ਖੁਦ 'ਬੀਮਾਰ' ਹੈ ਸਿਵਲ ਸਰਜਨ ਦਫ਼ਤਰ ਕੰਪਲੈਕਸ

You Are HerePunjab
Saturday, March 18, 2017-1:19 AM

ਹੁਸ਼ਿਆਰਪੁਰ, (ਘੁੰਮਣ)- ਜ਼ਿਲੇ ਭਰ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਸਿਵਲ ਸਰਜਨ ਦਫ਼ਤਰ ਕੰਪਲੈਕਸ ਅੱਜਕਲ ਖੁਦ ਬੀਮਾਰ ਦਿਖਾਈ ਦੇ ਰਿਹਾ ਹੈ। ਸਿਵਲ ਸਰਜਨ ਦਫ਼ਤਰ ਦੇ ਮੇਨ ਗੇਟ ਦੇ ਨਾਲ ਹੀ ਗੰਦਗੀ ਤੇ ਹੋਰ ਅਵਿਵਸਥਾ ਦਾ ਆਲਮ ਸ਼ੁਰੂ ਹੋ ਜਾਂਦਾ ਹੈ। ਗੇਟ ਦੇ ਬਿਲਕੁਲ ਸੱਜੇ ਪਾਸੇ ਬਣੀ ਪਾਣੀ ਦੀ 'ਕੁਤਬਮੀਨਾਰ' ਵਰਗੀ ਵਿਸ਼ਾਲ ਟੈਂਕੀ ਦੇ ਹੇਠਾਂ ਲੱਗੇ ਗੰਦਗੀ ਦੇ ਢੇਰਾਂ ਕਾਰਨ ਚਾਰੇ ਪਾਸੇ ਬਦਬੂ ਫੈਲ ਰਹੀ ਹੈ। ਗੰਦਗੀ ਦੇ ਢੇਰਾਂ 'ਤੇ ਆਵਾਰਾ ਪਸ਼ੂ ਭੋਜਨ ਦੀ ਤਲਾਸ਼ 'ਚ ਦਿਨ ਭਰ ਘੁੰਮਦੇ ਦੇਖੇ ਜਾ ਸਕਦੇ ਹਨ। ਵਾਟਰ ਸਪਲਾਈ ਦੀਆਂ ਪਾਈਪਾਂ 'ਚ ਰਿਸਾਅ ਕਾਰਨ ਗੰਦਾ ਪਾਣੀ ਪਲ-ਪਲ ਵਧਦਾ ਜਾ ਰਿਹਾ ਹੈ ਅਤੇ ਉਸ 'ਤੇ ਭਿਨਭਿਨਾਉਂਦੇ ਮੱਖੀਆਂ-ਮੱਛਰ ਬੀਮਾਰੀਆਂ ਫੈਲਾਉਣ ਲਈ ਦਿਨ ਭਰ 'ਉਡਾਣਾਂ' ਭਰਦੇ ਦੇਖੇ ਜਾ ਸਕਦੇ ਹਨ। ਗੰਦਗੀ ਦੇ ਢੇਰਾਂ ਕਾਰਨ ਆਸ-ਪਾਸ ਦੇ ਲੋਕ ਵੀ ਇਨ੍ਹਾਂ ਦਾ ਖੂਬ ਫਾਇਦਾ ਉਠਾ ਰਹੇ ਹਨ। ਆਸ-ਪਾਸ ਕੋਈ ਬਾਥਰੂਮ ਨਾ ਹੋਣ ਕਾਰਨ ਲੋਕ ਪਿਸ਼ਾਬ ਕਰਨ ਲਈ ਸਿਵਲ ਸਰਜਨ ਦਫ਼ਤਰ ਕੰਪਲੈਕਸ ਦੀ ਵਰਤੋਂ ਕਰਨੋਂ ਵੀ ਗੁਰੇਜ਼ ਨਹੀਂ ਕਰਦੇ। ਕੰਪਲੈਕਸ ਨੂੰ ਪਾਣੀ ਸਪਲਾਈ ਕਰਨ ਵਾਲੇ ਟਿਊਬਵੈੱਲ ਦੇ ਬਾਹਰ ਦਲਦਲ ਦਾ ਦ੍ਰਿਸ਼ ਆਮ ਦੇਖਿਆ ਜਾ ਸਕਦਾ ਹੈ। ਇਨ੍ਹਾਂ ਹਾਲਾਤ 'ਚ ਅੰਦਰ ਰਹਿਣ ਵਾਲੇ ਲੋਕਾਂ ਨੂੰ ਸ਼ੁੱਧ ਜਲ ਦੀ ਸਪਲਾਈ ਹੋ ਪਾਉਂਦੀ ਹੈ ਜਾਂ ਨਹੀਂ ਇਹ ਤਾਂ ਰੱਬ ਹੀ ਜਾਣਦਾ ਹੈ। ਸਿਵਲ ਸਰਜਨ ਡਾ. ਨਰਿੰਦਰ ਕੌਰ ਦੀ ਰਿਹਾਇਸ਼ ਦੇ ਬਾਹਰ ਸੀਵਰੇਜ ਦੀ ਲਾਈਨ ਨੂੰ ਠੀਕ ਕਰਨ ਲਈ ਪੁੱਟਿਆ ਟੋਇਆ ਜਿਉਂ ਦਾ ਤਿਉਂ ਪਿਆ ਹੈ, ਜੋ ਕਿ ਕੰਪਲੈਕਸ ਅੰਦਰ ਆਉਣ ਵਾਲੇ ਲੋਕਾਂ ਨੂੰ ਕਾਫੀ ਭੱਦਾ ਲੱਗਦਾ ਹੈ।
ਖਾਸ ਤੌਰ 'ਤੇ ਸਿਵਲ ਸਰਜਨ ਸਾਹਿਬ ਆਉਣ-ਜਾਣ ਲਈ ਦਿਨ 'ਚ ਪਤਾ ਨਹੀਂ ਕਿੰਨੀ ਵਾਰ ਇਸ ਰਸਤੇ ਦੀ ਵਰਤੋਂ ਕਰਦੇ ਹਨ। ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਉਨ੍ਹਾਂ ਵੀ ਇਸ ਨੂੰ ਠੀਕ ਕਰਾਉਣਾ ਮੁਨਾਸਿਬ ਨਹੀਂ ਸਮਝਿਆ।

!-- -->