ਫਰੀਦਕੋਟ/ਬਠਿੰਡਾ (ਹਾਲੀ/ਬਲਵਿੰਦਰ)— ਇੱਥੋਂ ਦੇ ਦਬੜੀਖਾਨਾ ਪਿੰਡ 'ਚ ਪੁਲਸ ਵੱਲੋਂ ਜਾਅਲੀ ਐਨਕਾਊਂਟਰ ਕਰ ਕੇ ਇਕ ਕਬੱਡੀ ਖਿਡਾਰੀ ਨੂੰ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਜਮੇਰ ਸਿੰਘ ਉਰਫ ਜਿੰਮੀ ਵੱਜੋਂ ਕੀਤੀ ਗਈ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਵਿਅਕਤੀ ਦੇ ਖਿਲਾਫ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਹੈ। ਉਹ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲ ਦਾ ਰਹਿਣ ਵਾਲਾ ਸੀ। ਜਿੰਮੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਸ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੇ ਮੁੰਡੇ ਦੀ ਮੌਤ ਹੋਈ ਹੈ। ਦੋ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ।
ਦੱਸਣਯੋਗ ਹੈ ਕਿ ਵੀਰਵਾਰ ਰਾਤ ਜਿੰਮੀ ਪਿੰਡ ਜੀਂਦਾ 'ਚ ਸਥਿਤ ਸਹੁਰੇ ਘਰੋਂ ਆਪਣੇ ਘਰ ਥਾਂਦੇਵਾਲ ਲਈ ਨਿਕਲਿਆ ਸੀ। ਰਾਹ 'ਚ ਉਸ ਦੀ ਕਾਰ ਖਰਾਬ ਹੋ ਗਈ। ਜਿਸ ਕਰਾਨ ਉਸ ਨੇ ਵਾਪਸ ਮੁੜ ਕੇ ਆਪਣੇ ਸਹੁਰੇ ਘਰ ਦੀ ਕਾਰ ਲਈ ਅਤੇ ਥਾਂਦੇਵਾਲ ਲਈ ਚੱਲ ਪਿਆ। ਰਾਹ 'ਚ ਅਚਾਨਕ ਪੁਲਸ ਉਸ ਦੇ ਪਿੱਛੇ ਲੱਗ ਗਈ। ਘਬਰਾ ਕੇ ਉਸ ਨੇ ਆਪਣੇ ਘਰ ਫੋਨ ਕੀਤਾ ਅਤੇ ਇਸ ਸਬੰਧੀ ਸਾਰੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਕਿ ਪਰਿਵਾਰ ਦੇ ਮੈਂਬਰ ਕੁਝ ਕਰਦੇ, ਪੁਲਸ ਨੇ ਉਸ ਨੂੰ ਐਨਕਾਊਂਟਰ 'ਚ ਮਾਰ ਦਿੱਤਾ। ਜਿੰਮੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੀ ਮਦਦ ਲਈ ਕੁੱਝ ਦੋਸਤਾਂ ਨੂੰ ਉਸ ਦੇ ਮਗਰ ਭੇਜਿਆ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਪੀੜਿਤ ਪਰਿਵਾਰ ਇਸ ਫਰਜ਼ੀ ਐਨਕਾਊਂਟਰ ਨੂੰ ਅੰਜ਼ਾਮ ਦੇਣ ਵਾਲੇ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਹੈ।
ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਠਿੰਡਾ ਸੀ. ਆਈ. ਏ. ਨੂੰ ਬੁੱਧਵਾਰ ਰਾਤ ਇਹ ਜਾਣਕਾਰੀ ਮਿਲੀ ਸੀ ਕਿ ਸਵਿੱਫਟ ਕਾਰ 'ਚ ਗੈਂਗਸਟਰ ਰਣਜੀਤ ਰਾਣਾ ਸ਼ਰਾਬ ਦੀ ਤਸਕਰੀ ਕਰ ਰਿਹਾ ਹੈ। ਰਾਣਾ ਨੇ ਇਸੇ ਕਾਰ ਦੀ ਵਰਤੋਂ 10 ਮਾਰਚ, 2014 ਨੂੰ ਗੈਂਗਸਟਰ ਰਾਜੀਵ ਰਾਜਾ ਨੂੰ ਭਜਾਉਣ ਲਈ ਕੀਤੀ ਸੀ। ਸੀ. ਆਈ. ਏ. ਨੇ ਵਾਇਰਲੈੱਸ 'ਤੇ ਅਲਰਟ ਮੈਸੇਜ ਭੇਜ ਦਿੱਤਾ। ਇਸ ਤੋਂ ਬਾਅਦ ਜੈਤੋ ਥਾਣਾ ਐਸ. ਐਚ. ਓ. ਲਕਸ਼ਮਣ ਸਿੰਘ, ਗੰਨਮੈਨ ਪਰਮਿੰਦਰ ਸਿੰਘ, ਧਰਮਿੰਦਰ ਸਿੰਘ ਅਤੇ ਕਾਬਲ ਸਿੰਘ ਗੱਡੀ ਨੰਬਰ ਪੀ. ਬੀ. 03 ਏ. ਜੇ.-3718 ਤੋਂ ਜੀਂਦਾ-ਦਬੜੀਖਾਨਾ ਰੋਡ 'ਤੇ ਗਸ਼ਤ ਕਰਨ ਨਿਕਲੇ। ਪੁਲਸ ਮੁਤਾਬਕ ਇੱਥੇ ਉਨ੍ਹਾਂ ਦਾ ਸਾਹਮਣਾ ਕੁਝ ਨੌਜਵਾਨਾਂ ਨਾਲ ਹੋਇਆ ਅਤੇ ਜਵਾਬੀ ਗੋਲੀਬਾਰੀ 'ਚ ਜਿੰਮੀ ਮਾਰਿਆ ਗਿਆ। ਸੂਤਰਾਂ ਮੁਤਾਬਕ ਜਿੰਮੀ ਨੂੰ ਗੋਲੀ ਮਾਰਨ ਤੋਂ ਬਾਅਦ ਪੁਲਸ ਨੇ ਉਸ ਨੂੰ ਉੱਥੇ ਹੀ ਛੱਡ ਦਿੱਤਾ। ਬਾਅਦ 'ਚ ਕੁਝ ਲੋਕ ਉਸ ਨੂੰ ਬਠਿੰਡਾ ਹਸਪਤਾਲ ਲੈ ਕੇ ਗਏ। ਪੁਲਸ ਨੇ ਜਿੰਮੀ ਅਤੇ ਦੋ ਹੋਰ ਲੋਕਾਂ 'ਤੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਵੀ ਦਰਜ ਕੀਤਾ ਹੈ।
ਦੱਸਣਯੋਗ ਹੈ ਕਿ ਪੁਲਸ ਅਧਿਕਾਰੀ ਜਿਸ ਕਾਰ 'ਚ ਜਿੰਮੀ ਦਾ ਪਿੱਛਾ ਕਰ ਰਹੇ ਸਨ, ਉਹ ਬਠਿੰਡਾ ਦੇ ਇਕ ਸ਼ਰਾਬ ਠੇਕੇਦਾਰ ਦੀ ਕੰਪਨੀ ਦੇ ਨਾਂ 'ਤੇ ਹੈ। ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਪੁਲਸ ਵਾਲੇ ਆਪਣੀ ਗੱਡੀ ਦੀ ਥਾਂ ਉਸ ਸ਼ਰਾਬ ਕਾਰੋਬਾਰੀ ਦੀ ਗੱਡੀ 'ਚ ਗਸ਼ਤ ਕਿਉਂ ਲਗਾ ਰਹੇ ਸਨ? ਇਸ ਬਾਰੇ ਜਦੋਂ ਐਸ. ਐਚ. ਓ. ਲਕਸ਼ਮਣ ਸਿੰਘ ਤੋਂ ਸਵਾਲ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਹ ਆਪਣੀ ਨਿਜੀ ਕਾਰ 'ਚ ਗਸ਼ਤ ਕਰ ਰਿਹਾ ਸੀ। ਦੂਜੇ ਪਾਸੇ ਫਰੀਦਕੋਟ ਦੇ ਐਸ. ਐਸ. ਪੀ. ਸੁਖਮਿੰਦਰ ਸਿੰਘ ਮਾਣ ਦਾ ਕਹਿਣਾ ਹੈ ਕਿ ਜਿੰਮੀ ਗੈਂਗਸਟਰ ਰਾਣਾ ਦਾ ਕਰੀਬੀ ਸੀ ਅਤੇ ਉਸ ਵੱਲੋਂ ਪਹਿਲਾਂ ਫਾਇਰਿੰਗ ਕਰਨ 'ਤੇ ਹੀ ਪੁਲਸ ਨੇ ਗੋਲੀਆਂ ਚਲਾਈਆਂ ਸਨ।
ਰਾਧਾ ਸਵਾਮੀ ਡੇਰੇ ਦੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, 29 ਮੁਸਾਫਰ ਜ਼ਖਮੀ (ਤਸਵੀਰਾਂ)
NEXT STORY