ਅੰਮ੍ਰਿਤਸਰ - ਆਮ ਆਦਮੀ ਪਾਰਟੀ ਦੀ ਅੰਮ੍ਰਿਤਸਰ ਇਕਾਈ ਨੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ 'ਚ ਅੰਮ੍ਰਿਤਸਰ ਨਾਲ ਮਤਰੇਆ ਵਿਵਹਾਰ ਕਰਨ ਦਾ ਦੋਸ਼ ਲਾਇਆ ਹੈ। ਆਪ ਆਗੂਆਂ ਨੇ ਕਿਹਾ ਕਿ ਅੰਮ੍ਰਿਤਸਰ ਪਵਿੱਤਰ ਸ਼ਹਿਰ ਦੇ ਨਾਲ-ਨਾਲ ਸਰਹੱਦੀ ਜ਼ਿਲਾ ਵੀ ਹੈ, ਜਿਸ ਨੂੰ ਹਮੇਸ਼ਾ ਹੀ ਕਈ ਮੁਸ਼ਕਿਲਾਂ 'ਚੋਂ ਨਿਕਲਣਾ ਪੈਂਦਾ ਹੈ। ਸਰਹੱਦੀ ਇਲਾਕਿਆਂ 'ਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਦਿੱਤਾ ਗਿਆ ਹੈ। ਸਕੂਲਾਂ, ਹਸਪਤਾਲਾਂ ਤੇ ਮੁੱਢਲੇ ਵਿਕਾਸ ਢਾਂਚੇ ਲਈ ਕੋਈ ਵੀ ਵੱਖਰਾ ਬਜਟ ਨਾ ਰੱਖਣਾ ਸਾਬਿਤ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਪ੍ਰਤੀ ਸੰਜੀਦਾ ਨਹੀਂ ਹਨ। ਬਜਟ ਵਿਚ ਨਾ ਉਜੜੀ ਇੰਡਸਟਰੀ ਨੂੰ ਧਿਆਨ 'ਚ ਰੱਖਿਆ ਤੇ ਨਾ ਹੀ ਧਾਰਮਿਕ, ਇਤਿਹਾਸਕ ਮਹੱਤਤਾ ਵੱਲ ਕੋਈ ਧਿਆਨ ਦਿੱਤਾ ਗਿਆ।
ਸੂਬਾਈ ਆਗੂ ਕੁਲਦੀਪ ਸਿੰਘ ਧਾਰੀਵਾਲ, ਬੁਲਾਰੇ ਸਰਬਜੀਤ ਸਿੰਘ ਗੁੰਮਟਾਲਾ, ਡਾ. ਇੰਦਰਬੀਰ ਸਿੰਘ ਨਿੱਝਰ, ਜ਼ਿਲਾ ਪ੍ਰਧਾਨ ਕੁਲਜੀਤ ਸਿੰਘ 'ਸਿੰਘ ਬ੍ਰਦਰਜ਼', ਸਰਬਜੋਤ ਸਿੰਘ ਜੱਫਰਵਾਲ, ਜਸਕਰਨ ਸਿੰਘ ਬੰਦੇਸ਼ਾ, ਰਵਿੰਦਰ ਸੁਲਤਾਨਵਿੰਡ, ਸੁਖਜਿੰਦਰ ਸਿੰਘ ਪੰਨੂ ਤੇ ਸਤਪਾਲ ਸਿੰਘ ਸੋਖੀ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਪਲੇਠੇ ਬਜਟ ਨੂੰ ਪੰਜਾਬੀਆਂ ਨਾਲ ਕੋਝਾ ਮਜ਼ਾਕ ਕਰਾਰ ਦਿੰਦਿਆਂ ਸਾਂਝੇ ਬਿਆਨ 'ਚ ਕਿਹਾ ਕਿ ਇਹ ਬਜਟ ਪੰਜਾਬੀਆਂ ਨਾਲ ਸਰਕਾਰੀ ਤੌਰ 'ਤੇ ਕੀਤਾ ਗਿਆ ਧੋਖਾ ਹੈ। ਸਰਕਾਰ ਦੀ 100 ਦਿਨ ਦੀ ਕਾਰਗੁਜ਼ਾਰੀ ਤੋਂ ਪੰਜਾਬੀ ਪਹਿਲਾਂ ਤੋਂ ਹੀ ਨਿਰਾਸ਼ ਸਨ ਤੇ ਹੁਣ ਰਹੀ ਕਸਰ ਬਜਟ ਨੇ ਪੂਰੀ ਕਰ ਦਿੱਤੀ। ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ 'ਚ ਪੰਜਾਬੀਆਂ ਨਾਲ ਜੋ ਵਾਅਦੇ ਕਰ ਕੇ ਸੱਤਾ ਹਥਿਆਈ ਸੀ ਉਹ ਵਾਅਦੇ ਮੁੰਗੇਰੀ ਲਾਲ ਦੇ ਸੁਪਨਿਆਂ ਤੋਂ ਵੱਧ ਕੁਝ ਵੀ ਸਾਬਿਤ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਨਾ ਤਾਂ ਕਿਸਾਨਾਂ ਦੇ ਕਰਜ਼ੇ ਮੁਆਫੀ ਦਾ ਵਾਅਦਾ ਪੂਰਾ ਕੀਤਾ, ਨਾ ਹੀ ਪੜ੍ਹਾਈ ਦਾ ਮਿਆਰ ਉੱਚਾ ਚੁੱਕਣ ਵੱਲ ਕੋਈ ਧਿਆਨ ਦਿੱਤਾ। ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ 'ਚ ਇਹ ਸਰਕਾਰ ਬੁਰੀ ਤਰ੍ਹਾਂ ਅਸਫਲ ਰਹੀ ਤੇ ਨਾ ਹੀ ਇਸ ਸਰਕਾਰ ਨੇ ਬੁਢਾਪਾ ਪੈਨਸ਼ਨ ਵਾਲਾ ਵਾਅਦਾ ਪੂਰਾ ਕੀਤਾ, ਜੋ ਕਿ ਸੰਕੇਤ ਕਰਦਾ ਹੈ ਕਿ ਇਹ ਸਰਕਾਰ ਹਰ ਮੁਹਾਜ਼ 'ਤੇ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਅੰਮ੍ਰਿਤਸਰ ਦੀ ਇੰਡਸਟਰੀ ਉਜੜ ਚੁੱਕੀ ਹੈ, ਇਸ ਨੂੰ ਮੁੜ ਸਥਾਪਿਤ ਕਰਨ ਲਈ ਕੋਈ ਵੀ ਉਪਰਾਲਾ ਨਾ ਕਰਨਾ ਸਰਕਾਰ ਦੇ ਬਜਟ ਦੇ ਫੇਲ ਹੋਣ ਦਾ ਇਕ ਹੋਰ ਸਬੂਤ ਹੈ। ਅੰਮ੍ਰਿਤਸਰ 'ਚ ਸਭ ਤੋਂ ਵੱਧ ਸੈਲਾਨੀ ਆਉਂਦੇ ਹਨ ਪਰ ਸਰਕਾਰ ਨੇ ਮੁੱਢਲੇ ਢਾਂਚੇ ਨੂੰ ਅੰਤਰਰਾਸ਼ਟਰੀ ਪੱਧਰ ਦੇ ਯਾਤਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਬਿਲਕੁਲ ਨਕਾਰ ਦਿੱਤਾ ਹੈ। ਅੰਮ੍ਰਿਤਸਰ ਸਭ ਤੋਂ ਵੱਧ ਧਿਆਨ ਆਪਣੇ ਵੱਲ ਖਿੱਚਦਾ ਹੈ, ਨੂੰ ਸਭ ਤੋਂ ਵੱਧ ਬਜਟ 'ਚ ਅਣਗੌਲਿਆ ਕਰ ਦਿੱਤਾ ਗਿਆ ਹੈ।
ਪੀ. ਯੂ. 'ਚ ਪਹਿਲੀ ਵਾਰ ਵਾਰਡਨ ਬਣਨ ਲਈ ਅਧਿਆਪਕਾਂ ਤੋਂ ਮੰਗੀਆਂ ਅਰਜ਼ੀਆਂ
NEXT STORY