਦੇ ਹਨ, ਜਿਸ ਕਾਰਨ ਸਥਾਨਕ ਦੁਕਾਨਦਾਰਾਂ ਤੋਂ ਇਲਾਵਾ ਖ੍ਰੀਦਦਾਰੀ ਕਰਨ ਆਏ ਗਾਹਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਤੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਇਸ ਬਾਜ਼ਾਰ 'ਚ ਕੁਝ ਕਰਿਆਨੇ ਦੇ ਹੋਲਸੇਲਰ ਆਪਣਾ ਕਾਰੋਬਾਰ ਕਰਦੇ ਹਨ ਤੇ ਇਨ੍ਹਾਂ ਹੋਲਸੇਲਰਾਂ ਨੇ ਮੇਨ ਬਾਜ਼ਾਰ ਵਿਚ ਹੀ ਆਪਣੇ ਗੋਦਾਮ ਬਣਾਏ ਹੋਏ ਹਨ, ਜਿਥੇ ਇਨ੍ਹਾਂ ਦਾ ਮਾਲ ਸਾਰਾ ਦਿਨ ਅਨੇਕਾਂ ਟਰੱਕਾਂ, ਟੈਂਪੂਆਂ ਤੇ ਹੋਰ ਵਾਹਨਾਂ ਰਾਹੀਂ ਮੇਨ ਬਾਜ਼ਾਰ ਵਿਚ ਉੱਤਰਦਾ ਹੈ, ਤੇ ਫਿਰ ਇਹ ਮਾਲ ਦੂਸਰੇ ਕਸਬਿਆਂ ਤੇ ਸ਼ਹਿਰਾਂ ਵਿਚ ਭੇਜਣ ਲਈ ਇਹ ਬਾਜ਼ਾਰ ਵਿਚ ਸਾਰਾ ਦਿਨ ਅਣ-ਅਧਿਕਾਰਤ ਵਾਹਨ ਲਾਈ ਰੱਖਦੇ ਹਨ, ਜਿਸ ਕਾਰਨ ਸਾਰਾ ਦਿਨ ਬਾਜ਼ਾਰ ਵਿਚ ਟ੍ਰੈਫਿਕ ਜਾਮ ਰਹਿੰਦਾ ਹੈ ਤੇ ਸੈਂਕੜੇ ਦੂਜੇ ਦੁਕਾਨਦਾਰ ਪ੍ਰੇਸ਼ਾਨੀ ਦੇ ਆਲਮ ਵਿਚ ਰਹਿੰਦੇ ਹਨ। ਓਧਰ, ਇਸ ਸਬੰਧੀ ਜਿਥੇ ਟ੍ਰੈਫਿਕ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਉਥੇ ਨਗਰ ਪੰਚਾਇਤ ਮੱਖੂ ਵੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੀ। ਹਾਈਕੋਰਟ ਵੱਲੋਂ ਭਾਵੇਂ ਪੀਟਰ ਰੇਹੜਿਆਂ 'ਤੇ ਰੋਕ ਲਾਈ ਹੋਈ ਹੈ ਪਰ ਫਿਰ ਵੀ ਇਹ ਪੀਟਰ ਰੇਹੜੇ ਹੁਕਮਾਂ ਦੀ ਧੱਜੀਆਂ ਉਡਾਉਂਦੇ ਆਮ ਵੇਖੇ ਜਾਂਦੇ ਹਨ।
ਵੱਡੇ ਵਾਹਨਾਂ ਦੀ ਐਂਟਰੀ 'ਤੇ ਪਾਬੰਦੀ ਲਾਉਣ ਦੀ ਮੰਗ
ਦੁਕਾਨਦਾਰਾਂ ਤੋਂ ਇਲਾਵਾ ਪੂਰੇ ਇਲਾਕੇ ਦੀ ਮੰਗ ਹੈ ਕੇ ਬਾਜ਼ਾਰ ਦੀ ਇਸ ਮੁਸ਼ਕਲ ਵੱਲ ਧਿਆਨ ਦੇ ਕੇ ਮੇਨ ਬਾਜ਼ਾਰ ਵਿਚ ਦੂਜੇ ਸ਼ਹਿਰਾਂ ਦੀ ਤਰ੍ਹਾਂ ਬਾਜ਼ਾਰ ਦੇ ਦੋਵੇਂ ਪਾਸੇ ਗਾਰਡਰ ਲਾਏ ਜਾਣ ਜਾਂ ਚਾਰ ਤੇ ਛੇ-ਪਹੀਆ ਵਾਹਨਾਂ ਦੀ ਐਂਟਰੀ ਸਮਾਂਬੱਧ ਕੀਤੀ ਜਾਵੇ ਤਾਂ ਜੋ ਆਮ ਪਬਲਿਕ ਦੀ ਪ੍ਰੇਸ਼ਾਨੀ ਦਾ ਹੱਲ ਹੋ ਸਕੇ ।
ਕੀ ਕਹਿਣਾ ਹੈ ਨਗਰ ਪੰਚਾਇਤ ਦੇ ਪ੍ਰਧਾਨ ਦਾ
ਬਾਜ਼ਾਰ ਦੀ ਇਸ ਸਮੱਸਿਆ ਸਬੰਧੀ ਜਦ ਨਗਰ ਪੰਚਾਇਤ ਦੇ ਪ੍ਰਧਾਨ ਅਜ਼ਮੇਰ ਸਿੰਘ ਕਾਲੜਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਦੇ ਹੱਲ ਲਈ ਉਚੇਚੇ ਕਦਮ ਚੁੱਕਣਗੇ ਤੇ ਕਮੇਟੀ ਵਿਚ ਮਤਾ ਪਾਸ ਕਰਕੇ ਬਾਜ਼ਾਰ ਵਿਚ ਟ੍ਰੈਫਿਕ ਸਮੱਸਿਆ ਦਾ ਹੱਲ ਕੱਢਿਆ ਜਾਵੇਗਾ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.