ਪਟਿਆਲਾ : ਕਾਂਗਰਸ ਨੂੰ ਵੀਰਵਾਰ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਵਲੋਂ ਪਟਿਆਲਾ ਦੇ ਵਾਈਸ ਚੇਅਰਮੈਨ ਬਣਾਏ ਗਏ ਸੁਰੇਸ਼ ਗੋਗੀਆ ਨੇ ਆਪਣੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਜਗਮੀਤ ਬਰਾੜ ਨੂੰ ਸਮਰਥਨ ਦੇ ਦਿੱਤਾ। ਇਸ ਤੋਂ ਬਾਅਦ ਪੰਜਾਬੀਅਤ ਮਹਾਂਗਠਜੋੜ ਬਣਾਉਣ ਸੰਬੰਧੀ ਆਪਣੀ ਪਾਰਟੀ ਦਾ ਐਲਾਨ ਕਰਨ ਵਾਲੇ ਜਗਮੀਤ ਸਿੰਘ ਬਰਾੜ ਵੀ ਐਕਸ਼ਨ 'ਚ ਆ ਗਏ ਅਤੇ ਗੋਗੀਆ ਨਾਲ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।
ਇਸ ਮੌਕੇ ਬਰਾੜ ਨੇ ਕਿਹਾ ਕਿ ਉਹ ਸੁਰੇਸ਼ ਗੋਗੀਆ ਵਲੋਂ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਸੁਆਗਤ ਕਰਦੇ ਹਨ। ਉਨ੍ਹਾਂ ਕਿਹਾ ਕਿ ਗੋਗੀਆ ਨੇ ਪਾਰਟੀ ਤੋਂ ਅਸਤੀਫਾ ਦੇ ਕੇ ਲੋਕਾਂ ਦੀ ਸੇਵਾ ਕਰਨ ਦਾ ਸਹੀ ਫੈਸਲਾ ਲਿਆ ਹੈ। ਇਸ ਦੌਰਾਨ ਗੋਗੀਆ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਉਨ੍ਹਾਂ ਨੇ ਬਾਦਲ ਅਤੇ ਕੈਪਟਨ ਵਿਚਕਾਰ ਖੇਡਿਆ ਗਿਆ ਫਿਕਸ ਮੈਚ ਦੇਖਿਆ, ਜਦੋਂ ਪਟਿਆਲਾ 'ਚ ਉਪ ਚੋਣਾਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਹ ਦੇਖਿਆ ਕਿ ਕਿਵੇਂ ਕੈਪਟਨ ਨੇ ਮਜੀਠੀਆ ਨੂੰ ਬਚਾਇਆ ਅਤੇ ਬਾਦਲ ਕਦੇ ਵੀ ਕੈਪਟਨ ਦੇ ਕੇਸਾਂ ਬਾਰੇ ਨਹੀਂ ਬੋਲੇ ਪਰ ਬਰਾੜ ਦੇ ਸੱਦੇ ਤੋਂ ਬਾਅਦ ਆਖਰ ਉਨ੍ਹਾਂ ਨੂੰ ਸਾਫ-ਸੁਥਰਾ ਮੰਚ ਮਿਲ ਹੀ ਗਿਆ, ਜਿਸ ਰਾਹੀਂ ਪੰਜਾਬ ਨੂੰ ਕੈਪਟਨ ਅਤੇ ਉਸ ਦੇ ਪਰਿਵਾਰ ਦੇ ਭ੍ਰਿਸ਼ਟ ਸਾਏ ਤੋਂ ਬਚਾਇਆ ਜਾ ਸਕਦਾ ਹੈ।
ਗੋਗੀਆ ਨੇ ਕਿਹਾ ਕਿ ਇਕ ਕਾਂਗਰਸੀ ਵਰਕਰ ਕਿਵੇਂ ਅਕਾਲੀਆਂ ਖਿਲਾਫ ਬੋਲ ਸਕਦਾ ਹੈ, ਜਦੋਂ ਕਿ ਉਨ੍ਹਾਂ ਦੇ ਆਪਣੇ ਨੇਤਾ ਸੈਂਕੜੇ ਕਰੋੜਾਂ ਦੇ ਘੋਟਾਲਿਆਂ ਦੇ ਦੋਸ਼ੀ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਅਕਾਲੀਆਂ ਵਲੋਂ ਕਾਂਗਰਸੀ ਵਰਕਰਾਂ 'ਤੇ ਝੂਠੇ ਕੇਸ ਦਰਜ ਕੀਤੇ ਜਾਂਦੇ ਹਨ ਤਾਂ ਇਹ ਵਰਕਰ ਕੈਪਟਨ ਤੱਕ ਨਹੀਂ ਪਹੁੰਚ ਪਾਉਂਦੇ ਕਿਉਂਕਿ ਉਹ ਪੈਸੇ ਅਤੇ ਰਾਜਸ਼ਾਹੀ ਦੀਆਂ ਉੱਚੀਆਂ ਕੰਧਾਂ ਨਾਲ ਘਿਰੇ ਹੋਏ ਹਨ। ਜਦੋਂ ਬਰਾੜ ਤੋਂ ਇਹ ਪੁੱਛਿਆ ਗਿਆ ਕਿ ਕੀ ਉਹ ਕਿਸ ਦੇ ਸੰਪਰਕ 'ਚ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਬੈਂਸ ਭਰਾਵਾਂ, ਨਵਜੋਤ ਸਿੰਘ ਸਿੱਧੂ, ਪਰਗਟ ਸਿੰਘ ਅਤੇ ਬੁਲਾਰੀਅਆ ਵਰਗੇ ਆਗੂਆਂ ਨਾਲ ਗਠਜੋੜ ਲਈ ਅੱਗੇ ਵਧੇ ਹਨ ਅਤੇ ਉਨ੍ਹਾਂ ਨੂੰ ਪਹਿਲਾਂ ਹੀ ਗਠਜੋੜ 'ਚ ਸ਼ਾਮਲ ਹੋÎਣ ਅਤੇ ਇਸ ਦੀ ਅਗਵਾਈ ਕਰਨ ਦਾ ਸੱਦਾ ਦੇ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਆਗੂਆਂ ਨਾਲ ਬੈਠਕਾਂ ਕੀਤੀਆਂ ਜਾ ਸਕਦੀਆਂ ਹਨ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
NEXT STORY