ਜਗਰਾਓਂ(ਜਸਬੀਰ ਸ਼ੇਤਰਾ)-ਗੈਂਗਸਟਰਾਂ ਦੀ ਘਰ ਵਾਪਸੀ ਲਈ ਜ਼ਿਲਾ ਪੁਲਸ ਮੁਖੀ ਘਰ-ਘਰ ਪਹੁੰਚ ਕਰਨ ਲੱਗੇ ਹਨ। ਕਈ ਕਾਰਨਾਂ ਕਰਕੇ ਰਾਹ ਤੋਂ ਭਟਕਣ ਕਰਕੇ ਗੈਂਗਸਟਰਪੁਣੇ ਦੇ ਰਾਹ ਪਏ ਇਨ੍ਹਾਂ ਨੌਜਵਾਨਾਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਪੰਜਾਬ ਪੁਲਸ ਦੇ ਮੁਖੀ ਦੀਆਂ ਹਦਾਇਤਾਂ 'ਤੇ ਹਰ ਜ਼ਿਲਾ ਪੁਲਸ ਮੁਖੀ ਨੇ ਗੈਂਗਸਟਰਾਂ ਦੇ ਪਰਿਵਾਰਾਂ ਤਕ ਪਹੁੰਚ ਬਣਾਈ ਹੈ। ਪੁਲਸ ਜ਼ਿਲੇ ਦੀ ਟੀਮ ਐੱਸ. ਐੱਸ. ਪੀਜ਼ ਦੀ ਅਗਵਾਈ ਵਿਚ ਗੈਂਗਸਟਰਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਇਹ ਰਾਹ ਛੱਡ ਕੇ 'ਸਿੱਧੇ ਰਾਹ' ਪੈਣ ਲਈ ਪ੍ਰੇਰਿਤ ਕਰ ਰਹੀ ਹੈ। ਇਸੇ ਤਰ੍ਹਾਂ ਦੀ ਦੂਜੀ ਮੁਹਿੰਮ ਹਥਿਆਰ ਸੱਭਿਆਚਾਰ ਨੂੰ ਪ੍ਰਫੁਲਿਤ ਕਰਦੀ ਗਾਇਕੀ ਖ਼ਿਲਾਫ਼ ਵੀ ਵਿੱਢੀ ਗਈ ਹੈ। ਜ਼ਿਲਾ ਪੁਲਸ ਮੁਖੀ ਇਲਾਕੇ ਦੇ ਗਾਇਕਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਵੀ ਮਿਆਰੀ ਗੀਤ ਗਾਉਣ ਲਈ ਪ੍ਰੇਰਿਤ ਕਰਨ ਲੱਗੇ ਹਨ। ਇਸੇ ਲੜੀ ਤਹਿਤ ਅੱਜ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਦੇ ਐੱਸ. ਐੱਸ. ਪੀ. ਸੁਰਜੀਤ ਸਿੰਘ ਆਈ. ਪੀ. ਐੱਸ., ਐੱਸ. ਪੀ. ਰੁਪਿੰਦਰ ਭਾਰਦਵਾਜ ਤੇ ਡੀ. ਐੱਸ. ਪੀ. ਕੰਵਰਪਾਲ ਸਿੰਘ ਬਾਜਵਾ ਨੇ ਗੈਂਗਸਟਰ ਗਗਨਦੀਪ ਸਿੰਘ ਉਰਫ ਗਗਨਾ ਹਠੂਰ ਦੇ ਪਰਿਵਾਰ ਤਕ ਪਹੁੰਚ ਕੀਤੀ। ਗੈਂਗਸਟਰ ਦਵਿੰਦਰ ਬੰਬੀਹਾ ਸਮੇਤ ਕਈ ਹੋਰਨਾਂ ਗੈਂਗਸਟਰਾਂ ਨਾਲ ਗਗਨਾ ਹਠੂਰ ਦਾ ਨਾਂ ਜੁੜਦਾ ਰਿਹਾ ਹੈ ਅਤੇ ਉਸ ਖ਼ਿਲਾਫ਼ ਇਨ੍ਹਾਂ ਗੈਂਗਸਟਰਾਂ ਨੂੰ ਪਨਾਹ, ਸਹਾਇਤਾ ਦੇਣ ਸਮੇਤ ਕਈ ਮਾਮਲੇ ਦਰਜ ਹਨ। ਜ਼ਿਲਾ ਪੁਲਸ ਮੁਖੀ ਨੇ ਗਗਨਾ ਹਠੂਰ ਦੀ ਮਾਂ ਅਤੇ ਦਾਦੀ ਨੂੰ ਕਿਹਾ ਕਿ ਉਹ ਆਪਣੇ ਪੁੱਤ ਨੂੰ 'ਘਰ ਵਾਪਸੀ' ਲਈ ਸਮਝਾਉਣ। ਇਸ 'ਤੇ ਗਗਨਾ ਹਠੂਰ ਦੀ ਮਾਂ ਅਤੇ ਦਾਦੀ ਮਾਂ ਨੇ ਭਰੋਸਾ ਦਿਵਾਇਆ ਕਿ ਜਦੋਂ ਉਨ੍ਹਾਂ ਦਾ ਗਗਨਾ ਹਠੂਰ ਨਾਲ ਤਾਲਮੇਲ ਹੋ ਗਿਆ ਤਾਂ ਉਹ ਉਸ ਨੂੰ ਸਮਝਾ ਕੇ ਘਰ ਵਾਪਸੀ ਲਈ ਪ੍ਰੇਰਿਤ ਕਰਨਗੇ। ਇਸੇ ਤਰ੍ਹਾਂ ਐੱਸ. ਐੱਸ. ਪੀ. ਨੇ ਅੱਜ ਆਪਣੇ ਦਫ਼ਤਰ ਵਿਚ ਇਲਾਕੇ ਦੇ ਗਾਇਕਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਣ ਲਈ ਪ੍ਰੇਰਿਆ। ਗਾਇਕ ਹਰਜੀਤ ਸਿੱਧੂ, ਜਸਪਾਲ ਮਾਨ ਤੇ ਹੋਰਨਾਂ ਨਾਲ ਮੀਟਿੰਗ ਸਮੇਂ ਗਾਇਕਾਵਾਂ ਨੂੰ ਖ਼ੁਸ਼ੀ ਸਮਾਗਮਾਂ 'ਚ ਭੜਕਾਊ ਗੀਤ ਨਾ ਗਾਉਣ ਦੀ ਅਪੀਲ ਕਰਦਿਆਂ ਪੁਲਸ ਨਾਲ ਸਹਿਯੋਗ ਕਰਨ ਲਈ ਕਿਹਾ।
ਕਪੂਰਥਲਾ ਮੋਬਾਇਲ ਚੋਰੀ ਕੇਸ 'ਚ ਇਕ ਹੋਰ ਮੁਲਜ਼ਮ ਗ੍ਰਿਫ਼ਤਾਰ
NEXT STORY