ਜਗਰਾਓਂ, (ਸ਼ੇਤਰਾ) ਇਥੇ ਮੇਨ ਬਾਜ਼ਾਰ ਦੇ ਢੋਲਾਂ ਵਾਲੇ ਖੂਹ ਨੇੜਲੇ ਮਹੰਤਾਂ ਮੁਹੱਲੇ 'ਚ ਅੱਜ ਦੁਪਹਿਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਇਕ ਪਿਓ ਵੱਲੋਂ ਆਪਣੀ ਮੰਦਬੁੱਧੀ ਧੀ ਨੂੰ ਤੀਸਰੀ ਮੰਜ਼ਿਲ 'ਤੇ ਲਿਜਾ ਕੇ ਫਾਹਾ ਦੇਣ ਤੋਂ ਬਾਅਦ ਖ਼ੁਦ ਵੀ ਫਾਹਾ ਲੈਣ ਦੀ ਖ਼ਬਰ ਹੈ। ਘਟਨਾ ਦਾ ਪਤਾ ਸ਼ਾਮ ਚਾਰ ਵਜੇ ਤੋਂ ਬਾਅਦ ਉਦੋਂ ਲੱਗਿਆ ਜਦੋਂ ਖ਼ੁਦਕੁਸ਼ੀ ਕਰਨ ਵਾਲੇ ਦੀ ਸਰਕਾਰੀ ਅਧਿਆਪਕਾ ਪਤਨੀ ਅਤੇ ਸਕੂਲ ਪੜ੍ਹਨ ਗਿਆ ਪੁੱਤ ਘਰ ਪਰਤੇ।
ਵੇਰਵਿਆਂ ਅਨੁਸਾਰ 42 ਸਾਲਾ ਸੁਰੇਸ਼ ਕੁਮਾਰ ਸਿੰਗਲਾ ਦੀ ਰੇਲਵੇ ਪੁਲ ਨੇੜੇ ਮੁੜ ਵਸੇਬਾ ਕੇਂਦਰ ਦੇ ਨਾਲ ਕੱਪੜੇ ਅਤੇ ਰੁਮਾਲੇ ਦੀ ਦੁਕਾਨ ਹੈ। ਉਸ ਦੀ 14 ਕੁ ਸਾਲ ਦੀ ਧੀ ਪਲਕ ਮੰਦਬੁੱਧੀ ਹੈ ਤੇ ਵਿਸ਼ੇਸ਼ ਲੋੜਾਂ ਵਾਲੇ ਸਕੂਲ 'ਚ ਜਾਂਦੀ ਹੈ। ਜਾਣਕਾਰੀ ਅਨੁਸਾਰ ਦੁਪਹਿਰ 12 ਵਜੇ ਤੋਂ ਬਾਅਦ ਸੁਰੇਸ਼ ਸਿੰਗਲਾ ਨੇ ਜਦੋਂ ਇਹ ਕਦਮ ਚੁੱਕਿਆ ਤਾਂ ਉਸ ਵੇਲੇ ਸਿਰਫ਼ ਉਸਦੀ ਬਿਰਧ ਮਾਂ ਘਰ 'ਚ ਸੀ ਜੋ ਕਿਸੇ ਬੀਮਾਰੀ ਕਾਰਨ ਮੰਜੇ 'ਤੇ ਪਈ ਹੈ।
ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਕੰਵਰਪਾਲ ਸਿੰਘ ਬਾਜਵਾ ਤੇ ਥਾਣਾ ਮੁਖੀ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹੋ ਲੱਗਦਾ ਹੈ ਕਿ ਸੁਰੇਸ਼ ਕੁਮਾਰ ਨੇ ਲੜਕੀ ਨੂੰ ਰੱਸੀ ਨਾਲ ਟੰਗਣ ਤੋਂ ਬਾਅਦ ਕਮਰੇ 'ਚ ਆ ਕੇ ਖ਼ੁਦ ਵੀ ਫਾਹਾ ਲੈ ਲਿਆ। ਇਹ ਕਦਮ ਘਰ ਦੀ ਤੀਸਰੀ ਮੰਜ਼ਿਲ 'ਤੇ ਚੁੱਕਿਆ ਗਿਆ, ਜਿਥੇ ਇਕ ਕਮਰੇ ਦੀ ਛੱਤ ਅੱਧੀ ਡਿੱਗੀ ਹੋਈ ਹੈ ਤੇ ਛੱਤ ਦੇ ਇਕ ਗਾਰਡਰ ਨਾਲ ਫਾਹਾ ਲਿਆ ਗਿਆ। ਮੌਕੇ 'ਤੇ ਦੇਖਿਆ ਗਿਆ ਕਿ ਲੜਕੀ ਦੀ ਲਾਸ਼ ਕਮਰੇ ਦੇ ਬਾਹਰਲੇ ਗਾਰਡਰ ਨਾਲ ਲਟਕ ਰਹੀ ਸੀ, ਜਦਕਿ ਸੁਰੇਸ਼ ਕੁਮਾਰ ਨੇ ਕਮਰੇ ਦੇ ਅੰਦਰ ਫਾਹਾ ਲਿਆ। ਉਸਦੀ ਪਤਨੀ ਅੰਜੂ ਬਾਲਾ ਸਕੂਲ 'ਚ ਪੜ੍ਹਾਉਣ ਗਈ ਹੋਈ ਸੀ ਤੇ ਲੜਕਾ ਵੀ ਸਕੂਲ ਗਿਆ ਹੋਇਆ ਸੀ। ਉਨ੍ਹਾਂ ਆ ਕੇ ਘਰ 'ਚ ਸੁਰੇਸ਼ ਕੁਮਾਰ ਤੇ ਪਲਕ ਦੇ ਨਾ ਮਿਲਣ 'ਤੇ ਇਧਰ-ਓਧਰ ਪਤਾ ਕੀਤਾ। ਕੁਝ ਘੰਟੇ ਹੋਰ ਲੰਘਣ 'ਤੇ ਸ਼ਹਿਰ ਦੇ ਆਸੇ ਪਾਸੇ ਵੀ ਲੱਭਣ ਦੀ ਕੋਸ਼ਿਸ਼ ਕੀਤੀ ਗਈ। ਅਖ਼ੀਰ ਚਾਰ ਕੁ ਵਜੇ ਜਦੋਂ ਪਰਿਵਾਰਕ ਮੈਂਬਰ ਤੀਸਰੀ ਮੰਜ਼ਿਲ 'ਤੇ ਗਏ ਤਾਂ ਪਿਓ-ਧੀ ਦੋਹਾਂ ਦੀਆਂ ਲਾਸ਼ਾਂ ਲਟਕ ਰਹੀਆਂ ਸਨ। ਸੁਰੇਸ਼ ਕੁਮਾਰ ਦੇ ਭਰਾ ਵਿਕਾਸ ਸਿੰਗਲਾ ਨੇ ਦੱਸਿਆ ਕਿ ਸੁਰੇਸ਼ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਬਹੁਤ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸਦੀ ਦਵਾਈ ਵੀ ਲੁਧਿਆਣਾ ਦੇ ਦਿਆਨੰਦ ਮੈਡੀਕਲ ਹਸਪਤਾਲ ਤੋਂ ਚੱਲਦੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧ 'ਚ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
NEXT STORY