ਬ੍ਰਿਟਿਸ਼ ਕੋਲੰਬੀਆ—ਭਾਰਤ ਤੋਂ ਲੈ ਕੇ ਕੈਨੇਡਾ ਤਕ ਚਰਚਾ ਦਾ ਵਿਸ਼ਾ ਬਣੇ ਤੇ ਸੰਨ 2000 'ਚ ਵਾਪਰੇ 25 ਸਾਲਾ ਜੱਸੀ ਸਿੱਧੂ ਕਤਲ ਕਾਂਡ ਮਾਮਲੇ 'ਚ ਕੈਨੇਡਾ ਦੀ ਅਦਾਲਤ ਵਲੋਂ ਅੱਜ ਫੈਸਲਾ ਸੁਣਾ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕੈਨੇਡਾ ਦੀ ਨਾਗਰਿਕ ਜਸਵਿੰਦਰ ਕੌਰ ਜੱਸੀ ਸਿੱਧੂ ਨੂੰ ਸੁਪਾਰੀ ਦੇ ਕੇ ਕਤਲ ਕਰਵਾਉਣ ਦੇ ਮਾਮਲੇ 'ਚ ਕਿਹਾ ਕਿ ਮ੍ਰਿਤਕਾ ਦੀ ਮਾਂ ਮਲਕੀਤ ਕੌਰ ਸਿੱਧੂ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੂੰ ਭਾਰਤ ਦੇ ਹਵਾਲੇ ਕੀਤਾ ਜਾਣਾ ਚਾਹੀਦਾ ਹੈ। ਕੈਨੇਡਾ ਦੀ ਸੁਪਰੀਮ ਕੋਰਟ ਬੀਤੇ ਵਰ੍ਹੇ ਜੱਸੀ ਦੀ ਮਾਂ ਮਲਕੀਤ ਸਿੱਧੂ ਤੇ ਮਾਮਲੇ ਸੁਰਜੀਤ ਬਦੇਸ਼ਾ ਨੂੰ ਭਾਰਤ ਸਪੁਰਦਗੀ ਦੀ ਸਮੀਖਿਆ ਲਈ ਅਪੀਲ 'ਤੇ ਸੁਣਵਾਈ ਲਈ ਰਾਜ਼ੀ ਹੋ ਗਈ ਸੀ। ਜੱਸੀ ਦੀ ਮਾਂ ਤੇ ਮਾਮੇ ਨੇ ਹਵਾਲਗੀ ਵਿਰੁੱਧ ਅਪੀਲ ਕੀਤੀ ਸੀ। ਜੱਸੀ ਦੀ ਮਾਂ ਤੇ ਮਾਮੇ ਦੋਵਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਪੰਜਾਬ 'ਚ ਪ੍ਰੇਮ ਵਿਆਹ ਕਰਵਾਉਣ ਵਾਲੀ ਜੱਸੀ ਸਿੱਧੂ ਨੂੰ ਕੈਨੇਡਾ ਤੋਂ ਸੁਪਾਰੀ ਦੇ ਕੇ ਕਤਲ ਕਰਵਾਇਆ ਸੀ। ਅੱਜ ਅਦਾਲਤ ਨੇ ਦੋਵਾਂ ਦੀ ਅਪੀਲ ਨੂੰ ਖਾਰਜ਼ ਕਰਦਿਆਂ ਕਿਹਾ ਕਿ ਅਪੀਲ 'ਚ ਕੋਈ ਵੀ ਠੋਸ ਆਧਾਰ ਨਹੀਂ ਦਿੱਤਾ ਗਿਆ, ਜਿਸ ਕਾਰਨ ਇਨ੍ਹਾਂ ਦੋਵਾਂ ਨੂੰ ਭਾਰਤ ਹਵਾਲੇ ਨਾ ਕੀਤਾ ਜਾਵੇ। ਸੰਭਾਵਨਾ ਹੈ ਕਿ ਹੁਣ ਦੋਵਾਂ ਨੂੰ ਜਲਦ ਹੀ ਭਾਰਤ ਹਵਾਲੇ ਕੀਤਾ ਜਾ ਸਕਦਾ ਹੈ।
ਕੀ ਸੀ ਮਾਮਲਾ
ਜੱਸੀ ਸਿੱਧੂ ਦਾ ਅਣਖ ਲਈ ਕੀਤਾ ਗਿਆ ਕਤਲ ਸੀ। ਜੱਸੀ ਨੂੰ ਆਪਣੀ ਜਾਨ ਇਸ ਲਈ ਦੇਣੀ ਪਈ ਕਿਉਂਕਿ ਉਹ ਪੰਜਾਬ ਦੇ ਇਕ ਗ਼ਰੀਬ ਆਟੋ ਚਾਲਕ ਮਿੱਠੂ ਨਾਮਕ ਨੌਜਵਾਨ ਨੂੰ ਪਿਆਰ ਕਰਦੀ ਸੀ। ਘਰਦਿਆਂ ਦੀ ਮਰਜ਼ੀ ਤੋਂ ਬਾਹਰ ਜਾ ਕੇ ਉਸ ਨੇ ਨੌਜਵਾਨ ਨਾਲ ਪਿਆਰ ਕੀਤਾ ਸੀ।
ਕਹਾਣੀ ਦੀ ਸ਼ੁਰੂਆਤ 1994 ਦੇ ਆਸ-ਪਾਸ ਉਸੇ ਸਮੇਂ ਹੁੰਦੀ ਜਦੋਂ ਕੈਨੇਡਾ ਤੋਂ ਜੱਸੀ ਸਿੱਧੂ ਆਪਣੇ ਮਾਪਿਆ ਨਾਲ ਪੰਜਾਬ ਘੁੰਮਣ ਲਈ ਆਈ ਸੀ। ਜੱਸੀ ਦਾ ਜੱਦੀ ਪਿੰਡ ਲੁਧਿਆਣਾ ਜ਼ਿਲ੍ਹੇ ਦਾ ਕਾਉਂਕੇ ਕਲਾਂ ਹੈ। ਪਿੰਡ ਵਿੱਚ ਉਸ ਦਾ ਸੰਪਰਕ ਨੌਜਵਾਨ ਸੁਖਵਿੰਦਰ ਸਿੰਘ ਮਿੱਠੂ ਨਾਲ ਹੋਇਆ ਅਤੇ ਦੋਵਾਂ ਦੇ ਪ੍ਰੇਮ ਸਬੰਧ ਬਣ ਗਏ। ਮਿੱਠੂ ਪਿੰਡ 'ਚ ਆਟੋ ਚਲਉਂਦਾ ਸੀ। ਇਸ ਤੋਂ ਬਾਅਦ ਜੱਸੀ ਫਿਰ ਤੋਂ ਵਾਪਸ ਕੈਨੇਡਾ ਚੱਲੇਗੀ। ਕੈਨੇਡਾ ਜਾ ਕੇ ਜੱਸੀ ਅਤੇ ਮਿੱਠੂ ਦਾ ਆਪਸ ਵਿੱਚ ਸੰਪਰਕ ਰਿਹਾ। ਅਪ੍ਰੈਲ 1999 ਨੂੰ ਜੱਸੀ ਆਪਣੇ ਮਾਪਿਆਂ ਨੂੰ ਦੱਸੇ ਬਿਨਾਂ ਪੰਜਾਬ ਆਈ ਅਤੇ ਦੋਵਾਂ ਨੇ ਪ੍ਰੇਮ ਵਿਆਹ ਕਰਵਾ ਲਿਆ। ਵਿਆਹ ਕਰਵਾਉਣ ਤੋਂ ਬਾਅਦ ਜੱਸੀ ਫਿਰ ਤੋਂ ਕੈਨੇਡਾ ਚੱਲੇਗੀ।
ਜੱਸੀ ਦੇ ਮਾਪਿਆਂ ਨੂੰ ਉਸ ਦੇ ਵਿਆਹ ਦਾ ਪਤਾ ਲੱਗਣ ਉੱਤੇ ਸਥਿਤੀ ਖ਼ਰਾਬ ਹੁੰਦੀ ਗਈ। ਜੱਸੀ ਨੇ ਇਸ ਨੂੰ ਲੈ ਕੇ ਮਾਪਿਆਂ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ। ਉੱਧਰ ਦੂਜੇ ਪਾਸੇ ਜੱਸੀ ਦੇ ਮਾਮੇ ਸੁਰਜੀਤ ਸਿੰਘ ਬਦੇਸ਼ਾ ਨੇ ਜਗਰਾਓਂ ਪੁਲਸ ਥਾਣੇ ਵਿੱਚ ਮਿੱਠੂ ਖ਼ਿਲਾਫ਼ ਕਥਿਤ ਤੌਰ 'ਤੇ ਝੂਠਾ ਕੇਸ ਦਰਜ ਕਰਵਾ ਦਿੱਤਾ। 12 ਮਈ 2000 ਨੂੰ ਜੱਸੀ ਕੈਨੇਡਾ ਤੋਂ ਵਾਪਸ ਪੰਜਾਬ ਆ ਗਈ ਅਤੇ ਉਸ ਨੇ ਥਾਣੇ ਵਿੱਚ ਬਿਆਨ ਦਰਜ ਕਰਵਾ ਕੇ ਮਿੱਠੂ ਨੂੰ ਰਿਹਾਅ ਕਰਵਾ ਲਿਆ।
ਇਸ ਤੋਂ ਬਾਅਦ ਦੋਵਾਂ ਨੇ ਇਕੱਠਿਆਂ ਰਹਿਣਾ ਸ਼ੁਰੂ ਕਰ ਦਿੱਤਾ। ਪਰ 8 ਜੂਨ 2000 ਨੂੰ ਜੱਸੀ ਅਤੇ ਮਿੱਠੂ ਉੱਤੇ ਕੁਝ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲੇ ਵਿੱਚ ਮਿੱਠੂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਹਮਲਾਵਰ ਜੱਸੀ ਨੂੰ ਅਗਵਾ ਕਰ ਕੇ ਆਪਣੇ ਨਾਲ ਲੈ ਗਏ। 9 ਜੂਨ ਨੂੰ ਪੁਲਸ ਨੇ ਜੱਸੀ ਦੀ ਲਾਸ਼ ਨਹਿਰ ਕੋਲੋਂ ਬਰਾਮਦ ਕੀਤੀ। ਕੈਨੇਡਾ ਪੁਲਸ ਵੱਲੋਂ ਕੀਤੀ ਜਾਂਚ ਦੌਰਾਨ ਪੰਜਾਬ ਪੁਲਸ ਨੇ ਇਸ ਮਾਮਲੇ 'ਚ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ। 5 ਜਨਵਰੀ, 2012 ਨੂੰ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਹਵਾਲਗੀ ਕਾਨੂੰਨ ਤਹਿਤ ਜੱਸੀ ਸਿੱਧੂ ਦੀ ਮਾਂ ਮਲਕੀਤ ਕੌਰ ਸਿੱਧੂ ਤੇ 67 ਸਾਲਾ ਮਾਮੇ ਸੁਰਜੀਤ ਸਿੰਘ ਬਦੇਸ਼ਾ ਦੇ ਗ੍ਰਿਫਤਾਰੀ ਵਾਰੰਟ ਕੱਢੇ। ਜਿਸ ਪਿੱਛੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਹਾਲੀਵੁੱਡ ਬਣਾ ਚੁੱਕੈ ਫਿਲਮ
ਇਸ ਘਟਨਾ ਉੱਤੇ ਹਾਲੀਵੁੱਡ ਦੀ ਇਕ ਫ਼ਿਲਮ 'Murder Unveiled' ਵੀ ਬਣੀ ਹੋਈ ਹੈ। ਇਸ ਸਾਰੇ ਮਾਮਲੇ 'ਤੇ ਇਕ 'ਜਸਟੀਸ ਫਾਰ ਜੱਸੀ' ਨਾਂ ਦੀ ਕਿਤਾਬ ਵੀ ਲਿਖੀ ਗਈ ਸੀ। ਜੋ ਕਿ ਕੈਨੇਡਾ 'ਚ ਈ-ਬੁੱਕ ਦੇ ਤੌਰ 'ਤੇ ਰਿਲੀਜ਼ ਕੀਤੀ ਗਈ ਸੀ। ਇਸ ਕਿਤਾਬ ਦੇ ਆਧਾਰ 'ਤੇ ਕੈਨੇਡਾ ਦੇ ਮਸ਼ਹੂਰ ਟੀ.ਵੀ. ਚੈਨਲ ਸੀ.ਬੀ.ਸੀ. ਨੇ ਅੱਧੇ ਘੰਟੇ ਦਾ ਸ਼ੋਅ ਵੀ ਦਿਖਾਇਆ, ਜਿਸ ਵਿਚ ਦਿਖਾਇਆ ਗਿਆ ਕਿ ਜਸਵਿੰਦਰ ਕੌਰ ਜੱਸੀ ਤੇ ਮਿੱਠੂ ਨਾਲ ਕੀ-ਕੀ ਹੋਇਆ।
ਗੌਰੀ ਲੰਕੇਸ਼ ਦੀ ਹੱਤਿਆ ਦੇ ਵਿਰੋਧ 'ਚ ਪੱਤਰਕਾਰਾਂ ਕੱਢਿਆ ਰੋਸ ਮਾਰਚ
NEXT STORY