ਕਲਾਨੌਰ(ਮਨਮੋਹਨ)-ਪੁਲਸ ਥਾਣਾ ਕਲਾਨੌਰ ਅਧੀਨ ਪੈਂਦੇ ਪਿੰਡ ਪਿੰਡੀ ਸੈਦਾਂ ਵਿਖੇ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਖੋਲੇ ਸੇਵਾ ਕੇਂਦਰ ਵਿਖੇ ਬੀਤੀ ਰਾਤ ਚੋਰਾਂ ਵੱਲੋਂ ਬਾਰੀ ਦਾ ਸ਼ੀਸ਼ਾ ਤੋੜ ਕੇ ਗੱਲੇ 'ਚ ਪਈ 15525 ਰੁਪਏ ਦੀ ਰਾਸ਼ੀ ਚੋਰੀ ਕਰਕੇ ਰਫੁ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਕਾਰੀ ਸੇਵਾ ਕੇਂਦਰ ਵਿਖੇ ਤੈਨਾਤ ਕੰਪਿਊਟਰ ਅਪ੍ਰੇਟਿਵ ਜ਼ੋਰਾਵਰ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਸਵੇਰੇ ਉਹ ਸੇਵਾ ਕੇਂਦਰ ਪਹੁੰਚੇ ਤਾਂ ਦੇਖਿਆ ਕਿ ਚੋਰਾਂ ਵੱਲੋਂ ਦਫਤਰ ਦੀ ਪਿਛਲੀ ਸਾਈਡ ਤੋਂ ਬਾਰੀ ਦਾ ਸ਼ੀਸ਼ਾ ਤੋੜ ਕੇ ਗਰਿਲ ਰਾਹੀ ਬਾਂਹ ਅੰਦਰ ਵਾੜ ਕੇ ਗੱਲੇ 'ਚ ਪਏ 15525 ਰੁਪਏ ਦੀ ਰਾਸ਼ੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਬਾਰੀ ਦੇ ਨਜਦੀਕ ਖੂਨ ਵੀ ਡੁਲਿਆ ਪਿਆ ਸੀ, ਜਿਸ ਤੋਂ ਲਗਦਾ ਹੈ ਕਿ ਚੋਰੀ ਕਰਨ ਵਾਲੇ ਵਿਅਕਤੀ ਦੇ ਟੁੱਟੇ ਹੋਏ ਸ਼ੀਸ਼ੇ ਵੱਜਣ ਕਾਰਨ ਉਹ ਜ਼ਖਮੀਂ ਹੋ ਗਿਆ ਸੀ ਅਤੇ ਉੁਸਦਾ ਖੂਨ ਬਾਰੀ ਦੇ ਆਸ ਪਾਸ ਵਗਦਾ ਰਿਹਾ। ਇਸ ਚੋਰੀ ਦੀ ਘਟਨਾ ਸਬੰਧੀ ਪੁਲਸ ਥਾਣਾ ਕਲਾਨੌਰ ਵਿਖੇ ਸੂਚਨਾ ਦਿੱਤੀ ਗਈ ਅਤੇ ਪੁਲਸ ਵੱਲੋਂ ਤੁੰਰਤ ਮੌਕੇ 'ਤੇ ਪਹੁੰਚ ਕੇ ਤਫਤੀਸ਼ ਆਰੰਭ ਕਰ ਦਿੱਤੀ ਹੈ।
ਵਿਆਹ ਦਾ ਝਾਂਸਾ ਦੇ ਕੇ ਅਗਵਾ ਕੀਤੀ ਨਾਬਾਲਗ ਕੁੜੀ, ਮਾਮਲਾ ਦਰਜ
NEXT STORY