ਅੰਮ੍ਰਿਤਸਰ, (ਛੀਨਾ)- ਪੰਜਾਬ 'ਚ ਸਰਕਾਰ ਬਣਾਉਣ ਦੀ ਲਾਲਸਾ ਨਾਲ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਹੋਸ਼ੀ ਰਾਜਨੀਤੀ ਦੀਆਂ ਹੱਦਾਂ ਟੱਪਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਨਸ਼ਾ ਸਮੱਗਲਰਾਂ ਨਾਲ ਮਿਲੇ ਹੋਣ ਦੇ ਜ਼ੋਰ-ਸ਼ੋਰ ਨਾਲ ਦੋਸ਼ ਲਾ ਕੇ ਉਨ੍ਹਾਂ ਦਾ ਸਿਆਸੀ ਕਰੀਅਰ ਖਤਮ ਕਰਨ ਲਈ ਟਿੱਲ ਤੱਕ ਦਾ ਜ਼ੋਰ ਲਾ ਦਿੱਤਾ ਸੀ ਪਰ ਸਮਾਂ ਬੜਾ ਬਲਵਾਨ ਹੈ, ਅੱਜ ਉਸੇ ਕੇਜਰੀਵਾਲ ਦੇ ਮੁਆਫੀ ਮੰਗਣ ਨਾਲ ਆਮ ਆਦਮੀ ਪਾਰਟੀ ਖਤਮ ਹੋਣ ਕੰਢੇ ਪੁੱਜ ਗਈ ਹੈ। ਇਹ ਵਿਚਾਰ ਬਲਾਕ ਸੰਮਤੀ ਮੈਂਬਰ ਹਰਜੀਤ ਸਿੰਘ ਬੋਹੜੂ ਨੇ ਅੱਜ ਹਲਕਾ ਅਟਾਰੀ ਅਧੀਨ ਪੈਂਦੇ ਪਿੰਡ ਬੋਹੜੂ ਵਿਖੇ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ।
ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀਆਂ ਮੋਮੋਠੱਗਣੀਆਂ ਗੱਲਾਂ 'ਤੇ ਭਰੋਸਾ ਕਰ ਕੇ 'ਆਪ' ਨਾਲ ਜੁੜਨ ਵਾਲੇ ਪੰਜਾਬ ਦੇ ਆਗੂ ਅਤੇ ਵਰਕਰ ਹੁਣ ਉਸ ਦਾ ਫਰੇਬੀ ਚਿਹਰਾ ਨੰਗਾ ਹੋਣ ਨਾਲ ਭਾਰੀ ਸ਼ਰਮਿੰਦਗੀ ਮਹਿਸੂਸ ਕਰ ਰਹੇ ਹਨ। ਇਤਿਹਾਸ ਗਵਾਹ ਹੈ ਕਿ ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਤੇ ਝੂਠ ਬਹੁਤੀ ਦੇਰ ਤੱਕ ਨਹੀਂ ਟਿਕ ਸਕਦਾ, ਭਾਵੇਂ ਉਸ ਲਈ ਲੱਖ ਯਤਨ ਕੀਤੇ ਜਾਣ। ਦੇਸ਼ ਦੀ ਰਾਜਨਤੀ 'ਚ ਬਦਲਾਅ ਲਿਆਉਣ ਦੀਆਂ ਡੀਂਗਾਂ ਮਾਰਨ ਵਾਲੇ ਕੇਜਰੀਵਾਲ ਦੀ ਮੁਆਫੀ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਸੱਤਾ ਹਥਿਆਉਣ ਲਈ ਕਿਸੇ ਵੀ ਹੱਦ ਤੱਕ ਡਿੱਗਣ ਵਾਲਾ ਇਨਸਾਨ ਹੈ। ਸ. ਬੋਹੜੂ ਨੇ ਕਿਹਾ ਕਿ ਸਿਆਸਤ 'ਚ ਹਮੇਸ਼ਾ ਹੀ ਵਿਰੋਧੀ ਇਕ-ਦੂਜੇ 'ਤੇ ਦੂਸ਼ਣਬਾਜ਼ੀ ਕਰਦੇ ਹੀ ਆਏ ਹਨ ਪਰ ਕੇਜਰੀਵਾਲ ਜਿਹੀ ਅੱਤ ਦਰਜੇ ਦੀ ਘਟੀਆ ਰਾਜਨੀਤੀ ਅੱਜ ਤੱਕ ਕਿਸੇ ਵੀ ਲੀਡਰ ਨੇ ਨਹੀਂ ਕੀਤੀ।
ਇਸ ਸਮੇਂ ਕਸ਼ਮੀਰ ਸਿੰਘ, ਧਰਮਿੰਦਰ ਸਿੰਘ ਐਪਲ, ਦਲਬੀਰ ਸਿੰਘ ਸਾਬੀ, ਨਰਿੰਦਰ ਸਿੰਘ, ਹਿਰਦੈਪਾਲ ਸਿੰਘ, ਹਰਪ੍ਰੀਤ ਸਿੰਘ ਚੰਦੀ, ਬਲਜੀਤ ਸਿੰਘ ਕੌੜਾ, ਭਾਗ ਸਿੰਘ, ਤਰਸੇਮ ਸਿੰਘ, ਹਰਵਿੰਦਰ ਸਿੰਘ ਤੇ ਹੋਰ ਵੀ ਹਾਜ਼ਰ ਸਨ।
ਘਰ ਸੱਦ ਕੇ ਹਮਲਾ ਕਰਨ ਦਾ ਦੋਸ਼
NEXT STORY