ਮਾਸੂਮਾਂ ਤਕ ਆਸਾਨੀ ਨਾਲ ਪਹੁੰਚ ਰਿਹਾ ਹੈ ਤੰਬਾਕੂਨੁਮਾ ਜ਼ਹਿਰ

You Are HerePunjab
Friday, February 17, 2017-7:49 AM

ਸੁਲਤਾਨਪੁਰ ਲੋਧੀ, (ਧੀਰ)- ਭਾਵੇਂ ਪੂਰੇ ਦੇਸ਼ 'ਚ ਗੁਟਕਾ ਉਤਪਾਦ ਜਨਤਕ ਥਾਵਾਂ 'ਤੇ ਵੇਚਣ ਸੰਬੰਧੀ ਰੋਕ ਪਹਿਲਾਂ ਤੋਂ ਹੀ ਤੇ ਨਾਬਾਲਗਾਂ ਨੂੰ ਤੰਬਾਕੂ ਉਤਪਾਦ ਤੇ ਸਿਗਰਟ ਦੇਣਾ ਵੀ ਸਖਤ ਸਜ਼ਾਯੋਗ ਅਪਰਾਧ ਬਣ ਗਿਆ ਹੈ ਪਰ ਫਿਰ ਵੀ ਤੰਬਾਕੂ ਉਤਪਾਦ ਆਸਾਨੀ ਨਾਲ ਮਾਸੂਮਾਂ ਦੀ ਪਹੁੰਚ 'ਚ ਹਨ। ਇਲਾਕੇ 'ਚ ਇਨ੍ਹਾਂ ਹੁਕਮਾਂ ਦੀ ਉਲੰਘਣਾ ਸ਼ਰੇਆਮ ਹੋ ਰਹੀ ਹੈ। ਕੁਝ ਪੈਸਿਆਂ ਦੇ ਲਾਲਚ 'ਚ ਬੱਚਿਆਂ ਨੂੰ ਜ਼ਹਿਰ ਵੇਚਿਆ ਜਾ ਰਿਹਾ ਹੈ। ਇਹ ਸਾਰਾ ਕੁਝ ਕਾਨੂੰਨ ਦੇ ਰਖਵਾਲਿਆਂ ਦੀਆਂ ਅੱਖਾਂ ਸਾਹਮਣੇ ਹੋਣ ਦੇ ਬਾਵਜੂਦ ਸੰਬੰਧਤ ਅਧਿਕਾਰੀ ਇਸ ਜ਼ਹਿਰ ਨੂੰ ਠੱਲ੍ਹ ਪਾਉਣ 'ਚ ਨਾਕਾਮ ਸਾਬਤ ਹੋ ਰਹੇ ਹਨ। ਵੱਡੀਆਂ-ਵੱਡੀਆਂ ਕੰਪਨੀਆਂ ਇਨ੍ਹਾਂ ਉਤਪਾਦਾਂ ਨੂੰ ਧੜੱਲੇ ਨਾਲ ਬਣਾ ਕੇ ਵੇਚ ਰਹੀਆਂ ਹਨ ਤੇ ਜ਼ਿਲੇ ਭਰ 'ਚ ਸ਼ਰੇਆਮ ਬੱਚਿਆਂ ਵਲੋਂ ਇਸ ਦੀ ਵਿਕਰੀ ਕੀਤੀ ਜਾ ਰਹੀ ਹੈ।
ਕੀ ਕਹਿੰਦੇ ਹਨ ਲੋਕ- ਸਮਾਜ ਸੇਵਕ ਸੁਰਜੀਤ ਸਿੰਘ, ਲਖਵਿੰਦਰ ਸਿੰਘ, ਅਮਨਦੀਪ ਸਿੰਘ ਆਦਿ ਦਾ ਕਹਿਣਾ ਹੈ ਕਿ ਸੰਬੰਧਤ ਵਿਭਾਗ ਦੇ ਅਧਿਕਾਰੀ ਬਿਲਕੁਲ ਦਿਸ਼ਾਹੀਣ ਕੰਮ ਕਰ ਰਹੇ ਹਨ, ਕਿਉਂਕਿ ਨਾ ਤਾਂ ਸਿਹਤ ਵਿਭਾਗ ਅਜਿਹਾ ਅਪਰਾਧ ਕਰਨ ਵਾਲਿਆਂ 'ਤੇ ਕੋਈ ਠੋਸ ਕਾਰਵਾਈ ਕਰਦਾ ਦਿਖਾਈ ਦੇ ਰਿਹਾ ਹੈ ਤੇ ਨਾ ਹੀ ਬਾਲ ਤੇ ਮਹਿਲਾ ਕਲਿਆਣ ਵਿਭਾਗ ਬੱਚਿਆਂ ਨੂੰ ਨਸ਼ਾ ਵੇਚਣ ਵਾਲਿਆਂ ਖਿਲਾਫ ਪੁਲਸ ਨੂੰ ਕੋਈ ਸ਼ਿਕਾਇਤ ਕਰਦਾ ਹੈ।
ਕੀ ਹੈ ਐਕਟ?
ਸਮਾਜ 'ਚ ਤੰਬਾਕੂ ਨਾਲ ਵਧ ਰਹੀਆਂ ਮੌਤਾਂ ਤੇ ਨਾਬਾਲਗਾਂ ਵਲੋਂ ਲਏ ਜਾਂਦੇ ਇਸ ਜ਼ਹਿਰ ਤੋਂ ਸਰਕਾਰ ਨੇ ਜੁਵੇਨਾਈਲ ਜਸਟਿਸ ਕੇਅਰ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ 'ਚ ਸੋਧ ਕਰਕੇ ਨਾਬਾਲਗ ਬੱਚਿਆਂ ਦੀ ਉਮਰ 18 ਤੋਂ 10 ਸਾਲ ਕੀਤੀ ਗਈ ਹੈ ਤੇ ਹੁਣ ਮਾਸੂਮਾਂ ਨੂੰ ਸਿਗਰੇਟ ਜਾਂ ਹੋਰ ਤੰਬਾਕੂ ਉਤਪਾਦ ਵੇਚਣ ਜਾਂ ਆਫਰ ਕਰਨ 'ਤੇ 7 ਸਾਲ ਦੀ ਸਜ਼ਾ ਤੇ ਭਾਰੀ ਜੁਰਮਾਨਾ ਹੋ ਸਕਦਾ ਹੈ। ਇਹ ਕਾਨੂੰਨ ਸਾਲ 2015 'ਚ ਜਨਵਰੀ ਮਹੀਨੇ ਤੋਂ ਪੂਰੇ ਦੇਸ਼ 'ਚ ਲਾਗੂ ਹੋ ਚੁੱਕਾ ਹੈ ਪਰ ਹੁਣ ਤਕ ਇਸ ਦੀ ਪਾਲਣਾ ਕਿਤੇ ਵੀ ਨਜ਼ਰ ਨਹੀਂ ਆ ਰਹੀ।
ਦੁਕਾਨਾਂ 'ਤੇ ਲੱਗੇ ਬੋਰਡ ਵੀ ਹੁਣ ਹੋ ਚੁੱਕੇ ਹਨ ਗਾਇਬ- ਨਾਬਾਲਗ ਨੂੰ ਤੰਬਾਕੂ ਨਾ ਵੇਚਣ ਸਬੰਧੀ ਵੱਖ-ਵੱਖ ਸਿਗਰਟਾਂ, ਤੰਬਾਕੂ ਵੇਚਣ ਵਾਲੀਆਂ ਦੁਕਾਨਾਂ, ਖੋਖਿਆਂ ਆਦਿ 'ਤੇ ਪਹਿਲਾਂ ਲੱਗੇ ਬੋਰਡ ਵੀ ਹੁਣ ਗਾਇਬ ਹੋ ਚੁੱਕੇ ਹਨ। ਜਿਸ ਪਾਸੇ ਵਿਭਾਗ ਦਾ ਕਦੇ ਵੀ ਧਿਆਨ ਨਹੀਂ ਗਿਆ ਤੇ ਨਾ ਹੀ ਇਸ ਸਬੰਧੀ ਕੋਈ ਕਾਰਵਾਈ ਦੀ ਜ਼ਰੂਰਤ ਸਮਝੀ ਹੈ। ਕਾਨੂੰਨ ਬਣਨ 'ਤੇ ਸ਼ੁਰੂ-ਸ਼ੁਰੂ ਹੀ ਸਿਰਫ ਦਿਖਾਵੇ ਦੇ ਤੌਰ 'ਤੇ ਲੱਗੇ ਬੋਰਡ ਹੁਣ ਜਾਂ ਤਾਂ ਉਤਾਰੇ ਹੋਏ ਹਨ ਜਾਂ ਫਿਰ ਖੁਦ ਹੀ ਖਤਮ ਹੋ ਚੁੱਕੇ ਹਨ। ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਨਾ ਇਸ ਸੰਬੰਧੀ ਪੁਲਸ ਵਲੋਂ ਕੋਈ ਚਲਾਨ ਕੱਟਿਆ ਜਾਂਦਾ ਹੈ।
ਨੋਡਲ ਅਫ਼ਸਰ ਨਾਲ ਕੋਈ ਕਿਵੇਂ ਕਰੇ ਸੰਪਰਕ- ਤੰਬਾਕੂਨੋਸ਼ੀ ਕਰਨ ਵਾਲਿਆਂ ਦੀ ਸ਼ਿਕਾਇਤ ਕਰਨ ਸੰਬੰਧੀ ਵਿਭਾਗ ਦੀ ਨਾਲਾਇਕੀ ਵੀ ਉਦੋਂ ਵੇਖਣ 'ਤੇ ਜਗ ਜ਼ਾਹਰ ਹੁੰਦੀ ਹੈ ਕਿ ਜਨਤਕ ਥਾਵਾਂ 'ਤੇ ਨਿਯੁਕਤ ਕੀਤੇ ਗਏ ਨੋਡਲ ਅਫ਼ਸਰ ਦਾ ਨਾ ਤਾਂ ਕੋਈ ਬੋਰਡ ਲੱਗਿਆ ਵਿਖਾਈ ਦਿੱਤਾ ਹੈ ਤੇ ਨਾ ਹੀ ਜਾਣਕਾਰੀ ਦੇਣ ਲਈ ਉਨ੍ਹਾਂ ਦਾ ਕੋਈ ਸੰਪਰਕ ਨੰਬਰ ਲਿਖਿਆ ਗਿਆ ਹੈ।
ਕੀ ਕਹਿੰਦੇ ਹਨ ਐੱਸ. ਐੱਮ. ਓ. ਸਾਹਿਬ- ਇਸ ਸੰਬੰਧੀ ਗੱਲਬਾਤ ਕਰਨ 'ਤੇ ਐੱਸ. ਐੱਮ. ਓ. ਡਾ. ਗੁਲਸ਼ਨ ਕੁਮਾਰ ਨੇ ਕਿਹਾ ਕਿ ਅਸੀਂ ਹਾਲੇ ਬੀਤੇ ਦਿਨ ਹੀ ਇਕ 7 ਮੈਂਬਰੀ ਕਮੇਟੀ ਬਣਾਈ ਹੈ, ਜੋ ਅਜਿਹੇ ਸਥਾਨਾਂ 'ਤੇ ਜਾ ਕੇ ਪ੍ਰਭਾਵੀ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਹਸਪਤਾਲ 'ਚ ਤੇ ਹੋਰ ਥਾਵਾਂ 'ਤੇ ਬੋਰਡ ਲਗਾਏ ਹੋਏ ਹਨ ਤੇ ਦੁਕਾਨਦਾਰਾਂ ਵਲੋਂ ਨਾ ਬੋਰਡ ਲਗਾਏ ਜਾਣ ਵਿਰੁੱਧ ਕਾਰਵਾਈ ਵੀ ਜਲਦੀ ਕਰਾਂਗੇ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.