ਤਲਵੰਡੀ ਮੱਲੀਆਂ/ਮੋਗਾ (ਪਵਨ ਗਰੋਵਰ)— ਪਾਕਿਸਤਾਨ ਸੀਮਾ 'ਤੇ ਪਾਕਿਸਤਾਨੀ ਦਹਿਸ਼ਤਗਰਦਾਂ ਵੱਲੋਂ ਅੱਜ ਰਜ਼ੌਰੀ ਜ਼ਿਲੇ ਦੇ ਨੌਸ਼ਹਿਰਾ ਸੈਕਟਰ ਦੇ ਭਵਾਨੀ ਝਾਂਗਰ ਖੇਤਰ 'ਚ ਕੀਤੀ ਗੋਲੀਬਾਰੀ 'ਚ ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਮੱਲੀਆਂ ਦਾ ਜਵਾਨ ਜਸਪ੍ਰੀਤ ਸਿੰਘ ਜੱਸੀ ਸ਼ਹੀਦ ਹੋ ਗਿਆ। ਜੱਸੀ ਦੀ ਮੌਤ ਦੀ ਖਬਰ ਸੁਣਦਿਆਂ ਹੀ ਛੋਟੇ ਭਰਾਵਾਂ, ਭੈਣ ਅਤੇ ਮਾਂ-ਬਾਪ ਨੂੰ ਦੰਦਲਾਂ ਪੈਣੀਆਂ ਸ਼ੁਰੂ ਹੋ ਗਈਆਂ, ਕਿਉਂਕਿ ਮਾਪਿਆਂ ਦੀ ਅੱਖਾਂ ਦਾ ਤਾਰਾ ਜੱਸੀ ਅਜੇ ਚਾਰ ਕੁ ਸਾਲ ਪਹਿਲਾਂ ਹੀ ਭਾਰਤੀ ਫੌਜ 'ਚ ਭਰਤੀ ਹੋ ਕੇ, ਪੂਰੇ ਪਰਿਵਾਰ ਦੇ ਪਾਲਣ-ਪੋਸ਼ਣ ਦਾ ਸਹਾਰਾ ਬਣਿਆ ਸੀ। ਜਿੱਥੇ ਪਰਿਵਾਰਿਕ ਮੈਂਬਰਾਂ ਨੂੰ ਜੱਸੀ ਦੀ ਮੌਤ 'ਤੇ ਯਕੀਨ ਨਹੀਂ ਹੋ ਰਿਹਾ ਉਥੇ ਪੂਰਾ ਪਿੰਡ ਵੀ ਸਦਮੇ 'ਚ ਹੈ।
'ਜਗ ਬਾਣੀ' ਵਲੋਂ ਪਿੰਡ 'ਚੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗਰੀਬ ਪਰਿਵਾਰ ਨਾਲ ਸੰਬੰਧਤ ਅਤੇ ਰਾਜਗਿਰੀ ਦਾ ਕੰਮ ਕਰਦੇ ਸਰਵਣ ਸਿੰਘ ਦਾ ਬੇਟਾ ਜਸਪ੍ਰੀਤ ਜੱਸੀ ਲੱਗਭੱਗ 4 ਸਾਲ ਪਹਿਲਾਂ ਭਾਰਤੀ ਫੌਜ ਦੀ 8 ਸਿੱਖ ਲਾਈ ਯੂਨਿਟ 'ਚ ਭਰਤੀ ਹੋਇਆ ਸੀ। ਬਾਰ•ਵੀਂ ਤੱਕ ਦੀ ਮੁੱਢਲੀ ਸਿੱਖਿਆ ਜੱਸੀ ਨੇ ਪਿੰਡ ਦੇ ਸਕੂਲ 'ਚੋਂ ਹੀ ਪ੍ਰਾਪਤ ਕੀਤੀ ਅਤੇ ਬਾਅਦ 'ਚ ਫੌਜ਼ ਪਾਸੋਂ ਟ੍ਰੇਨਿੰਗ ਲੈ ਕੇ ਫੌਜ 'ਚ ਭਰਤੀ ਹੋ ਗਿਆ। ਮਾਤਾ ਹਰਜਿੰਦਰ ਕੌਰ ਦੀ ਕੁੱਖੋਂ ਜਨਮੇ ਜਸਪ੍ਰੀਤ ਸਿੰਘ ਜੱਸੀ ਨੇ ਆਪਣੀ ਵੱਡੀ ਭੈਣ ਪਰਵਿੰਦਰ ਕੌਰ ਦੀ ਡੋਲੀ ਦਸੰਬਰ ਮਹੀਨੇ ਚਾਵਾਂ-ਮਲਾਰਾਂ ਨਾਲ ਤੋਰੀ ਅਤੇ ਉਸਤੋਂ ਬਾਅਦ ਅੱਜ ਤੱਕ ਜੱਸੀ ਭਾਰਤ-ਪਾਕਿਸਤਾਨ ਸੀਮਾ 'ਤੇ ਡਿਊਟੀ ਦੇ ਰਿਹਾ ਸੀ। ਇਸਤੋਂ ਇਲਾਵਾ ਜਸਪ੍ਰੀਤ ਸਿੰਘ ਜੱਸੀ ਦੇ ਛੋਟੇ ਭਰਾ, ਕੁਲਦੀਪ ਸਿੰਘ, ਕੁਲਦੀਪ ਸਿੰਘ ਗੋਪੀ ਅਤੇ ਸੱਤਵੀਂ 'ਚ ਪੜ•ਦੀ ਛੋਟੀ ਭੈਣ ਵੀਰਪਾਲ ਕੌਰ ਵੀ ਸਦਮੇ 'ਚ ਬਾਹਰ ਨਹੀਂ ਆ ਰਹੀ।
ਸ਼ਾਮ 4 ਵਜੇ ਆਇਆ ਅਧਿਕਾਰੀਆਂ ਦਾ ਫੋਨ, ਛੋਟੇ ਭਰਾ ਦੇ ਸੁਣਕੇ ਉੱਡੇ ਹੋਸ਼
ਭਰੇ ਮਨ ਨਾਲ ਗੱਲਬਾਤ ਕਰਦਿਆਂ ਸ਼ਹੀਦ ਜਸਪ੍ਰੀਤ ਸਿੰਘ ਜੱਸੀ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਸ਼ਾਮ 4 ਕੁ ਵਜੇ ਦੇ ਕਰੀਬ ਉਨ੍ਹਾਂ ਦੇ ਫੋਨ 'ਤੇ ਭਾਰਤੀ ਫੋਜ ਦੇ ਅਧਿਕਾਰੀਆਂ ਦਾ ਫੋਨ ਆਇਆ ਕਿ ਭਾਰਤ-ਪਾਕਿਸਤਾਨ ਸੀਮਾ 'ਤੇ ਗੋਲਾਬਾਰੀ ਹੋ ਰਹੀ ਹੈ, ਜਿਸ ਦੌਰਾਨ ਜਸਪ੍ਰੀਤ ਜੱਸੀ ਦੇ ਦੋ ਫਾਇਰ ਲੱਗੇ ਅਤੇ ਉਹ ਸ਼ਹੀਦ ਹੋ ਗਿਆ ਹੈ। ਭਰਾ ਦੀ ਸ਼ਹਾਦਤ ਦੀ ਖਬਰ ਸੁਣਦਿਆਂ ਹੀ ਕੁਲਦੀਪ ਆਪਣਾ ਹੋਸ਼ ਗਵਾ ਬੈਠਾ ਅਤੇ ਪੂਰਾ ਪਰਿਵਾਰ ਸਦਮੇ 'ਚ ਡੁੱਬ ਗਿਆ। ਜੱਸੀ ਦੇ ਘਰ ਪਿੰਡ ਵਾਸੀਆਂ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਪਹੁੰਚਕੇ ਪਰਿਵਾਰ ਨੂੰ ਦਿਲਾਸਾ ਦਿੱਤਾ ਜਾ ਰਿਹਾ ਹੈ ਅਤੇ ਜੱਸੀ ਦੀ ਮ੍ਰਿਤਕ ਦੇਹ ਦਾ ਪਿੰਡ ਆਉਣ 'ਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ।
ਨਿੱਕਾ ਹੁੰਦਾ ਮਾਪਿਆਂ ਨੂੰ ਕਹਿੰਦਾ ਸੀ, ਮੈਂ ਦੇਸ਼ ਲਈ ਸ਼ਹੀਦ ਹੋਣਾ..
ਪਿਤਾ ਸਰਵਣ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਜਦੋਂ ਜੱਸੀ ਫੌਜ਼ 'ਚ ਭਰਤੀ ਹੋਇਆ ਤਾਂ ਪੂਰਾ ਪਰਿਵਾਰ ਖੁਸ਼ੀ ਨਾਲ ਖੀਵਾ ਹੋ ਗਿਆ ਸੀ ਕਿਉਂਕਿ ਪਰਿਵਾਰ ਦੇ ਸੱਤ ਮੈਂਬਰਾਂ ਦੇ ਪਾਲਣ ਪੋਸ਼ਣ ਲਈ ਇੱਕੋ-ਇੱਕ ਸਹਾਰਾ ਬਣਕੇ ਸਾਹਮਣੇ ਆਇਆ ਸੀ। ਪਿਤਾ ਨੇ ਦੱਸਿਆ ਕਿ ਛੋਟੀ ਉਮਰੇਂ ਜੱਸੀ ਅਕਸਰ ਹੀ ਕਹਿੰਦਾ ਸੀ ਕਿ 'ਭਾਪਾ ਮੈਂ ਵੱਡਾ ਹੋ ਕੇ ਫੋਜ਼ੀ ਬਣਾਂਗਾ ਅਤੇ ਦੇਸ਼ ਲਈ ਸ਼ਹਾਦਤ ਪ੍ਰਾਪਤ ਕਰਕੇ ਪਿੰਡ ਅਤੇ ਮਾਪਿਆਂ ਦਾ ਨਾਮ ਰੁਸ਼ਨਾਵਾਂਗਾਂ' ਅਤੇ ਅੱਜ ਉਸਦੇ ਸੱਚ ਹੋਏ ਲਫਜ਼ਾਂ ਨੇ ਸਮੁੱਚੇ ਪਰਿਵਾਰ ਨੂੰ ਕੱਖੋਂ ਹੌਲੇ ਕਰਕੇ ਰੱਖ ਦਿੱਤਾ ਹੈ।
ਭਰਜਾਈ ਦੇ ਕਤਲ ਕੇਸ 'ਚ ਜੇਲ੍ਹ ਗਏ ਵਿਅਕਤੀ ਦੀ ਮੌਤ
NEXT STORY