ਅੰਮ੍ਰਿਤਸਰ (ਵਾਲੀਆ) : ਆਏ ਦਿਨ ਹੁੰਦੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਗੰਭੀਰ ਹੈ ਅਤੇ ਛੇਤੀ ਹੀ ਇਸ ਬਾਬਤ ਸਖਤ ਕਦਮ ਚੁੱਕੇ ਜਾਣਗੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ, ਸੈਰ ਸਪਾਟਾ ਅਤੇ ਸਭਿਆਚਾਰ ਮਾਮਲੇ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀਂ ਅੰਮ੍ਰਿਤਸਰ ਵਿਖੇ ਲੁੱਟ ਖੋਹ ਦੀ ਵਾਰਦਾਤ ਦਾ ਸ਼ਿਕਾਰ ਹੋਈ ਔਰਤ ਦਾ ਹਾਲ-ਚਾਲ ਪੁੱਛਣ ਮੌਕੇ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕੀਤਾ। ਸਿੱਧੂ ਅੱਜ ਉਕਤ ਪੀੜਤ ਔਰਤ ਦੇ ਘਰ ਗਏ ਅਤੇ ਉਸ ਨੂੰ ਹੌਸਲਾ ਦਿੰਦੇ ਕਿਹਾ ਕਿ ਅਜਿਹੀਆਂ ਵਾਰਦਾਤਾਂ ਰੋਕਣ ਲਈ ਸਰਕਾਰ ਹਰ ਸੰਭਵ ਕੋਸ਼ਿਸ਼ ਕਰੇਗੀ।
ਪਰਿਵਾਰ ਨੂੰ ਹਰ ਸੰਭਵ ਇਮਦਾਦ ਦਾ ਐਲਾਨ ਕਰਦੇ ਸਿੱਧੂ ਨੇ ਕਿਹਾ ਕਿ ਇਸ ਵਿਚ ਮੁਆਫੀ ਦੀ ਗੁੰਜਾਇਸ਼ ਤਾਂ ਨਹੀਂ ਪਰ ਮੈਂ ਆਪਣੀ ਤਰਫੋਂ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ ਕਿ ਤੁਸੀਂ ਮੇਰੀ ਭੈਣ ਵਾਂਗ ਹੋ ਅਤੇ ਅਜਿਹੀਆਂ ਵਾਰਦਾਤਾਂ ਮੇਰੀ ਧੀ, ਭੈਣ ਕਿਸੇ ਨਾਲ ਹੋ ਸਕਦੀ ਹੈ, ਸੋ ਸਾਨੂੰ ਸਾਰਿਆਂ ਨੂੰ ਇੰਨਾਂ ਦੀ ਰੋਕ ਲਈ ਅੱਗੇ ਆਉਣਾ ਚਾਹੀਦਾ ਹੈ।
ਇਸ ਮੌਕੇ ਹਾਜ਼ਰ ਪੁਲਸ ਕਮਿਸ਼ਨਰ ਐੱਸ. ਸ੍ਰੀਵਾਸਤਵ ਨੇ ਦੱਸਿਆ ਕਿ ਪੁਲਸ ਨੂੰ ਇਸ ਕੇਸ ਵਿਚ ਅਹਿਮ ਸੁਰਾਗ ਲੱਗੇ ਹਨ ਅਤੇ ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਕੰਮ ਕਰ ਰਹੀ ਹੈ। ਸਿੱਧੂ ਨੇ ਇਸ ਮੌਕੇ ਕਿਹਾ ਕਿ ਉਹ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ਵਿਚ ਵੀ ਲਿਆਉਣਗੇ। ਸਿੱਧੂ ਇਸ ਮਗਰੋਂ ਉਸ ਸਥਾਨ 'ਤੇ ਵੀ ਗਏ, ਜਿੱਥੇ ਇਹ ਵਾਰਦਾਤ ਹੋਈ ਸੀ ਅਤੇ ਉਸ ਸਥਾਨ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੇ ਇਸ ਨੂੰ ਕੈਦ ਕਰ ਲਿਆ ਸੀ। ਉਨ੍ਹਾਂ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਛੇਤੀ ਹੀ ਸਾਰਾ ਸ਼ਹਿਰ ਸੀ. ਸੀ. ਟੀ. ਵੀ . ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇ ਤਾਂ ਜੋ ਕੋਈ ਵੀ ਅਪਰਾਧ ਗੁੱਝਾ ਨਾ ਰਹੇ।
ਚਾਈਨਾ ਡੋਰ ਸਣੇ ਦੁਕਾਨਦਾਰ ਕਾਬੂ
NEXT STORY