ਪਟਿਆਲਾ (ਰਾਜੇਸ਼) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਵਾਇਤੀ ਖੇਤੀ ਤੋਂ ਘੱਟ ਮੁਨਾਫ਼ਾ ਹੋਣ ਕਾਰਨ ਪੰਜਾਬ 'ਚ ਪਸ਼ੂ-ਧਨ ਖੇਤਰ ਦਾ ਵੱਡੇ ਪੱਧਰ 'ਤੇ ਵਿਕਾਸ ਕਰਨ ਉੱਪਰ ਜ਼ੋਰ ਦਿੱਤਾ ਹੈ। ਉਹ ਅੱਜ ਇੱਥੇ ਪੰਜਾਬ ਸਰਕਾਰ ਦੇ ਪਸ਼ੂ-ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਵੱਲੋਂ ਫੈੱਡਰੇਸ਼ਨ ਆਫ਼ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਫਿੱਕੀ) ਦੇ ਸਹਿਯੋਗ ਨਾਲ ਕਰਵਾਈ ਗਈ 10ਵੀਂ ਕੌਮੀ ਪਸ਼ੂ-ਧਨ ਚੈਂਪੀਅਨਸ਼ਿਪ ਅਤੇ ਐਕਸਪੋ-2017 ਦੇ ਉਦਘਾਟਨ ਮੌਕੇ ਇਕ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਇਸ ਮੌਕੇ ਕੈਪਟਨ ਨੇ ਕਿਹਾ ਕਿ ਇਸ ਵੇਲੇ ਸੂਬੇ ਵਿਚ ਖੇਤੀਬਾੜੀ ਦੀ ਵਿਕਾਸ ਦਰ ਪੂਰੀ ਚਰਮਸੀਮਾ 'ਤੇ ਪੁੱਜ ਗਈ ਹੈ। ਇਸ ਨੂੰ ਹੋਰ ਵਧਾਉਣ ਲਈ ਕਿਸਾਨਾਂ ਨੂੰ ਡੇਅਰੀ, ਸੂਰ, ਬੱਕਰੀ, ਮਧੂ-ਮੱਖੀ, ਪੋਲਟਰੀ ਤੇ ਮੱਛੀ ਪਾਲਣ ਆਦਿ ਸਹਾਇਕ ਧੰਦਿਆਂ ਪ੍ਰਤੀ ਉਤਸ਼ਾਹਿਤ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਮੁੱਖ ਮੰਤਰੀ ਨੇ ਪੰਜਾਬੀ ਕਿਸਾਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸੂਬੇ ਦੇ ਕਿਸਾਨਾਂ ਨੇ ਇਸ ਖਰੀਫ਼ ਦੇ ਸੀਜ਼ਨ ਦੌਰਾਨ ਝੋਨੇ ਦੀ 190 ਲੱਖ ਮੀਟ੍ਰਿਕ ਟਨ ਰਿਕਾਰਡ ਪੈਦਾਵਾਰ ਕੀਤੀ ਹੈ। ਪਸ਼ੂ-ਪਾਲਕਾਂ ਵੱਲੋਂ 120 ਲੱਖ ਟਨ ਦੁੱਧ ਦੀ ਪੈਦਾਵਾਰ ਕਰਨ ਲਈ ਵੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਰਵਾਇਤੀ ਕਣਕ ਅਤੇ ਝੋਨੇ ਦੇ ਚੱਕਰ ਵਿਚੋਂ ਕੱਢਣ ਅਤੇ ਇਨ੍ਹਾਂ ਦੀ ਆਮਦਨ ਵਧਾਉਣ ਪ੍ਰਤੀ ਸਹਾਇਕ ਧੰਦੇ ਅਪਣਾਉਣ ਲਈ ਕਈ ਤਰ੍ਹਾਂ ਦੇ ਨਵੇਂ ਢੰਗ-ਤਰੀਕਿਆਂ ਨਾਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਸੇਮ ਮਾਰੇ ਖੇਤਰ ਮਾਲਵਾ ਦੇ 2500 ਏਕੜ ਰਕਬੇ ਵਿਚ ਝੀਂਗਾ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨਾ ਵੀ ਇਸ ਦੀ ਇਕ ਮਿਸਾਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਆਪਣੇ ਪਿਛਲੇ ਕਾਰਜਕਾਲ ਦੌਰਾਨ 2006 'ਚ ਪਸ਼ੂ-ਧਨ ਖੇਤਰ ਨੂੰ ਹੁਲਾਰਾ ਦੇਣ ਲਈ ਇਤਿਹਾਸਕ ਕਸਬੇ ਸ੍ਰੀ ਚਮਕੌਰ ਸਾਹਿਬ ਤੋਂ ਪਸ਼ੂ-ਧਨ ਮੇਲਿਆਂ ਦਾ ਆਗਾਜ਼ ਕੀਤਾ ਸੀ। ਸਾਲ 2006 ਵਿਚ ਹੀ ਵੈਟਰਨਰੀ ਸਾਇੰਸ ਅਤੇ ਡੇਅਰੀ ਵਿਕਾਸ ਦੇ ਖੇਤਰ 'ਚ ਖੋਜ ਨੂੰ ਹੁਲਾਰਾ ਦੇਣ ਲਈ ਲੁਧਿਆਣਾ ਵਿਖੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਦੀ ਸਥਾਪਨਾ ਵੀ ਉਨ੍ਹਾਂ ਨੇ ਹੀ ਕੀਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਦੁੱਧ ਦੀ ਰਿਕਾਰਡ ਪੈਦਾਵਾਰ ਇਸੇ ਯੂਨੀਵਰਸਿਟੀ ਦੀ ਦੇਣ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਲਈ ਝੰਡਾ ਵੀ ਲਹਿਰਾਇਆ।
ਇਸ ਉਪਰੰਤ ਤਕਨੀਕੀ ਸੈਸ਼ਨ ਵਿਚ ਇੰਗਲੈਂਡ, ਅਮਰੀਕਾ, ਪੋਲੈਂਡ ਅਤੇ ਬੁਲਗਾਰੀਆ ਤੋਂ ਆਏ ਵਿਦੇਸ਼ੀ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਤਕਨੀਕੀ ਸਹਾਇਤਾ, ਮੁਹਾਰਤ ਅਤੇ ਹੁਨਰ ਦੇ ਆਦਾਨ-ਪ੍ਰਦਾਨ ਤੋਂ ਇਲਾਵਾ ਵਿਦੇਸ਼ੀ ਵੀਰਜ ਦੀ ਸੁਵਿਧਾ ਪ੍ਰਦਾਨ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਇਸ ਦੌਰਾਨ ਵਿਦੇਸ਼ੀ ਨੁਮਾਇੰਦਿਆਂ ਵਿੱਚ ਗਾਏ ਕਿੱਡੀ, ਸਟੀਵ ਚੈਂਪਨ, ਕ੍ਰਿਸ ਜੈਕਸਨ, ਮੈਲਕਮ ਵੀ. ਐੈੱਲ. ਪੀਅਰਸ, ਜੀਨ ਪੀਅਰੇ ਗਾਰਨੀਅਰ, ਜੇਨ ਮੈਥਿਊਜ਼, ਜੌਨ ਅਲੈਗ਼ਜ਼ੈਂਡਰ, ਬ੍ਰਾਇਨ ਕੈਲੀ, ਸੁਦਰਸ਼ਨ ਗਿਰਧਰ, ਡਾ. ਸੇਂਥੀਲਾਰਸੁਰਾ ਸੁੰਦਰਮ, ਇਮੌਨ ਸਟਾਂਟਨ, ਅਰਵਿੰਦਰ ਗੌਤਮ ਅਤੇ ਦੀਪਾਂਕਰ ਚਕਰਵਰਤੀ ਸ਼ਾਮਲ ਸਨ।
ਇਸ ਤੋਂ ਪਹਿਲਾਂ ਇੰਗਲੈਂਡ ਦੇ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਆਇਰ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਇੰਗਲੈਂਡ ਅਤੇ ਭਾਰਤ ਸੂਰ ਪਾਲਣ ਖੇਤਰ ਨੂੰ ਵਿਕਸਿਤ ਕਰਨ ਲਈ ਇਕਜੁਟ ਹੋ ਕੇ ਕੰਮ ਕਰ ਸਕਦੇ ਹਨ। ਇਸ ਦੌਰਾਨ ਪਸ਼ੂ-ਪਾਲਣ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਮਨਦੀਪ ਸਿੰਘ ਸੰਧੂ ਨੇ ਆਪਣੇ ਸਵਾਗਤੀ ਭਾਸ਼ਣ 'ਚ ਦੱਸਿਆ ਕਿ ਇਸ ਮੇਲੇ 'ਚ ਪੰਜਾਬ ਸਮੇਤ ਹਰਿਆਣਾ, ਹਿਮਾਚਲ, ਉੱਤਰ ਪ੍ਰਦੇਸ਼, ਜੰਮੂ-ਕਸ਼ਮੀਰ, ਰਾਜਸਥਾਨ, ਦਿੱਲੀ, ਆਸਾਮ, ਮੱਧ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਦੇ ਪਸ਼ੂ ਪਾਲਕ ਹਿੱਸਾ ਲੈ ਰਹੇ ਹਨ। ਮੇਲੇ ਦੌਰਾਨ ਘੋੜਿਆਂ, ਮੱਝਾਂ, ਗਾਵਾਂ, ਭੇਡਾਂ, ਬੱਕਰੀਆਂ, ਸੂਰਾਂ, ਕੁੱਤਿਆਂ ਤੇ ਮੁਰਗੀਆਂ ਆਦਿ ਦੀਆਂ 92 ਸ਼੍ਰੇਣੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਜੇਤੂ ਪਸ਼ੂ-ਪਾਲਕਾਂ ਨੂੰ ਸਵਾ ਕਰੋੜ ਰੁਪਏ ਇਨਾਮੀ ਰਾਸ਼ੀ ਵੰਡੀ ਜਾਵੇਗੀ।
ਚੈਂਪੀਅਨਸ਼ਿਪ ਮੌਕੇ 'ਫਿੱਕੀ' ਵੱਲੋਂ ਪਸ਼ੂ-ਪਾਲਣ, ਡੇਅਰੀ ਵਿਕਾਸ, ਮੱਛੀ ਪਾਲਣ ਤੇ ਖੇਤੀਬਾੜੀ ਨਾਲ ਸਬੰਧਤ 200 ਤੋਂ ਵੱਧ ਕੰਪਨੀਆਂ ਵੱਲੋਂ ਲਾਈ ਗਈ ਪ੍ਰਦਰਸ਼ਨੀ ਪਸ਼ੂ-ਪਾਲਕਾਂ ਲਈ ਖਿੱਚ ਦਾ ਕੇਂਦਰ ਰਹੀ। ਵੱਖ-ਵੱਖ ਸੈਮੀਨਾਰਾਂ ਦੌਰਾਨ ਪਸ਼ੂ-ਪਾਲਣ, ਡੇਅਰੀ ਫਾਰਮਿੰਗ, ਸੂਰ ਤੇ ਮੱਛੀ ਪਾਲਣ ਸਮੇਤ ਪਸ਼ੂਆਂ ਦੀਆਂ ਦੇਸੀ ਨਸਲਾਂ, ਦੁੱਧ ਅਤੇ ਮੀਟ ਤੋਂ ਬਣਨ ਵਾਲੇ ਖਾਧ ਪਦਾਰਥਾਂ ਦੀ ਪ੍ਰੋਸੈਸਿੰਗ ਬਾਰੇ ਵਿਸਥਾਰ ਵਿਚ ਵਿਚਾਰ-ਚਰਚਾ ਕੀਤੀ ਗਈ।
ਇਸ ਮੌਕੇ ਪਸ਼ੂ-ਪਾਲਣ ਵਿਭਾਗ ਦੇ ਵਧੀਕ ਮੁੱਖ ਸਕੱਤਰ ਮਨਦੀਪ ਸਿੰਘ ਸੰਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਇੰਗਲੈਂਡ ਦੇ ਡਿਪਟੀ ਹਾਈ ਕਮਿਸ਼ਨਰ ਐਂਡਰੀਓ ਆਇਰੀ, ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ, ਵਿਧਾਇਕ ਰਜਿੰਦਰ ਸਿੰਘ, ਵਿਧਾਇਕ ਨਿਰਮਲ ਸਿੰਘ ਤੇ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਵੀ ਸਨਮਾਨਿਤ ਕੀਤਾ।
ਪਾਵਰਕਾਮ ਕਿਸਾਨਾਂ ਨੂੰ 10 ਘੰਟੇ ਬਿਜਲੀ ਯਕੀਨੀ ਬਣਾਵੇ : ਰਾਜੇਵਾਲ
NEXT STORY