ਕਪੂਰਥਲਾ, (ਭੂਸ਼ਣ)- ਪਿਛਲੇ ਕੁਝ ਸਾਲਾਂ ਦੌਰਾਨ ਸੂਬੇ ਦੀਆਂ ਵੱਖ-ਵੱਖ ਜੇਲਾਂ ਵਿਚ ਲਗਾਤਾਰ ਵੱਧ ਰਹੇ ਨਸ਼ੇ ਦੇ ਪ੍ਰਸਾਰ ਅਤੇ ਗੈਂਗਸਟਰਾਂ ਦੀਆਂ ਵਧਦੀਆਂ ਸਰਗਰਮੀਆਂ ਨੂੰ ਰੋਕਣ ਲਈ ਸਬੰਧਤ ਜੇਲਾਂ ਦੇ ਪ੍ਰਸ਼ਾਸਨ ਅਤੇ ਪੰਜਾਬ ਪੁਲਸ ਵੱਲੋਂ ਸਾਂਝੇ ਤੌਰ 'ਤੇ ਚਲਾਈ ਗਈ ਵੱਡੀ ਮੁਹਿੰਮ ਸਦਕਾ ਜਿਥੇ ਕਈ ਜੇਲਾਂ ਤੋਂ ਵੱਡੇ ਪੱਧਰ 'ਤੇ ਡਰੱਗ ਦੀ ਬਰਾਮਦਗੀ ਹੋਈ ਹੈ, ਉਥੇ ਹੀ ਗੈਂਗਸਟਰਾਂ ਦੀਆਂ ਗਤੀਵਿਧੀਆਂ 'ਤੇ ਕਾਫੀ ਹੱਦ ਤੱਕ ਰੋਕ ਲੱਗੀ ਹੈ ਪਰ ਇਸ ਦੇ ਬਾਵਜੂਦ ਸੂਬੇ ਦੀਆਂ ਜੇਲਾਂ ਵਿਚ ਤਾਇਨਾਤ ਵੱਡੀ ਗਿਣਤੀ ਵਿਚ ਜੇਲ ਮੁਲਾਜ਼ਮਾਂ ਅਤੇ ਹੋਰ ਸੁਰੱਖਿਆ ਅਦਾਰਿਆਂ ਨਾਲ ਸਬੰਧਤ ਮੁਲਾਜ਼ਮਾਂ ਦੀਆਂ ਸ਼ੱਕੀ ਗਤੀਵਿਧੀਆਂ ਤੇ ਮਿਲੀਭੁਗਤ ਕਿਤੇ ਨਾ ਕਿਤੇ ਜੇਲ ਪ੍ਰਸ਼ਾਸਨ ਅਤੇ ਪੰਜਾਬ ਪੁਲਸ ਦੀ ਸਾਂਝੀ ਮੁਹਿੰਮ 'ਤੇ ਬਰੇਕ ਲਾ ਰਹੀ ਹੈ, ਜਿਸ ਦੀ ਪ੍ਰਤੱਖ ਮਿਸਾਲ ਹੈ ਕਿ ਪਿਛਲੇ ਦਿਨੀਂ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਡਿਊਟੀ 'ਤੇ ਤਾਇਨਾਤ ਪੰਜਾਬ ਆਰਮਡ ਪੁਲਸ ਦੇ ਇਕ ਹੈੱਡ ਕਾਂਸਟੇਬਲ ਕੋਲੋਂ ਵੱਡੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਦਾ ਬਰਾਮਦ ਹੋਣਾ ਹੈ।
ਸੂਬੇ 'ਚ ਪਿਛਲੇ 2 ਦਹਾਕਿਆਂ ਤੋਂ ਨਸ਼ੇ ਦੇ ਲਗਾਤਾਰ ਵੱਧ ਰਹੇ ਰੁਝਾਨ ਦੇ ਸਿੱਟੇ ਵਜੋਂ ਜਿਥੇ ਡਰੱਗ ਦੀ ਇਸ ਮਾਰ ਤੋਂ ਸੂਬੇ ਦੀਆਂ ਜੇਲਾਂ ਬਚ ਨਹੀਂ ਸਕੀਆਂ ਹਨ, ਉਥੇ ਹੀ ਪੁਲਸ ਵੱਲੋਂ ਫੜੇ ਗਏ ਗੈਂਗਸਟਰਾਂ ਨੇ ਜੇਲਾਂ ਨੂੰ ਆਪਣਾ ਟਿਕਾਣਾ ਬਣਾਇਆ ਹੋਇਆ ਹੈ। ਪੰਜਾਬ ਦੀਆਂ ਕਈ ਵੱਡੀਆਂ ਜੇਲਾਂ 'ਚ ਨਸ਼ੇ ਅਤੇ ਗੈਂਗਵਾਰ ਦੀਆਂ ਘਟਨਾਵਾਂ ਸੁਰਖੀਆਂ ਵਿਚ ਆਉਣ ਤੋਂ ਬਾਅਦ ਪਿਛਲੇ ਕੁਝ ਮਹੀਨਿਆਂ ਤੋਂ ਸਬੰਧਤ ਜੇਲਾਂ ਦੇ ਪ੍ਰਸ਼ਾਸਨ ਅਤੇ ਪੰਜਾਬ ਪੁਲਸ ਨੇ ਵੱਡੇ ਪੱਧਰ 'ਤੇ ਜੇਲਾਂ ਵਿਚ ਸਰਚ ਮੁਹਿੰਮ ਚਲਾਈ ਹੋਈ ਹੈ। ਇਸ ਦੇ ਸਿੱਟੇ ਵਜੋਂ ਪੁਲਸ ਅਤੇ ਜੇਲ ਪ੍ਰਸ਼ਾਸਨ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਦੇ ਬਾਵਜੂਦ ਸੂਬੇ ਦੀਆਂ ਜੇਲਾਂ ਵਿਚ ਵੱਡੀ ਗਿਣਤੀ 'ਚ ਅਜਿਹੇ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ, ਜਿਨ੍ਹਾਂ ਦੇ ਤਾਰ ਜੇਲਾਂ ਵਿਚ ਬੰਦ ਕਈ ਵੱਡੇ ਅਪਰਾਧੀਆਂ ਅਤੇ ਗੈਂਗਸਟਰਾਂ ਨਾਲ ਜੁੜੇ ਹੋਏ ਹਨ। ਜਿਹੜੇ ਕਿ ਇਨ੍ਹਾਂ ਨੂੰ ਨਸ਼ੀਲੇ ਪਦਾਰਥ ਸਪਲਾਈ ਕਰਨ ਦੇ ਨਾਲ-ਨਾਲ ਕਈ ਅਹਿਮ ਜਾਣਕਾਰੀਆਂ ਦੇਣ ਦੇ ਮਾਮਲੇ 'ਚ ਗ੍ਰਿਫਤਾਰ ਵੀ ਕੀਤੇ ਜਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਅਜਿਹੇ ਮੁਲਾਜ਼ਮਾਂ ਦੀਆਂ ਗਤੀਵਿਧੀਆਂ ਲਗਾਤਾਰ ਜਾਰੀ ਹਨ। ਪਿਛਲੇ ਦਿਨੀਂ ਕੋਤਵਾਲੀ ਪੁਲਸ ਨੇ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ ਵਿਚ ਤਾਇਨਾਤ ਇਕ ਪੀ. ਏ. ਪੀ. ਹੈੱਡ ਕਾਂਸਟੇਬਲ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਹੈ।
ਸੂਬੇ ਦੀਆਂ ਸਭ ਤੋਂ ਵੱਡੀਆਂ ਜੇਲਾਂ 'ਚ ਸ਼ੁਮਾਰ ਹੋਣ ਵਾਲੀ ਕੇਂਦਰੀ ਜੇਲ ਜਲੰਧਰ ਅਤੇ ਕਪੂਰਥਲਾ 'ਚ ਪਿਛਲੇ 7 ਸਾਲਾਂ ਦੌਰਾਨ ਅਜਿਹੇ ਕਈ ਪੁਲਸ ਮੁਲਾਜ਼ਮਾਂ ਨੂੰ ਕਾਬੂ ਕੀਤਾ ਜਾ ਚੁੱਕਾ ਹੈ, ਜੋ ਜੇਲ 'ਚ ਕੈਦੀਆਂ ਅਤੇ ਹਵਾਲਾਤੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਉਣ 'ਚ ਮਦਦ ਕਰਦੇ ਸਨ, ਇਨ੍ਹਾਂ 'ਚ ਕੁਝ ਮੁਲਾਜ਼ਮਾਂ ਨੂੰ ਤਾਂ ਕਪੂਰਥਲਾ ਪੁਲਸ ਨੇ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ। ਜੇਕਰ ਪੁਲਸ ਰਿਕਾਰਡ ਵੱਲ ਝਾਤੀ ਮਾਰੀਏ ਤਾਂ ਪਿਛਲੇ 7 ਵਰ੍ਹਿਆਂ ਦੌਰਾਨ ਕਪੂਰਥਲਾ ਪੁਲਸ 10 ਜੇਲ ਮੁਲਾਜ਼ਮਾਂ ਖਿਲਾਫ ਡਰੱਗ ਬਰਾਮਦਗੀ ਨੂੰ ਲੈ ਕੇ ਮਾਮਲੇ ਦਰਜ ਕਰ ਚੁੱਕੀ ਹੈ। ਇਸ ਦੇ ਬਾਵਜੂਦ ਕਈ ਮੁਲਾਜ਼ਮਾਂ ਦੀਆਂ ਗਤੀਵਿਧੀਆਂ ਸ਼ੱਕੀ ਹੋਣ ਕਾਰਨ ਉਨ੍ਹਾਂ ਨੂੰ ਦੂਜੀਆਂ ਜੇਲਾਂ 'ਚ ਤਬਦੀਲ ਕੀਤਾ ਜਾ ਚੁੱਕਾ ਹੈ।
ਸਕੂਲ ਦੇ ਸਟੋਰ ਰੂਮ 'ਚ ਲੱਗੀ ਅੱਗ
NEXT STORY