ਜਲੰਧਰ, (ਸੁਨੀਲ)— ਲੋਕਾਂ ਨੂੰ ਆਮ ਤੌਰ 'ਤੇ ਟ੍ਰੈਫਿਕ ਨਿਯਮਾਂ ਦਾ ਪਾਠ ਪੜ੍ਹਾਉਣ ਵਾਲੀ ਟ੍ਰੈਫਿਕ ਪੁਲਸ ਨੇ ਸਿਗਨਲ ਵਾਲੇ ਚੌਕਾਂ 'ਤੇ ਪੈਦਲ ਜਾਣ ਵਾਲੇ ਰਾਹਗੀਰਾਂ ਦੀ ਜਾਨ ਖਤਰੇ 'ਚ ਪਾਈ ਹੋਈ ਹੈ। ਦਰਅਸਲ ਸ਼ਹਿਰ ਦੇ ਜ਼ਿਆਦਾਤਰ ਚੌਕਾਂ 'ਤੇ ਜ਼ੈਬਰਾ ਲਾਈਨਾਂ ਹੀ ਨਹੀਂ ਹਨ ਜਿਸ ਕਾਰਨ ਪੈਦਲ ਚੱਲਣ ਵਾਲਿਆਂ ਲਈ ਨਾ ਤਾਂ ਸਿਗਨਲ 'ਚ ਟਾਈਮਿੰਗ ਫਿਕਸ ਹੈ ਅਤੇ ਨਾ ਹੀ ਉਨ੍ਹਾਂ ਦੇ ਚੱਲਣ ਦੀ ਕੋਈ ਵਿਵਸਥਾ ਹੈ ਜਿਸ ਕਾਰਨ ਪੈਦਲ ਚੱਲਣ ਵਾਲੇ ਲੋਕ ਜਾਨ ਖਤਰੇ 'ਚ ਪਾ ਕੇ ਸੜਕ ਪਾਰ ਕਰਦੇ ਹਨ।
ਹਰ ਵੱਡੇ ਅਤੇ ਭੀੜ-ਭੜੱਕੇ ਵਾਲੇ ਚੌਕ 'ਚ ਜ਼ੈਬਰਾ ਕ੍ਰਾਸਿੰਗ ਨਾਲ ਵਾਕਿੰਗ ਲਾਈਟ ਹੋਣਾ ਜ਼ਰੂਰੀ ਹੈ ਪਰ ਪੰਜਾਬ ਦੇ ਵੱਡੇ ਸ਼ਹਿਰਾਂ 'ਚ ਪੈਦਲ ਚੱਲਣ ਵਾਲਿਆਂ ਲਈ ਜ਼ੈਬਰਾ ਕ੍ਰਾਸਿੰਗ ਅਤੇ ਵਾਕਿੰਗ ਲਾਈਟਾਂ ਦੇਖਣ ਨੂੰ ਨਹੀਂ ਮਿਲਦੀਆਂ। ਅੱਜ ਕਲ ਸ਼ਹਿਰ ਦੀਆਂ ਭੀੜ-ਭੜੱਕੇ ਵਾਲੀਆਂ ਸੜਕਾਂ 'ਤੇ ਜਦੋਂ ਗ੍ਰੀਨ ਲਾਈਟ ਹੁੰਦੀ ਹੈ ਤਾਂ ਵਾਹਨਾਂ ਦੇ ਨਾਲ-ਨਾਲ ਪੈਦਲ ਚੱਲਣ ਵਾਲੇ ਵੀ ਚੱਲ ਪੈਂਦੇ ਹਨ। ਸਾਰਿਆਂ ਨੂੰ ਲਾਈਟਸ ਕ੍ਰਾਸ ਕਰਨ ਦੀ ਜਲਦੀ ਹੁੰਦੀ ਹੈ ਅਤੇ ਵਾਹਨ ਵੀ ਤੇਜ਼ੀ ਨਾਲ ਚਲਦੇ ਹਨ। ਅਜਿਹੇ 'ਚ ਪ੍ਰੇਸ਼ਾਨੀ ਪੈਦਲ ਚੱਲਣ ਵਾਲਿਆਂ ਨੂੰ ਹੁੰਦੀ ਹੈ ਜਿਸ ਕਾਰਨ ਕਈ ਵਾਰ ਤਾਂ ਕਈ ਛੋਟੇ-ਵੱਡੇ ਹਾਦਸੇ ਵੀ ਹੋ ਜਾਂਦੇ ਹਨ। ਇਨ੍ਹਾਂ ਹਾਦਸਿਆਂ ਦਾ ਜ਼ਿੰਮੇਵਾਰ ਵੀ ਵਾਹਨ ਚਾਲਕ ਨੂੰ ਠਹਿਰਾਇਆ ਜਾਂਦਾ ਹੈ ਜਦਕਿ ਇਸ ਦਾ ਮੁੱਖ ਕਾਰਨ ਜ਼ੈਬਰਾ ਕ੍ਰਾਸਿੰਗ ਜਾਂ ਵਾਕਿੰਗ ਲਾਈਟ ਦਾ ਨਾ ਹੋਣਾ ਹੈ।
26 ਚੌਕਾਂ 'ਚ ਜ਼ਰੂਰੀ ਹਨ ਜ਼ੈਬਰਾ ਕ੍ਰਾਸਿੰਗ
ਜਲੰਧਰ 'ਚ ਪੈਦਲ ਚੱਲਣ ਵਾਲੇ ਲੋਕਾਂ ਲਈ ਜ਼ੈਬਰਾ ਕ੍ਰਾਸਿੰਗ ਨਹੀਂ ਹੈ। ਟ੍ਰੈਫਿਕ ਪੁਲਸ ਸੂਤਰਾਂ ਦਾ ਕਹਿਣਾ ਹੈ ਕਿ ਸ਼ਹਿਰ 'ਚ 26 ਚੌਕਾਂ 'ਤੇ ਜ਼ੈਬਰਾ ਕ੍ਰਾਸਿੰਗ ਲਗਾਉਣਾ ਜ਼ਰੂਰੀ ਹੈ ਅਤੇ ਜ਼ੈਬਰਾ ਕ੍ਰਾਸਿੰਗ 'ਤੇ ਟ੍ਰੈਫਿਕ ਲਾਈਟਾਂ ਦਾ ਆਧਿਨਕੀਕਰਨ ਦੀ ਵੀ ਲੋੜ ਹੈ। ਇਸ ਲਈ ਕਈ ਵਾਰ ਰੋਡ ਸੇਫਟੀ ਮੀਟਿੰਗ 'ਚ ਇਹ ਮੱਦਾ ਵੀ ਉੱਠ ਚੁੱਕਾ ਹੈ ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ। ਸਮਾਰਟ ਸਿਟੀ ਦੇ ਤਹਿਤ ਨਿਗਮ ਅਧਿਕਾਰੀ ਸੌਰਵ ਸੰਧੂ ਦੀ ਮੀਟਿੰਗ ਟ੍ਰੈਫਿਕ ਵਿਭਾਗ ਦੇ ਅਧਿਕਾਰੀਆਂ ਨਾਲ ਹੋ ਚੁੱਕੀ ਹੈ। ਜਿਸ 'ਚ ਜ਼ੈਬਰਾ ਕ੍ਰਾਸਿੰਗ ਦਾ ਮੁੱਦਾ ਉਨ੍ਹਾਂ ਨਾਲ ਸਾਂਝਾ ਕੀਤਾ ਜਾ ਚੁੱਕਾ ਹੈ। ਇਸ ਦੇ ਬਾਵਜੂਦ ਵੀ ਨਤੀਜਾ ਅਜੇ ਤਕ ਕੁੱਝ ਨਹੀਂ ਨਿਕਲਿਆ। ਆਖਿਰ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਸ ਨੂੰ ਪੈਦਲ ਚੱਲਣ ਵਾਲੇ ਲੋਕਾਂ ਦਾ ਦਰਦ ਹੀ ਨਹੀਂ ਪਤਾ ਕਿ ਕਿਵੇਂ ਉਹ ਲਾਈਟਾਂ ਵਾਲੇ ਚੌਕਾਂ ਤੋਂ ਆਪਣੀ ਜਾਨ ਖਤਰੇ 'ਚ ਪਾ ਕੇ ਚੌਕ ਕ੍ਰਾਸ ਕਰਨ ਲਈ ਦੌੜ ਪੈਂਦੇ ਹਨ।
ਆਬਾਦੀ ਵਧੀ, ਸਮੱਸਿਆਵਾਂ ਵਧੀਆਂ ਪਰ ਚੌਕਸ ਨਹੀਂ ਹੈ ਪ੍ਰਸ਼ਾਸਨ
ਸ਼ਹਿਰ ਦੀ ਆਬਾਦੀ ਵਧਣ ਨਾਲ ਸਮੱਸਿਆਵਾਂ ਵੀ ਵਧ ਗਈਆਂ ਹਨ। ਨਿਗਮ ਅਤੇ ਪੁਲਸ ਪ੍ਰਸ਼ਾਸਨ ਵੀ ਇਸ ਵੱਲ ਧਿਆਨ ਨਹੀਂ ਦੇ ਰਿਹਾ। ਉਸ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਭੀੜ-ਭੜੱਕੇ ਵਾਲੇ ਚੌਕਾਂ ਨੂੰ ਚੁਣ ਕੇ ਜ਼ੈਬਰਾ ਕ੍ਰਾਸਿੰਗ ਦੇ ਨਿਸ਼ਾਨ ਲਗਾਉਣ ਅਤੇ ਜਿੱਥੇ-ਜਿੱਥੇ ਯੈਲੋ ਲਾਈਟ ਲਗਾਉਣ ਦੀ ਲੋੜ ਹੈ, ਉਥੇ ਯੈਲੋ ਲਾਈਟ ਲਗਾਈ ਜਾਵੇ। ਲਾਈਟਾਂ ਨਾ ਹੋਣ ਕਾਰਨ ਲੋਕ ਇਥੇ ਖੁਦ ਹੀ ਆਪਣੇ ਹਿਸਾਬ ਨਾਲ ਟ੍ਰੈਫਿਕ ਨਿਯਮ ਬਣਾਉਂਦੇ ਹਨ ਅਤੇ ਸੜਕਾਂ 'ਤੇ ਗੱਡੀਆਂ ਭਜਾਉਂਦੇ ਹਨ।
ਨਿਗਮ ਨਾਲ ਹੋਈ ਗੱਲ 'ਤੇ ਕਾਰਵਾਈ ਨਹੀਂ : ਭੱਲਾ
ਜਦੋਂ ਇਸ ਸਬੰਧ ਵਿਚ ਟਰੈਫਿਕ ਦੇ ਏ. ਸੀ. ਪੀ. ਹਰਬਿੰਦਰ ਸਿੰਘ ਭੱਲਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਪੱਲਾ ਝਾੜਦੇ ਹੋਏ ਗੇਂਦ ਨਿਗਮ ਦੇ ਪਾਲੇ ਵਿਚ ਸੁੱਟ ਦਿੱਤੀ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰੇ ਨਾਲ ਮਿਲ ਕੇ ਨਿਗਮ ਅਧਿਕਾਰੀ ਨੇ ਕਈ ਚੌਕਾਂ ਦਾ ਦੌਰਾ ਕੀਤਾ ਹੋਇਆ ਅਤੇ ਇਸ ਬਾਰੇ ਉਨ੍ਹਾਂ ਨਾਲ ਕਈ ਵਾਰ ਵਿਸਤਾਰ ਨਾਲ ਗੱਲ ਹੋਈ ਹੈ ਅਤੇ ਪੱਤਰਾਂ ਰਾਹੀਂ ਉਨ੍ਹਾਂ ਨੂੰ ਦੱਸਿਆ ਜਾ ਚੁੱਕਾ ਹੈ ਪਰ ਅਜੇ ਤਕ ਇਸ 'ਤੇ ਕੋਈ ਕਾਰਵਾਈ ਨਹੀਂ ਹੋਈ ਹੈ।
ਆਪਣੀ ਜਾਨ ਹਥੇਲੀ 'ਤੇ ਰੱਖ ਕੇ ਫਾਟਕ ਪਾਰ ਕਰਦੇ ਨੇ ਵਾਹਨ ਚਾਲਕ
NEXT STORY