ਫਰੀਦਕੋਟ— ਇੱਥੋਂ ਦੀ ਮਾਰਡਨ ਜੇਲ ਦੇ ਬਾਹਰ ਲੱਗੇ ਇਕ ਪੋਸਟਰ ਨਾਲ ਜੇਲ ਪ੍ਰਸ਼ਾਸਨ 'ਚ ਹੜਕੰਪ ਮਚ ਗਿਆ। ਦਰਅਸਲ, ਕੱਲ ਰਾਤ ਕੁਝ ਅਣਪਛਾਤੇ ਲੋਕਾਂ ਨੇ ਜੇਲ ਦੇ ਬਾਹਰ ਇਕ ਪੋਸਟਰ ਚਿਪਕਾ ਦਿੱਤਾ, ਜਿਸ ਨੂੰ ਗੁਰਪ੍ਰੀਤ ਸੇਖੋਂ ਗੈਂਗ ਵਲੋਂ ਲਿਖਿਆ ਮੰਨਿਆ ਜਾ ਰਿਹਾ ਹੈ। ਗੁਰਪ੍ਰੀਤ ਸੇਖੋਂ ਉਹੀ ਗੈਂਗਸਟਰ ਹੈ, ਜੋ 28 ਨਵੰਬਪ ਨੂੰ ਨਾਭਾ ਜੇਲ ਤੋਂ ਫਰਾਰ ਹੋ ਗਿਆ ਸੀ।
ਇਸ ਪੋਸਟਰ 'ਚ ਲਿਖਿਆ ਸੀ ਕਿ 'ਅਸੀਂ 21 ਤਰੀਕ ਤੋਂ ਪਹਿਲਾਂ ਆਪਣੇ ਸਾਥੀਆਂ ਨੂੰ ਜੋ ਕਿ ਫਰੀਦਕੋਟ, ਮੁਕਤਸਰ ਤੇ ਫਿਰੋਜ਼ਪੁਰ ਦੀਆਂ ਜੇਲਾਂ 'ਚ ਬੰਦ ਹਨ, ਨੂੰ ਛੁਡਵਾਵਾਂਗੇ ਤੇ ਜੇਕਰ ਪੁਲਸ 'ਚ ਦਮ ਹੈ ਤਾਂ ਉਹ ਰੋਕ ਲਵੇ।' ਪੋਸਟਰ ਨੂੰ ਭਾਵੇਂ ਪੁਲਸ ਨੇ ਤੁਰੰਤ ਉਤਰਵਾ ਦਿੱਤਾ ਪਰ ਇਸ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ ਤੇ ਜੇਲ ਦੀ ਸੁਰੱਖਿਆ 'ਚ ਪੁਲਸ ਦੇ ਨਾਲ-ਨਾਲ ਪੈਰਾ ਮਿਲਟਰੀ ਫੋਰਸ ਵੀ ਤਾਇਨਾਤ ਕਰ ਦਿੱਤੀ ਹੈ।
ਇਸ ਪੋਸਟਰ ਦੀ ਪੁਸ਼ਟੀ ਕਰਦਿਆਂ ਐੱਸ. ਐੱਸ. ਪੀ. ਨਾਨਕ ਸਿੰਘ ਨੇ ਕਿਹਾ ਕਿ ਜੋ ਪੋਸਟਰ ਲੱਗਿਆ ਸੀ, ਉਹ ਮਾਰਕਰ ਨਾਲ ਲਿਖਿਆ ਹੋਇਆ ਸੀ ਤੇ ਉਸ 'ਚ ਗੁਰਪ੍ਰੀਤ ਸੇਖੋਂ ਗੈਂਗ ਵਲੋਂ ਧਮਕੀ ਦਿੱਤੀ ਸੀ ਕਿ ਉਹ ਆਪਣੇ ਸਾਥੀਆਂ ਨੂੰ 21 ਤਰੀਕ ਤੋਂ ਪਹਿਲਾਂ ਜੇਲ ਤੋਂ ਛੁਡਵਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਲੱਗਦਾ ਹੈ ਕਿ ਇਹ ਕਿਸੇ ਦੀ ਸ਼ਰਾਰਤ ਹੈ ਪਰ ਫਿਰ ਵੀ ਅਸੀਂ ਮਾਮਲੇ ਦੀ ਗੰਭੀਰਤਾ ਨੂੰ ਨਾਲ ਲੈ ਰਹੇ ਹਾਂ ਤੇ ਜੇਲ 'ਚ ਪੁਲਸ ਦੇ ਨਾਲ-ਨਾਲ ਮਿਲਟਰੀ ਫੋਰਸ ਵੀ ਤਾਇਨਾਤ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੋਸਟਰ ਲਗਾਉਣ ਵਾਲਿਆਂ ਦੀ ਭਾਲ ਕਰ ਰਹੇ ਹਾਂ।
ਫਰੀਦਕੋਟ 'ਚ ਕਰਵਾਇਆ ਗਿਆ ਪੰਜਾਬ ਚੌਥਾ ਸਾਇੰਸ ਫੈਸਟ (ਵੀਡੀਓ)
NEXT STORY