ਆਟਾ ਦਾਲ ਸਕੀਮ ਵਾਲੇ ਲਾਭਪਾਤਰੀ ਮੁਸ਼ਕਲ 'ਚ, ਸਰਕਾਰ ਤੋਂ ਕੀਤੀ ਇਹ ਮੰਗ

You Are HerePunjab
Friday, April 21, 2017-4:17 PM

ਬੰਗਾ (ਰਾਜ ਭਟੋਆ)— ਆਟਾ ਦਾਲ ਸਕੀਮ ਦੇ ਲਾਭਪਾਤਰੀ ਇਸ ਸਮੇਂ ਮੁਸ਼ਕਲ 'ਚ ਹਨ ਕਿ ਉਹ ਬਜ਼ਾਰੋਂ ਕਣਕ ਖਰੀਦਣ ਕੇ ਨਾਂ? ਕਿਉਂਕਿ ਸੂਬੇ ਦੀ ਸਰਕਾਰ ਦੇ ਨਵੇਂ ਐਲਾਨ ਮੁਤਾਬਕ ਹੁਣ ਇਸ ਸਕੀਮ ਦੇ ਲਾਭਪਾਤਰੀਆਂ ਦੀ ਜਾਂਚ ਹੋਵੇਗੀ, ਜਿਸ ਤੋਂ ਬਾਅਦ ਹੀ ਇਹ ਸਕੀਮ ਅੱਗੇ ਲਾਗੂ ਹੋਵੇਗੀ। ਇਸ 'ਚ ਸਰਕਾਰ ਦਾ ਇਹ ਤਰਕ ਹੈ ਕਿ ਪਿਛਲੀ ਸਰਕਾਰ ਨੇ ਵੋਟਾਂ ਲੈਣ ਦੇ ਲਈ, ਬਹੁਤ ਸਾਰੇ ਗਲਤ ਪਰਿਵਾਰਾਂ ਦੇ ਇਹ ਕਾਰਡ ਬਣਾ ਦਿੱਤੇ, ਜਿਸ ਕਰਕੇ ਉਨਾਂ ਨੂੰ ਇਹ ਜਾਂਚ ਕਰਨੀ ਪੈ ਰਹੀ ਹੈ। ਦੂਜੇ ਪਾਸੇ ਇਹ ਗਰੀਬ ਲਾਭਪਾਤਰੀ ਇਸ ਚਿੰਤਾ 'ਚ ਵੀ ਡੁੱਬੇ ਹੋਏ ਹਨ ਕਿ ਇਸ ਬਾਰ ਜਾਂਚ ਤੋਂ ਬਾਅਦ ਪਤਾ ਨਹੀ ਉਨਾਂ ਨੂੰ ਇਹ ਲਾਭ ਮਿਲੇਗਾ ਕਿ ਨਹੀ। ਇਸ ਸੰਬੰਧੀ ਪਿੰਡ ਖਾਨਪੁਰ 'ਚ ਇੱਕ ਆਟਾ ਦਾਲ ਸਕੀਮ ਦੇ ਲਾਭਪਾਤਰੀ ਦੀਪਾ, ਜੋ ਬਜ਼ਾਰ ਤੋਂ ਕਣਕ ਖਰੀਦਣ ਜਾ ਰਿਹਾ ਸੀ, ਨੇ ਗੱਲਬਾਤ ਦੌਰਾਨ ਆਪਣਾ ਦੁੱਖੜਾ ਦੱਸਦੇ ਕਿਹਾ ਕਿ, ਸਰਕਾਰ ਦੀ ਇਹ ਸਕੀਮ ਸਾਡੇ ਗਰੀਬਾਂ ਲਈ ਬਹੁਤ ਫਾਇਦੇਮੰਦ ਹੈ। ਜੇਕਰ ਇਸ ਸਕੀਮ ਦੇ ਮਿਲਣ ਦਾ ਪੱਕਾ ਸਮਾਂ ਮਿਲ ਜਾਵੇ, ਤਾਂ ਸਾਨੂੰ ਇਹ ਬਜ਼ਾਰੋਂ ਕਣਕ ਖਰੀਦਣੀ ਨਾਂ ਪਵੇ, ਜਿਸ ਨਾਲ ਸਾਡੇ ਕੁੱਝ ਪੈਸੇ ਬੱਚ ਜਾਣਗੇ, ਜੋ ਕਿ ਅਸੀਂ ਪੂਰਾ ਸਾਲ ਬਚਾ-ਬਚਾ ਕੇ ਰੱਖਦੇ ਹਾਂ ਉਹ ਸਾਡੇ ਕਿਸੇ ਹੋਰ ਕੰਮ ਆ ਸਕਣਗੇ। ਵਰਨਣਯੋਗ ਹੈ ਕਿ ਮਿਲੀ ਜਾਣਕਾਰੀ ਮੁਤਾਬਕ ਇਸ ਸਕੀਮ 'ਚ ਸਰਕਾਰ ਲਾਭਪਾਤਰੀ ਨੂੰ ਪ੍ਰਤੀ ਮੈਂਬਰ ਛੇ ਮਹੀਨੇ ਦੀ 30 ਕਿਲੋ ਕਣਕ ਅਤੇ ਦੋ ਕਿਲੋ ਦਾਲ ਦਿੰਦੀ ਸੀ ਪਰ ਇਸ ਸਕੀਮ ਦੇ ਲਾਭ ਕਿਸ ਮਹੀਨੇ ਮਿਲਣੇ ਹਨ ਇਸ ਦਾ ਕੋਈ ਪੱਕੇ ਤੌਰ 'ਤੇ ਫਿਕਸ ਸਮਾਂ ਨਹੀ ਹੁੰਦਾ ਸੀ।
ਅਗਰ ਦੇਣਾ ਹੈ, ਤਾਂ ਹੁਣ ਭਰ ਪੇਟ ਅੰਨ ਦਿਓ..
ਪਿੰਡ ਖਾਨਪੁਰ ਦੇ ਹੀ ਆਟਾ ਦਾਲ ਸਕੀਮ ਦੇ ਲਾਭਪਾਤਰੀ ਮਾਸਟਰ ਸੀਤਲ ਨੇ ਨਵੀਂ ਸਰਕਾਰ ਨੂੰ ਅਪੀਲ ਕੀਤੀ ਕਿ ਹੁਣ ਗਰੀਬਾਂ ਨੂੰ ਦੇਣਾ ਹੀ ਹੈ, ਤਾਂ ਭਰ ਪੇਟ ਅੰਨ ਦੇਣ ਦਾ ਪ੍ਰਬੰਧ ਕਰ ਦਿਓ। ਉਨਾਂ ਕਿਹਾ ਕਿ 30 ਕਿੱਲੋ ਨਾਲ ਛੇ ਮਹੀਨਿਆਂ 'ਚ ਇਕ ਆਦਮੀ ਦੀ ਭੁੱਖ ਨਹੀਂ ਮਿੱਟਦੀ। ਸੀਤਲ ਨੇ ਕਿਹਾ ਕਿ ਇਕ ਆਦਮੀ ਦਿਨ 'ਚ ਅੱਧਾ ਕਿਲੋ ਆਟੇ ਦੀਆਂ ਰੋਟੀਆ ਤਾਂ ਖਾ ਹੀ ਜਾਦਾਂ ਹੈ। ਇਸ ਹਿਸਾਬ ਨਾਲ ਸਰਕਾਰ ਹਰ ਮਹੀਨੇ 15 ਕਿੱਲੋ ਕਣਕ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰ ਦੇਵੇ, ਤਾਂ ਗਰੀਬਾਂ 'ਤੇ ਇਹ ਬਹੁਤ ਵੱਡਾ ਉਪਕਾਰ ਹੋਵੇਗਾ।
ਮੁਸ਼ਕਲ ਕਾਰਨ ਲਾਭਪਾਤਰੀ ਕਣਕ ਖਰੀਦਣ ਲੱਗੇ
ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਤੋਂ ਬਾਅਦ ਪਤਾ ਲੱਗ ਰਿਹਾ ਹੈ ਕਿ ਇਸ ਸਕੀਮ ਦੇ ਬਹੁਤੇ ਲਾਭਪਾਤਰੀ ਇੱਧਰੋਂ ਉੱਧਰੋਂ ਪੈਸਿਆਂ ਦਾ ਪ੍ਰਬੰਧ ਕਰਕੇ ਬਜ਼ਾਰੋਂ ਕਣਕ ਖਰੀਦ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਸੀਜ਼ਨ ਹੈ, ਕਣਕ ਮਿਲ ਰਹੀ ਹੈ, ਸੀਜ਼ਨ ਤੋਂ ਬਾਅਦ ਕਈ ਬਾਰ ਨਹੀਂ ਮਿਲਦੀ। ਸਰਕਾਰ ਦੀ ਸਕੀਮ ਪਤਾ ਨਹੀ ਕਦੋਂ ਮਿਲੇ, ਨਾਂ ਮਿਲੇ।
ਸਰਕਾਰ ਜਲਦੀ ਲਾਭਪਾਤਰੀਆਂ ਨੂੰ ਭਰੋਸੇ 'ਚ ਲਵੇ-ਨੂਰਪੁਰੀ
ਇਸ ਸੰਬੰਧੀ ਕਾਮਰੇਡ ਨੂਰਪੁਰੀ ਨੇ ਸੂਬੇ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਗਰੀਬਾਂ ਨੂੰ ਮਿਲਣ ਵਾਲੀ ਆਟਾ ਦਾਲ ਸਕੀਮ ਸੰਬੰਧੀ ਜਲਦੀ ਕੋਈ ਭਰੋਸੇਯੋਗ ਐਲਾਨ ਕਰੇ ਤਾਂ ਕਿ ਲਾਭਪਾਤਰੀ ਭਰੋਸੇ 'ਚ ਰਹਿਣ, ਅਤੇ ਉਨਾਂ ਦੀਆਂ ਮੁਸ਼ਕਲਾਂ ਦੂਰ ਹੋ ਸਕਣ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.