ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਲੋਕਾਂ ਵਲੋਂ ਨਾਅਰੇਬਾਜ਼ੀ

You Are HerePunjab
Friday, April 21, 2017-1:49 AM

ਬੁਢਲਾਡਾ(ਬਾਂਸਲ)-ਨਾਲੀਆਂ ਅਤੇ ਸੀਵਰੇਜ ਦਾ ਜ਼ਹਿਰੀਲਾ ਪਾਣੀ ਓਵਰਫਲੋਅ ਹੋ ਕੇ ਗਲੀਆਂ 'ਚ ਕਈ-ਕਈ ਫੁੱਟ ਜਮ੍ਹਾ ਹੋਣ ਅਤੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕਰਨ ਉਪਰੰਤ ਕੋਈ ਸੁਣਵਾਈ ਨਾ ਹੋਣ ਦੇ ਦੋਸ਼ ਹੇਠ ਅੱਜ ਸਥਾਨਕ ਸ਼ਹਿਰ ਦੇ ਵਾਰਡ ਨੰਬਰ 19 ਦੇ ਨਿਵਾਸੀਆਂ ਵੱਲੋਂ ਸਾਬਕਾ ਕੌਂਸਲਰ ਦੀ ਹਾਜ਼ਰੀ 'ਚ ਸਰਕਾਰ ਅਤੇ ਪ੍ਰਸ਼ਾਸਨ ਵਿੱਰੁਧ ਰੋਹ ਭਰਭੂਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵਿਧਾਇਕ ਬੁੱਧ ਰਾਮ ਨੇ ਮੌਕੇ 'ਤੇ ਪਹੁੰਚ ਕੇ ਵਾਰਡ ਵਾਸੀਆਂ ਤੋਂ ਦਰਪੇਸ਼ ਸਮੱਸਿਆਵਾਂ ਸੁਣੀਆਂ। ਵਾਰਡ ਦੇ ਸਾਬਕਾ ਕੌਂਸਲਰ ਜੀਤਾ ਰਾਮ, ਅਮਰਜੀਤ ਸਿੰਘ, ਪਵਨ ਕੁਮਾਰ, ਦਰਸ਼ਨ ਸਿੰਘ, ਦੇਵ ਰਾਜ ਨੇ ਰੋਸ ਭਰੇ ਲਹਿਜੇ 'ਚ ਕਿਹਾ ਕਿ ਇਸ ਮੁਹੱਲੇ ਦੇ ਸੈਂਕੜੇ ਨਿਵਾਸੀ ਪ੍ਰਸ਼ਾਸਨ ਅਤੇ ਸਰਕਾਰ ਦੀ ਬੇਰੁਖੀ ਕਾਰਨ ਨਰਕ ਭਰਿਆ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਸ ਮੁਹੱਲੇ ਦੀ ਸੀਵਰੇਜ ਅਤੇ ਨਿਕਾਸੀ ਵਿਵਸਥਾ ਬੁਰੀ ਤਰ੍ਹਾਂ ਤਹਿਸ ਨਹਿਸ ਹੋ ਚੁੱਕੀ ਹੈ, ਜਿਸ ਕਾਰਨ ਨਾਲੀਆਂ ਦਾ ਜ਼ਹਿਰੀਲਾ ਅਤੇ ਬਦਬੂਦਾਰ ਪਾਣੀ ਓਵਰਫਲੋਅ ਹੋ ਕੇ ਗਲੀਆਂ 'ਚ ਦਾਖਲ ਹੋਣ ਤੋਂ ਇਲਾਵਾ ਜਿੱਥੇ ਨੀਵੇਂ ਘਰਾਂ ਅੰਦਰ ਦਾਖਲ ਹੋ ਰਿਹਾ ਹੈ ਉਥੇ ਕੱਚੇ ਮਕਾਨਾਂ ਦੀਆਂ ਬਾਹਰਲੀਆਂ ਕੰਧਾਂ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਇੱਥੇ ਹੀ ਬਸ ਨਹੀਂ, ਗਲੀ 'ਚ ਪਾਣੀ ਜਮ੍ਹਾ ਹੋਣ ਕਾਰਨ ਜਿਥੇ ਘਰ ਦੀਆਂ ਔਰਤਾਂ, ਬੱਚੇ ਘਰਾਂ 'ਚ ਹੀ ਕੈਦ ਹੋ ਕੇ ਰਹਿ ਗਏ ਹਨ ਉਥੇ ਸਲੱਮ ਬਸਤੀ ਦੇ ਬੱਚੇ ਵੀ ਕਈ ਦਿਨਾਂ ਤੋਂ ਸਕੂਲ ਨਹੀਂ ਜਾ ਸਕੇ। ਉਨ੍ਹਾਂ ਕਿਹਾ ਕਿ ਬੀਮਾਰ ਬਜ਼ੁਰਗਾਂ ਨੂੰ ਬੀਮਾਰੀ ਦੇ ਕਾਰਨ ਦਵਾਈ ਲੈਣ ਲਈ ਖੜ੍ਹੇ ਪਾਣੀ 'ਚੋਂ ਦੀ ਲੰਘਣਾ ਪੈਂਦਾ ਹੈ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਭਾਰੀ ਸੰਖਿਆ 'ਚ ਜਮ੍ਹਾ ਹੋਏ ਮੱਛਰਾਂ ਕਾਰਨ ਗੰਭੀਰ ਬੀਮਾਰੀਆਂ ਫੈਲਣ ਦਾ ਖਤਰਾ ਵੀ ਵਧਦਾ ਜਾ ਰਿਹਾ ਹੈ। ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਬਣਦੀਆਂ ਸਹੂਲਤਾਂ ਤਾਂ ਦੂਰ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਦੇਣ 'ਚ ਵੀ ਸਰਕਾਰ ਨਾਕਾਮ ਹੋ ਚੁੱਕੀ ਹੈ। ਉਨ੍ਹਾਂ ਮੰਗ ਕੀਤੀ ਕਿ ਵਾਰਡ ਵਾਸੀਆਂ ਨਾਲ ਮਤਰੇਈ ਮਾਂ ਵਰਗਾ ਸਲੂਕ ਕਰਨਾ ਬੰਦ ਕੀਤਾ ਜਾਵੇ।
ਕੀ ਕਹਿਣਾ ਹੈ ਕਾਰਜਸਾਧਕ ਅਫਸਰ ਦਾ
ਕਾਰਜਸਾਧਕ ਅਫਸਰ ਪਵਿੰਦਰ ਸਿੰਘ ਭੱਟੀ ਨੇ ਕਿਹਾ ਕਿ ਵਾਰਡ 'ਚ ਸੀਵਰੇਜ ਦੇ ਪਾਣੀ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ ਪਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਫੌਰੀ ਤੌਰ 'ਤੇ ਸੂਚਿਤ ਕਰ ਦਿੱਤਾ ਗਿਆ ਸੀ। ਵਾਰਡ ਦੀ ਸਫਾਈ ਸਬੰਧੀ ਉਨ੍ਹਾਂ ਕਿਹਾ ਕਿ ਕੌਂਸਲ ਦੇ ਸਫਾਈ ਕਰਮਚਾਰੀ ਨਿਰੰਤਰ ਵਾਰਡ ਵੱਲ ਧਿਆਨ ਦੇ ਰਹੇ ਹਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.