ਜਲੰਧਰ (ਜਗ ਬਾਣੀ ਟੀਮ) - ਮੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਨਾਲ ਖਾਲਿਸਤਾਨੀ ਅੱਤਵਾਦੀਆਂ ਦੀ ਹੋਈ ਬੈਠਕ ਦੀ ਇਕ ਤਸਵੀਰ ਸਾਹਮਣੇ ਆਈ ਹੈ। ਇਸ ਬੈਠਕ ਨਾਲ ਇਹ ਸਾਫ ਹੋ ਗਿਆ ਕਿ ਪਾਕਿਸਤਾਨ ਖਾਲਿਸਤਾਨੀ ਅੱਤਵਾਦੀਆਂ ਰਾਹੀਂ ਹੁਣ ਭਾਰਤ ਖਾਸ ਕਰਕੇ ਪੰਜਾਬ 'ਚ ਅੱਤਵਾਦੀ ਹਮਲਿਆਂ ਦਾ ਤਾਣਾ-ਬਾਣਾ ਬੁਣ ਰਿਹਾ ਹੈ। ਆਈ. ਐੱਸ. ਆਈ. ਦੇ ਹੁਕਮ 'ਤੇ ਪਾਕਿਸਤਾਨੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਅਤੇ ਲਸ਼ਕਰ-ਏ-ਤੋਇਬਾ ਪੰਜਾਬ ਦੇ ਵਿਰੁੱਧ ਖਾਲਿਸਤਾਨੀ ਅੱਤਵਾਦੀਆਂ ਦੀ ਮਦਦ ਕਰ ਰਹੇ ਹਨ।
ਇਸੇ ਤਹਿਤ 'ਚ ਖਾਲਿਸਤਾਨੀ ਅੱਤਵਾਦੀ ਸੰਗਠਨ ਦੇ ਸਰਗਨਾ ਗੋਪਾਲ ਸਿੰਘ ਚਾਵਲਾ ਦੇ ਲਾਹੌਰ 'ਚ ਹਾਫਿਜ਼ ਸਈਦ ਨਾਲ ਮਿਲਣ ਦੀ ਤਸਵੀਰ ਸਾਹਮਣੇ ਆਈ ਹੈ। ਇਸ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਇਨ੍ਹਾਂ ਸਿੱਖ ਅੱਤਵਾਦੀਆਂ ਰਾਹੀਂ ਭਾਰਤ 'ਚ ਕਿਸੇ ਵੱਡੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ 'ਚ ਪਾਕਿਸਤਾਨ ਲੱਗਿਆ ਹੋਇਆ ਹੈ।
ਅੱਤਵਾਦੀ ਸਰਗਨਾ ਗੋਪਾਲ ਸਿੰਘ ਚਾਵਲਾ ਦੀ ਵਜ੍ਹਾ ਨਾਲ ਪਾਕਿਸਤਾਨ ਨੇ ਬੀਤੀ 14 ਅਪ੍ਰੈਲ ਨੂੰ ਵਿਸਾਖੀ ਮੌਕੇ ਭਾਰਤੀ ਅਧਿਕਾਰੀਆਂ ਗੌਰਵ ਸ਼ਰਮਾ ਅਤੇ ਰਾਜਪਾਲ ਨੂੰ ਗੁਰਦੁਆਰਾ ਪੰਜਾ ਸਾਹਿਬ 'ਚ ਜਾਣ ਤੋਂ ਰੋਕ ਦਿੱਤਾ ਸੀ। ਇਸ ਤੋਂ ਪਹਿਲਾਂ 12 ਅਪ੍ਰੈਲ ਅਧਿਕਾਰੀਆਂ ਨੂੰ ਵਾਹਗਾ ਬਾਰਡਰ ਪਹੁੰਚੇ ਸਿੱਖ ਸ਼ਰਧਾਲੂਆਂ ਨਾਲ ਮਿਲਣ ਤੋਂ ਵੀ ਰੋਕ ਦਿੱਤਾ ਗਿਆ ਸੀ। ਵਾਹਗਾ ਭਾਰਤੀ ਸੀਮਾ ਖਤਮ ਹੋਣ ਤੋਂ ਬਾਅਦ ਪਾਕਿਸਤਾਨ ਦਾ ਪਹਿਲਾ ਰੇਲਵੇ ਸਟੇਸ਼ਨ ਹੈ। ਪਾਕਿਸਤਾਨ ਸਥਿਤ ਭਾਰਤੀ ਦੂਤ ਘਰ ਦੇ ਅਧਿਕਾਰੀ ਹਰ ਸਾਲ ਵਾਂਗ ਭਾਰਤੀ ਸ਼ਰਧਾਲੂਆਂ ਨੂੰ ਮਿਲਣਾ ਚਾਹੁੰਦੇ ਸਨ ਤਾਂ ਜੋ ਉਨ੍ਹਾਂ ਨੂੰ ਉਥੇ ਕੋਈ ਦਿੱਕਤ ਨਾ ਹੋਵੇ।
ਪੰਜਾਬ 'ਚ ਕਈ ਵਾਰ ਫੜੇ ਗਏ ਕਸ਼ਮੀਰੀ ਅੱਤਵਾਦੀ
ਪੰਜਾਬ 'ਚ ਕਈ ਵਾਰ ਕਸ਼ਮੀਰੀ ਅੱਤਵਾਦੀ ਫੜੇ ਗਏ ਹਨ। ਗੁਰਾਇਆ 'ਚ ਰੇਲਵੇ ਟਰੈਕ ਉਡਾਉਣ ਦੇ ਮਾਮਲੇ 'ਚ ਲਸ਼ਕਰ-ਏ-ਤੋਇਬਾ ਦੇ ਪੰਜ ਅੱਤਵਾਦੀਆਂ ਨੂੰ 2004 'ਚ ਫੜਿਆ ਗਿਆ ਸੀ। ਇਸ ਤੋਂ ਪਹਿਲਾਂ ਲਸ਼ਕਰ-ਏ-ਤੋਇਬਾ ਨੇ ਹੀ ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਬੰਬ ਧਮਾਕਾ ਕਰਵਾਇਆ ਸੀ। ਖੁਫੀਆ ਏਜੰਸੀਆਂ ਕੋਲ ਪੱਕੀ ਜਾਣਕਾਰੀ ਹੈ ਕਿ ਕਸ਼ਮੀਰੀ ਅੱਤਵਾਦੀ ਵਾਰਦਾਤਾਂ ਕਰਨ ਤੋਂ ਬਾਅਦ ਪੰਜਾਬ 'ਚ ਲੁਕਣ ਦੀ ਕੋਸ਼ਿਸ਼ ਕਰਦੇ ਹਨ। ਇਸ ਲਈ ਪੁਲਸ ਨੂੰ ਕਸ਼ਮੀਰੀਆਂ 'ਤੇ ਨਜ਼ਰ ਰੱਖਣ ਲਈ ਹੁਕਮ ਦਿੱਤੇ ਗਏ ਹਨ।
ਪੀ. ਐੱਸ. ਜੀ. ਪੀ. ਸੀ. ਨੂੰ ਕਿਸ ਦੀ ਸਪੋਰਟ
ਪੀ.ਐੱਸ.ਜੀ.ਪੀ.ਸੀ. ਨੂੰ ਪਾਕਿਸਤਾਨ ਅਵਾਕ ਪ੍ਰਾਪਰਟੀ ਬੋਰਡ ਚਲਾਉਂਦਾ ਹੈ। ਇਹ ਬੋਰਡ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ. ਅਤੇ ਇਸਲਾਮਕ ਅੱਤਵਾਦੀ ਸੰਗਠਨਾਂ ਦੇ ਪ੍ਰਭਾਵ ਵਿਚ ਹਨ। ਪੀ.ਐੱਸ.ਜੀ.ਪੀ.ਸੀ. ਰਾਹੀਂ ਬੋਰਡ ਭਾਰਤ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇਣ ਦੀ ਭੂਮਿਕਾ ਨਿਭਾਉਂਦਾ ਰਿਹਾ ਹੈ।
ਲਸ਼ਕਰ 4 ਕੈਂਪਾਂ 'ਚ ਦੇ ਰਿਹੈ ਟ੍ਰੇਨਿੰਗ
ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਜਲਦ ਹੀ ਪੰਜਾਬ ਵਿਚ ਵੱਡੀ ਵਾਰਦਾਤ ਕਰਨ ਦੀ ਕੋਸ਼ਿਸ਼ ਵਿਚ ਹਨ। ਲਸ਼ਕਰ ਦੇ ਮੁਜ਼ੱਫਰਾਬਾਦ ਵਿਚ ਚੱਲ ਰਹੇ 4 ਕੈਂਪਾਂ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅੱਤਵਾਦੀਆਂ ਨੇ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਹੈ। ਇਸ ਸਮੇਂ ਇਨ੍ਹਾਂ ਕੈਂਪਾਂ 'ਚ 45 ਦੇ ਕਰੀਬ ਖਾਲਿਸਤਾਨੀ ਅੱਤਵਾਦੀ ਟ੍ਰੇਨਿੰਗ ਲੈ ਰਹੇ ਹਨ। ਇਨ੍ਹਾਂ ਵਿਚੋਂ 25 ਪਾਕਿਸਤਾਨੀ, 10 ਕੈਨੇਡੀਅਨ ਅਤੇ 10 ਭਾਰਤੀ ਨੌਜਵਾਨ ਹਨ। ਫੋਰਲੇਨ ਰੋਡ ਚੌਬੁਰਜੀ ਚੌਕ ਲਾਹੌਰ ਸਥਿਤ ਮੁੱਖ ਦਫਤਰ 'ਚ ਲਸ਼ਕਰ ਦੀ 1 ਫਰਵਰੀ ਨੂੰ ਹੋਈ ਬੈਠਕ 'ਚ ਇਹ ਫੈਸਲਾ ਲਿਆ ਗਿਆ ਸੀ ਕਿ ਹੁਣ ਲਸ਼ਕਰ ਪੂਰੀ ਤਰ੍ਹਾਂ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਕੰਮ ਕਰੇਗਾ।
ਬੈਠਕ 'ਚ ਲਸ਼ਕਰ ਦੇ ਚੀਫ ਹਾਫਿਜ਼ ਸਈਦ, ਆਈ.ਐੱਸ.ਆਈ. ਦੇ ਡਿਪਟੀ ਚੀਫ ਮੇਜਰ ਜਨਰਲ ਵਸ਼ੀਦ ਅਰਸ਼ਦ ਅਤੇ ਬੱਬਰ ਖਾਲਸਾ ਦੇ ਚੀਫ ਵਧਾਵਾ ਸਿੰਘ ਨੇ ਹਿੱਸਾ ਲਿਆ ਸੀ। ਬੈਠਕ ਤੋਂ ਬਾਅਦ ਬੱਬਰ ਖਾਲਸਾ ਨੇ ਮੁਜ਼ੱਫਰਾਬਾਦ 'ਚ ਚੱਲ ਰਹੇ ਲਸ਼ਕਰ ਦੇ ਨਵੇਂ ਸੰਗਠਨ ਅਸ਼ਕਰੀਵਿੰਗ ਦੇ ਮਸਕਤ ਕੈਂਪ 'ਚ ਆਪਣੇ ਲੋਕਾਂ ਨੂੰ ਟ੍ਰੇਨਿੰਗ ਲਈ ਭੇਜਿਆ ਹੈ। ਕੈਂਪ 'ਚ ਵਧਾਵਾ ਸਿੰਘ ਦਾ ਬੇਟਾ ਜਤਿੰਦਰ ਸਿੰਘ ਉਰਫ ਮੁਖੀ ਵੀ ਟ੍ਰੇਨਿੰਗ ਲੈ ਰਿਹਾ ਹੈ।
ਖਾਲਿਸਤਾਨ ਕਸ਼ਮੀਰ ਆਰਗੇਨਾਈਜ਼ੇਸ਼ਨ ਨੂੰ ਕੀਤਾ ਸਰਗਰਮ
ਪਾਕਿ ਖੁਫੀਆ ਏਜੰਸੀ ਆਈ.ਐੱਸ.ਆਈ. ਨੇ ਬੀਤੇ ਕਾਫੀ ਸਮੇਂ ਤੋਂ ਡੈੱਡ ਪਈ ਖਾਲਿਸਤਾਨ ਕਸ਼ਮੀਰੀ ਆਰਗੇਨਾਈਜ਼ੇਸ਼ਨ (ਕੇ.ਕੇ.ਏ.) ਨੂੰ ਦੁਬਾਰਾ ਸਰਗਰਮ ਕੀਤਾ ਹੈ। 1986 'ਚ ਸ਼ੁਰੂ ਹੋਇਆ ਇਹ ਸੰਗਠਨ ਪੰਜਾਬ 'ਚ ਅੱਤਵਾਦ ਦੇ ਦਿਨਾਂ 'ਚ ਕਾਫੀ ਸਰਗਰਮ ਰਿਹਾ ਹੈ। ਕੇ.ਕੇ.ਏ. ਦੇ ਨਾਂ ਨਾਲ ਜਾਣੇ ਜਾਂਦੇ ਇਸ ਸੰਗਠਨ ਦਾ ਮੁੱਖ ਕੰਮ ਕਸ਼ਮੀਰੀ ਅੱਤਵਾਦੀ ਸੰਗਠਨ ਹਿਜ਼ਬੁੱਲ ਮੁਜਾਹਿਦੀਨ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਖਾਲਿਸਤਾਨ ਜ਼ਿੰਦਾਬਾਦ ਫੋਰਸ, ਖਾਲਿਸਤਾਨ ਕਮਾਂਡੋ ਫੋਰਸ ਦਰਮਿਆਨ ਤਾਲਮੇਲ ਸਥਾਪਿਤ ਕਰਨਾ ਤੇ ਫੰਡ ਇਕੱਠਾ ਕਰਨਾ ਹੈ। ਕੇਂਦਰ ਤੇ ਸੂਬੇ ਦੀਆਂ ਖੁਫੀਆ ਏਜੰਸੀਆਂ ਕੋਲ ਅਜਿਹੀ ਜਾਣਕਾਰੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਆਈ.ਐੱਸ.ਆਈ. ਦੇ ਸਾਬਕਾ ਚੀਫ ਜਾਵੇਦ ਨਾਸਿਰ ਦੀਆਂ ਕੋਸ਼ਿਸ਼ਾਂ ਕਾਰਨ ਇਹ ਸੰਗਠਨ ਮੁੜ ਸਰਗਰਮ ਹੋਇਆ ਹੈ।
ਬੱਬਰ ਖਾਲਸਾ ਦੇ ਕੈਂਪਾਂ 'ਚ ਕਸ਼ਮੀਰੀ ਅੱਤਵਾਦੀਆਂ ਨੂੰ ਟ੍ਰੇਨਿੰਗ
ਖੁਫੀਆਂ ਏਜੰਸੀਆਂ ਮੁਤਾਬਿਕ ਬੀਤੇ ਦਿਨੀਂ ਪਾਕਿਸਤਾਨ 'ਚ ਬੱਬਰ ਖਾਲਸਾ ਚੀਫ ਵਧਾਵਾ ਸਿੰਘ ਬੱਬਰ, ਹਿਜਬੁੱਲ ਮੁਜਾਹਿਦੀਨ ਚੀਫ ਸਈਦ ਸਲਾਹੂਦੀਨ, ਖਾਲਿਸਤਾਨ ਜ਼ਿੰਦਾਬਾਦ ਫੋਰਸ ਚੀਫ ਰਣਜੀਤ ਸਿੰਘ ਨੀਟਾ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਲਖਵੀਰ ਸਿੰਘ ਰੋਡੇ, ਖਾਲਿਸਤਾਨ ਕਮਾਂਡੋ ਫੋਰਸ ਦੇ ਪਰਮਜੀਤ ਸਿੰਘ ਪੰਜਵੜ ਅਤੇ ਜਾਵੇਦ ਨਾਸਿਰ ਦਰਮਿਆਨ ਬੈਠਕ ਹੋਈ। ਬੈਠਕ ਤੋਂ ਬਾਅਦ ਹੀ ਲਾਹੌਰ 'ਚ ਚੱਲ ਰਹੇ ਬੱਬਰ ਖਾਲਸਾ ਲਈ ਕੈਂਪਾਂ 'ਚ ਕਸ਼ਮੀਰੀ ਅੱਤਵਾਦੀਆਂ ਨੇ ਵੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ।
ਯੂ. ਕੇ. 'ਚ ਐੱਮ. ਪੀ. ਲਾਰਡ ਨਜ਼ੀਰ ਅਹਿਮਦ ਕਰ ਰਿਹੈ ਖਾਲਿਸਤਾਨੀ ਅੱਤਵਾਦੀਆਂ ਦੀ ਮਦਦ
ਯੂ.ਕੇ. ਦੇ ਪਾਕਿਸਤਾਨੀ ਮੂਲ ਦੇ ਐੱਮ.ਪੀ. ਲਾਰਡ ਨਜ਼ੀਰ ਅਹਿਮਦ ਖਾਲਿਸਤਾਨੀ ਅੱਤਵਾਦੀਆਂ ਨੂੰ ਪੂਰਾ ਸਾਥ ਦੇ ਰਹੇ ਹਨ। ਇਸ ਸਾਲ 26 ਜਨਵਰੀ ਨੂੰ ਸਿੱਖ ਅਤੇ ਕਸ਼ਮੀਰ ਦੇ ਵੱਖਵਾਦੀਆਂ ਨੇ ਲੰਡਨ ਸਥਿਤ ਭਾਰਤੀ ਦੂਤ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਸੀ। ਭਾਰਤ ਸਰਕਾਰ ਨੂੰ ਅਜਿਹਾ ਲੱਗਦਾ ਹੈ ਕਿ ਯੂ. ਕੇ. ਦੀ ਸਰਕਾਰ ਨੂੰ ਯੂ. ਕੇ. 'ਚ ਸਿੱਖ ਵੱਖਵਾਦੀਆਂ 'ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਯੂ. ਕੇ. 'ਚ ਚੱਲ ਰਹੇ ਇਕ ਦਰਜਨ ਅੱਤਵਾਦੀ ਮਾਡਿਊਲ
ਬੀਤੇ ਕੁਝ ਸਮੇਂ ਤੋਂ ਯੂ. ਕੇ. ਵਿਚ ਕਈ ਸਿੱਖ ਅੱਤਵਾਦੀ ਸੰਗਠਨ, ਜਿਨ੍ਹਾਂ ਵਿਚ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਸਿੱਖ ਯੂਥ ਫੈਡਰੇਸ਼ਨ ਸ਼ਾਮਲ ਹਨ, ਨੇ ਆਪਣੀਆਂ ਸਰਗਰਮੀਆਂ ਨੂੰ ਵਧਾ ਦਿੱਤਾ ਹੈ। ਯੂ. ਕੇ. ਵਿਚ ਵੀ ਪੰਜਾਬ ਵਿਚ ਫਿਰ ਤੋਂ ਅੱਤਵਾਦ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਤੈਅ ਹੋ ਰਹੀਆਂ ਹਨ। ਪੁਲਸ ਕੋਲ ਅਜਿਹੀ ਪੁਖਤਾ ਜਾਣਕਾਰੀ ਹੈ ਕਿ ਇਸ ਸਮੇਂ ਯੂ. ਕੇ. ਵਿਚ ਆਈ. ਐੱਸ. ਆਈ. ਦੀ ਮਦਦ ਨਾਲ ਇਕ ਦਰਜਨ ਤੋਂ ਵੱਧ ਅੱਤਵਾਦੀ ਮਾਡਿਊਲ ਚੱਲ ਰਹੇ ਹਨ। ਇਹ ਅੱਤਵਾਦੀ ਮਾਡਿਊਲ ਪੰਜਾਬ ਵਿਚ ਵੀ ਫੰਡ ਭੇਜਦੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਵੀ ਕਰਦੇ ਹਨ।
ਕੌਣ ਹੈ ਗੋਪਾਲ ਚਾਵਲਾ
ਗੋਪਾਲ ਸਿੰਘ ਚਾਵਲਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀ. ਐੱਸ. ਜੀ. ਪੀ.ਸੀ.) ਦਾ ਜਨਰਲ ਸਕੱਤਰ ਹੈ। ਉਸ ਦੇ ਹਾਫਿਜ਼ ਸਈਦ ਨਾਲ ਕਰੀਬੀ ਰਿਸ਼ਤੇ ਹੋਣ ਦੀ ਖਬਰ ਪਹਿਲਾਂ ਵੀ ਆਉਂਦੀ ਰਹੀ ਹੈ।
ਗੋਪਾਲ ਸਿੰਘ ਚਾਵਲਾ ਨੂੰ ਅੱਤਵਾਦ ਦਾ ਨਵਾਂ ਚਿਹਰਾ ਬਣਾਉਣਾ ਚਾਹੁੰਦੀ ਹੈ ਆਈ. ਐੱਸ. ਆਈ.
ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਗੋਪਾਲ ਸਿੰਘ ਚਾਵਲਾ ਨੂੰ ਪੰਜਾਬ ਵਿਚ ਅੱਤਵਾਦ ਦਾ ਨਵਾਂ ਚਿਹਰਾ ਬਣਾ ਰਹੀ ਹੈ। ਗੋਪਾਲ ਸਿੰਘ ਚਾਵਲਾ ਨੂੰ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਨੂੰ ਇਕੱਠੇ ਕਰਨ ਅਤੇ ਉਨ੍ਹਾਂ ਦਾ ਲਸ਼ਕਰ, ਜੈਸ਼ ਨਾਲ ਤਾਲਮੇਲ ਕਰਵਾਉਣ ਦਾ ਜ਼ਿੰਮਾ ਸੌਂਪਿਆ ਗਿਆ ਹੈ। ਗੋਪਾਲ ਸਿੰਘ ਚਾਵਲਾ ਨੇ ਬੱਬਰ ਖਾਲਸਾ ਦੇ ਚੀਫ ਵਧਾਵਾ ਸਿੰਘ ਬੱਬਰ ਅਤੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਚੀਫ ਰਣਜੀਤ ਸਿੰਘ ਨੀਟਾ ਨਾਲ ਹਾਫਿਜ਼ ਸਈਦ ਅਤੇ ਅਜ਼ਹਰ ਮਹਿਮੂਦ ਦਾ ਤਾਲਮੇਲ ਕਰਵਾਇਆ ਹੈ।
ਹੈਪੀ ਪੀ. ਐੱਚ. ਡੀ. ਨੂੰ ਪੰਜਾਬ 'ਚ ਵੱਡੀਆਂ ਵਾਰਦਾਤਾਂ ਕਰਨ ਲਈ ਤਿਆਰ ਕਰ ਰਿਹੈ ਗੋਪਾਲ ਸਿੰਘ ਚਾਵਲਾ
ਪੰਜਾਬ ਵਿਚ ਹੋਈਆਂ ਹਿੰਦੂ ਆਗੂਆਂ ਦੀਆਂ ਹੱਤਿਆਵਾਂ ਦੀ ਸਾਜ਼ਿਸ਼ ਦੇ ਮਾਸਟਰਮਾਈਂਡ ਅੱਤਵਾਦੀ ਹੈਪੀ ਪੀ. ਐੱਚ. ਡੀ. ਨੂੰ ਗੋਪਾਲ ਸਿੰਘ ਚਾਵਲਾ ਹੀ ਤਿਆਰ ਕਰ ਰਿਹਾ ਹੈ। ਹੈਪੀ ਪੀ. ਐੱਚ. ਡੀ. ਨੂੰ ਪੰਜਾਬ ਵਿਚ ਵੱਡੀਆਂ ਵਾਰਦਾਤਾਂ ਕਰਵਾਉਣ ਲਈ ਫੰਡਿੰਗ ਗੋਪਾਲ ਸਿੰਘ ਹੀ ਕਰ ਰਿਹਾ ਹੈ। ਕੇਂਦਰੀ ਏਜੰਸੀਆਂ ਕੋਲ ਇਹ ਜਾਣਕਾਰੀ ਹੈ ਕਿ ਇਸ ਨੂੰ ਪੀ. ਓ. ਕੇ. 'ਚ ਦੇਖਿਆ ਗਿਆ ਹੈ। ਨਾਲ ਹੀ ਉਸ ਨੂੰ ਕਈ ਵਾਰ ਘੁਸਪੈਠ ਦੇ ਨਾਜ਼ੁਕ ਸਮਝੇ ਜਾਣ ਵਾਲੇ ਐੱਲ. ਓ. ਸੀ. ਨਾਲ ਲੱਗਦੇ ਇਲਾਕਿਆਂ ਵਿਚ ਵੀ ਦੇਖਿਆ ਗਿਆ ਹੈ।
ਫੋਕਸ 'ਤੇ ਪੰਜਾਬ, 'ਟੈਰਰ ਕਮਾਂਡਰਾਂ' ਉਤੇ ਵਧਿਆ ਦਬਾਅ
ਸੂਤਰਾਂ ਮੁਤਾਬਕ ਪੰਜਾਬ ਦੁਬਾਰਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਫੋਕਸ 'ਤੇ ਆ ਗਿਆ ਹੈ। ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਵਿਚ ਖੁਲਾਸਾ ਹੋਇਆ ਹੈ ਕਿ ਆਈ. ਐੱਸ. ਆਈ. ਨੇ ਪਾਕਿਸਤਾਨ ਵਿਚ ਰਹਿ ਰਹੇ 'ਟੈਰਰ ਕਮਾਂਡਰਾਂ' ਉੱਤੇ ਪੰਜਾਬ ਵਿਚ ਅੱਤਵਾਦ ਦਾ ਪਲਾਨ ਦੇਣ ਲਈ ਦਬਾਅ ਬਣਾਇਆ ਹੈ। ਓਧਰ ਅੱਤਵਾਦੀ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਬੇਰੋਜ਼ਗਾਰ ਅਤੇ ਅਪਰਾਧਿਕ ਸਰਗਰਮੀਆਂ ਵਿਚ ਸ਼ਾਮਲ ਨੌਜਵਾਨਾਂ ਅਤੇ ਸਮੱਗਲਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।
ਮੋਦੀ ਦੇ ਰਾਜ 'ਚ ਦੇਸ਼ ਰੇਪਿਸਤਾਨ ਬਣ ਗਿਆ : ਭੋਮਾ
NEXT STORY