ਲੁਧਿਆਣਾ(ਸਲੂਜਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ 'ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ' ਦਾ ਹੋਕਾ ਦਿੰਦਾ ਪੀ. ਏ. ਯੂ. ਦਾ ਦੋ ਰੋਜ਼ਾ ਕਿਸਾਨ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ।
ਇਸ ਕਿਸਾਨ ਮੇਲੇ ਦਾ ਉਦਘਾਟਨ ਕਰਦਿਆਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਸੂਬੇ ਅੰਦਰ ਜਲਦ ਹੀ ਨਵੀਂ ਫੂਡ ਪਾਲਿਸੀ ਲਾਗੂ ਕੀਤੀ ਜਾਵੇਗੀ, ਜਿਸ ਤਹਿਤ ਸੂਬੇ ਦੀ ਕਿਸਾਨੀ ਦੇ ਹਿੱਤ ਸੁਰੱਖਿਅਤ ਰੱਖੇ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 70 ਸਾਲਾਂ ਦੇ ਇਤਿਹਾਸ ਅੰਦਰ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਇਸ ਤਰ੍ਹਾਂ ਦੀ ਕੋਈ ਖੇਤੀਬਾੜੀ ਸੰਬੰਧਿਤ ਪਾਲਿਸੀ ਨੂੰ ਸਮੇਂ ਦੀ ਸਰਕਾਰ ਵੱਲੋਂ ਅਮਲ 'ਚ ਲਿਆਉਣ ਲਈ ਪਹਿਲ ਕਦਮੀ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੀ ਲਗਭਗ 50 ਫੀਸਦੀ ਵਸੋਂ ਖੇਤੀਬਾੜੀ 'ਤੇ ਨਿਰਭਰ ਹੈ। ਇਕ ਕਿਸਾਨ ਪਰਿਵਾਰ ਦੀ ਪ੍ਰਤੀ ਮਹੀਨਾ ਆਮਦਨ ਲਗਭਗ 15 ਤੋਂ 16 ਹਜ਼ਾਰ ਰੁਪਏ ਹੈ, ਜਦ ਕਿ ਗੁਆਂਢੀ ਸੂਬੇ ਹਰਿਆਣਾ ਦੇ ਕਿਸਾਨ ਦੀ ਪ੍ਰਤੀ ਮਹੀਨਾ ਆਮਦਨ 14,400 ਦੇ ਗਰੀਬ ਹੈ। ਪੰਜਾਬ ਭਰ ਦੇ ਕਿਸਾਨਾਂ ਨੂੰ ਰੱਬ ਦਾ ਵਾਸਤਾ ਦਿੰਦਿਆਂ ਕਿਹਾ ਕਿ ਉਹ ਬੇਲੋੜੇ ਖਰਚਿਆਂ ਖਾਤਰ ਆਪਣੇ ਆਪ ਨੂੰ ਕਰਜ਼ਾਈ ਨਾ ਕਰਨ ਅਤੇ ਨਾ ਹੀ ਆਪਣੇ ਆਪ ਨੂੰ ਖੁਦਕੁਸ਼ੀਆਂ ਵਰਗੇ ਮੰਦਭਾਗੇ ਰੁਝਾਨਾਂ ਵੱਲ ਤੋਰਨ। ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਪੁਰਜ਼ੋਰ ਅਪੀਲ ਕੀਤੀ ਕਿ ਉਹ ਇਕ ਵਕਤ ਦੀ ਰੋਟੀ ਭਾਵੇਂ ਘੱਟ ਕਰ ਦੇਣ ਪਰ ਆਪਣੇ ਬੱਚਿਆਂ ਨੂੰ ਸਿੱਖਿਅਤ ਜ਼ਰੂਰ ਕਰਨ, ਕਿਉਂਕਿ ਆਉਣ ਵਾਲਾ ਸਮਾਂ ਚੁਣੌਤੀਆਂ ਭਰਪੂਰ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਹ ਵੀ ਸੁਝਾਅ ਦਿੱਤਾ ਕਿ ਉਹ ਆਪਣੇ ਬੱਚਿਆਂ ਨੂੰ ਖੇਤੀਬਾੜੀ ਦੇ ਨਾਲ-ਨਾਲ ਬਾਗਬਾਨੀ, ਪਸ਼ੂ ਪਾਲਣ ਸਮੇਤ ਸਹਾਇਕ ਧੰਦਿਆਂ ਲਈ ਪ੍ਰੇਰਿਤ ਕਰਨ। ਨਵੀਂ ਪੀੜ੍ਹੀ ਦੇ ਹੋਰ ਧੰਦਿਆਂ ਵਿਚ ਸ਼ਿਫਟ ਹੋਣ ਨਾਲ ਖੇਤੀਬਾੜੀ ਉੱਪਰ ਪਿਆ ਬੋਝ ਯਕੀਨੀ ਤੌਰ 'ਤੇ ਘੱਟ ਹੋਵੇਗਾ। ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ ਕਰਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਦੇਸ਼ ਦੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਅਨਾਜ ਸੁਰੱਖਿਆ ਦਾ ਨਾਂ ਬਦਲ ਕੇ ਨਿਊਟਰੀਸ਼ਨ ਰੱਖਣ ਦਾ ਸੁਝਾਅ ਲਿਖਤੀ ਰੂਪ ਵਿਚ ਭੇਜਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਭੋਜਨ ਸੁਰੱਖਿਆ ਤਾਂ ਯਕੀਨੀ ਬਣਾ ਸਕੇ ਹਾਂ, ਸਮਾਂ ਹੈ ਕਿ ਪੋਸ਼ਣ ਸੁਰੱਖਿਆ ਵੀ ਯਕੀਨੀ ਬਣਾਈਏ। ਉਨ੍ਹਾਂ ਯੂਨੀਵਰਸਿਟੀ ਦੇ ਖੋਜ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨੀਆਂ ਦੇਖਣ ਉਪਰੰਤ ਕਿਹਾ ਕਿ ਪੰਜਾਬ ਦੀ ਖੇਤੀ ਬੜੇ ਮਜ਼ਬੂਤ ਅਤੇ ਸੁਰੱਖਿਅਤ ਹੱਥਾਂ ਵਿਚ ਹੈ ਅਤੇ ਦੇਸ਼ ਦੀਆਂ ਹੋਰ ਯੂਨੀਵਰਸਿਟੀਆਂ ਪੰਜਾਬ ਖੇਤੀਬਾੜੀ ਦੇ ਖੋਜ ਕਾਰਜਾਂ ਤੋਂ ਸੇਧ ਪ੍ਰਾਪਤ ਕਰ ਰਹੀਆਂ ਹਨ।
ਹਰੇ ਇਨਕਲਾਬ ਤੋਂ ਬਾਅਦ ਝੋਨੇ ਹੇਠ ਰਕਬਾ ਵਧਿਆ : ਉਪ ਕੁਲਪਤੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਆਪਣੀ ਪ੍ਰਭਾਵਸ਼ਾਲੀ ਤਕਰੀਰ ਦੌਰਾਨ ਦੱਸਿਆ ਕਿ ਪੰਜਾਬ ਅੰਦਰ ਹਰੇ ਇਨਕਲਾਬ ਤੋਂ ਬਾਅਦ ਝੋਨੇ ਹੇਠ ਰਕਬਾ ਵਧਿਆ, ਜੋ ਧਰਤੀ ਹੇਠਲੇ ਪਾਣੀ ਦੇ ਪੱਧਰ ਦੇ ਲਗਾਤਾਰ ਡਿੱਗਣ ਦਾ ਮੁੱਖ ਕਾਰਨ ਬਣਿਆ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਮੁੱਖ ਫਸਲ ਦੇ ਬਦਲ ਦੀ ਕੋਈ ਠੋਸ ਨੀਤੀ ਨਹੀਂ ਹੈ ਪਰ ਪੀ. ਏ. ਯੂ. ਵੱਲੋਂ ਇਸ ਦਿਸ਼ਾ ਵਿਚ ਲਗਾਤਾਰ ਤਕਨੀਕੀ ਯਤਨ ਜਾਰੀ ਹਨ। ਡਾ. ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 15 ਜੂਨ ਤੋਂ ਪਹਿਲਾਂ ਝੋਨੇ ਦੀ ਬਿਜਾਈ 'ਤੇ ਪਾਬੰਦੀ ਲਾਉਣਾ ਇਕ ਇਤਿਹਾਸਕ ਫੈਸਲਾ ਸਾਬਤ ਹੋਇਆ ਹੈ। ਇਸ ਕਦਮ ਨਾਲ ਕਿਸੇ ਹੱਦ ਤੱਕ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਰੋਕ ਲੱਗੀ ਹੈ। ਉਨ੍ਹਾਂ ਨੇ ਪੰਜਾਬ ਭਰ ਦੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਯੂਨੀਵਰਸਿਟੀ ਦੇ ਵਿਗਿਆਨੀਆਂ ਦੀਆਂ ਸਿਫਾਰਸ਼ਾਂ ਮੁਤਾਬਕ ਖੇਤੀ ਕਰਨ ਨੂੰ ਪਹਿਲ ਦੇਣ ਨਾ ਕਿ ਆਪ ਮੁਹਾਰੇ ਢੰਗ ਵਰਤ ਕੇ ਆਪਣੇ ਆਪ ਨੂੰ ਆਰਥਿਕ ਸੰਕਟ ਵਿਚ ਪਾ ਲੈਣ। ਉਨ੍ਹਾਂ ਕਿਹਾ ਕਿ ਸਾਨੂੰ ਕੁਲ ਝਾੜ ਨਹੀਂ ਕੁਲ ਮੁਨਾਫਾ ਦੇਖਣਾ ਚਾਹੀਦਾ ਹੈ ਅਤੇ ਮੁੱਢਲੀਆਂ ਲਾਗਤਾਂ ਵਿਚ ਕਟੌਤੀ ਕਰਨੀ ਚਾਹੀਦੀ ਹੈ।
61.54 ਕੁਇੰਟਲ ਪ੍ਰਤੀ ਹੈਕਟੇਅਰ ਝੋਨਾ ਪੈਦਾ ਕਰ ਕੇ ਰਿਕਾਰਡ ਸਥਾਪਿਤ ਕੀਤਾ ਪੀ. ਏ. ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਤੀ ਹੈਕਟੇਅਰ ਅਤੇ 2016 ਵਿਚ ਝੋਨੇ ਵਿਚ 61.54 ਕੁਇੰਟਲ ਪ੍ਰਤੀ ਹੈਕਟੇਅਰ ਵਧਣ ਕਰ ਕੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ। ਉਨ੍ਹਾਂ ਯੂਨੀਵਰਸਿਟੀ ਵੱਲੋਂ ਨਵੀਆਂ ਜਾਰੀ ਕੀਤੀਆਂ ਕਣਕ ਦੀਆਂ ਦੋ ਕਿਸਮਾਂ ਤੋਂ ਇਲਾਵਾ ਬਾਕੀ ਫਸਲਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਡਾ. ਬੈਂਸ ਨੇ ਯੂਨੀਵਰਸਿਟੀ ਵੱਲੋਂ ਨਵੀਆਂ ਸਿਫਾਰਸ਼ਾਂ, ਤਕਨੀਕਾਂ ਅਤੇ ਤਕਨਾਲੋਜੀਆਂ ਬਾਰੇ ਜਾਣੂ ਕਰਵਾਇਆ।
ਉਨ੍ਹਾਂ ਕਿਹਾ ਕਿ ਝੋਨਾ ਪੰਜਾਬ ਦੀ ਰਵਾਇਤੀ ਫਸਲ ਨਹੀਂ ਸੀ ਪਰ ਚੰਗਾ ਝਾੜ ਅਤੇ ਯਕੀਨੀ ਮੰਡੀਕਰਨ ਕਰ ਕੇ ਇਸ ਫਸਲ ਨੂੰ ਵੱਡੇ ਪੱਧਰ 'ਤੇ ਅਪਣਾ ਲਿਆ ਗਿਆ ਹੈ। ਵੱਡੇ ਪੱਧਰ 'ਤੇ ਝੋਨਾ ਲਾਉਣ ਨਾਲ ਪਾਣੀ ਦੇ ਖਜ਼ਾਨੇ ਨੂੰ ਵੱਡਾ ਖੋਰਾ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਘੱਟ ਸਮਾਂ ਲੈਣ ਵਾਲੀਆਂ ਝੋਨੇ ਦੀਆਂ ਕਿਸਮਾਂ ਵਿਕਸਤ ਕੀਤੀਆਂ ਗਈਆਂ ਹਨ। ਲੋੜ ਹੈ ਕਿਸਾਨ ਇਨ੍ਹਾਂ ਕਿਸਮਾਂ ਨੂੰ ਅਪਣਾਉਣ ਨੂੰ ਤਰਜੀਹ ਦੇਣ।
ਅਕਲ ਨਾਲ ਵਾਹ, ਰੱਜ ਕੇ ਖਾਹ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਸਾਨੀ ਨੂੰ ਬਦਲਦੇ ਹਾਲਾਤ ਮੁਤਾਬਕ ਆਪਣੇ ਆਪ ਨੂੰ ਬਦਲਣ ਦੀ ਸਲਾਹ ਦਿੰਦਿਆਂ ਕਿਹਾ ਕਿ ਦੱਬ ਕੇ ਵਾਹ ਅਤੇ ਰੱਜ ਕੇ ਖਾਹ ਨੂੰ ਛੱਡਣਾ ਪਵੇਗਾ। ਮੌਜੂਦਾ ਹਾਲਾਤ ਵਿਚ ਉਹੀ ਕਿਸਾਨ ਤਰੱਕੀ ਦੇ ਰਸਤੇ 'ਤੇ ਅੱਗੇ ਵਧ ਸਕੇਗਾ, ਜੋ ਕਿ 'ਅਕਲ ਨਾਲ ਵਾਹ, ਰੱਜ ਕੇ ਖਾਹ' ਦੀ ਨੀਤੀ ਨੂੰ ਅਪਣਾਏਗਾ।
ਹਰ ਜ਼ਿਲੇ 'ਚ ਕ੍ਰਿਸ਼ੀ ਵਿਗਿਆਨ ਕੇਂਦਰ ਸਥਾਪਿਤ : ਡਾ. ਅਸ਼ੋਕ ਕੁਮਾਰ
ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਸੂਬੇ ਦੇ ਹਰ ਜ਼ਿਲੇ ਵਿਚ ਕ੍ਰਿਸ਼ੀ ਵਿਗਿਆਨ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਤੋਂ ਵੱਖ-ਵੱਖ ਸਹਾਇਕ ਕਿੱਤੇ ਸ਼ੁਰੂ ਕਰਨ ਲਈ ਸਿਖਲਾਈਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਡਾਕ ਟਿਕਟ ਰਿਲੀਜ਼
ਪੀ. ਏ. ਯੂ. ਦੇ ਕਿਸਾਨ ਮੇਲਿਆਂ ਦੇ ਪੰਜਾਹ ਸਾਲ ਪੂਰੇ ਹੋਣ 'ਤੇ ਡਾਕ ਵਿਭਾਗ ਵੱਲੋਂ ਡਾਕ ਟਿਕਟ ਰਿਲੀਜ਼ ਕੀਤੀ ਗਈ। ਇਸ ਮੌਕੇ 'ਸਾਦੇ ਵਿਆਹ, ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ' ਦੇ ਨਾਲ-ਨਾਲ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸੰਪਰਕ ਅਤੇ ਸੰਚਾਰ ਕੇਂਦਰ ਵੱਲੋਂ ਡਾ. ਜੀ. ਐੱਸ. ਕਾਲਕਟ, ਡਾ. ਖੇਮ ਸਿੰਘ ਗਿੱਲ, ਡਾ. ਏ. ਐੱਸ. ਕਾਹਲੋਂ, ਡਾ. ਟੀ. ਐੱਸ. ਸੋਹਲ ਅਤੇ ਡਾ. ਨੰਦਪੁਰੀ ਦੀਆਂ ਪ੍ਰਕਾਸ਼ਿਤ ਕੀਤੀਆਂ ਜੀਵਨੀਆਂ ਵੀ ਰਿਲੀਜ਼ ਕੀਤੀਆਂ ਗਈਆਂ।
ਪੰਜ ਅਗਾਂਹਵਧੂ ਕਿਸਾਨ ਤੇ ਵਿਗਿਆਨੀ ਸਨਮਾਨਿਤ
ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨਾਲ ਮਿਲ ਕੇ ਖੇਤੀਬਾੜੀ ਦੇ ਖੇਤਰ ਵਿਚ ਵਿਲੱਖਣ ਪ੍ਰਾਪਤੀਆਂ ਦਰਜ ਕਰਨ ਵਾਲੇ ਪੰਜ ਅਗਾਂਹਵਧੂ ਕਿਸਾਨਾਂ ਸੁਖਦੇਵ ਸਿੰਘ ਭੁੱਲਰ ਨੂੰ ਸਵ. ਦਲੀਪ ਸਿੰਘ ਯਾਦਗਾਰੀ ਪੁਰਸਕਾਰ, ਹਰਪ੍ਰੀਤ ਸਿੰਘ ਨੂੰ ਸਵ. ਉਜਾਗਰ ਸਿੰਘ ਧਾਲੀਵਾਲ ਯਾਦਗਾਰੀ ਪੁਰਸਕਾਰ, ਜਗਤਾਰ ਸਿੰਘ ਗਿੱਲ ਨੂੰ ਪ੍ਰਵਾਸੀ ਭਾਰਤੀ ਪੁਰਸਕਾਰ, ਕੁਮਾਰੀ ਰੇਖਾ ਸ਼ਰਮਾ ਨੂੰ ਸਰਦਾਰਨੀ ਜਗਬੀਰ ਕੌਰ ਯਾਦਗਾਰੀ ਪੁਰਸਕਾਰ, ਸਤਵੀਰ ਸਿੰਘ ਸਰਾਂ ਨੂੰ ਹਰਜੀਤ ਸਿੰਘ ਢਿੱਲੋਂ ਪੁਰਸਕਾਰ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਖੇਤੀਬਾੜੀ ਸੈਕਟਰ ਵਿਚ ਨਵੀਆਂ ਖੋਜਾਂ ਸਦਕਾ ਕਿਸਾਨੀ ਨੂੰ ਅੱਪਡੇਟ ਰੱਖਣ ਵਾਲੇ ਪੰਜ ਵਿਗਿਆਨੀਆਂ ਡਾ. ਐੱਚ. ਐੱਸ. ਰਤਨਪਾਲ, ਸੀਨੀਅਰ ਹਾਰਟੀਕਲਚਰਿਸਟ, ਬੇਅੰਤ ਸਿੰਘ ਚੀਫ ਖੇਤੀਬਾੜੀ ਅਫਸਰ, ਡਾ. ਹਰਿੰਦਰ ਸਿੰਘ ਡਿਪਟੀ ਡਾਇਰੈਕਟਰ (ਟਰੇਨਿੰਗ) ਫਤਿਹਗੜ੍ਹ ਸਾਹਿਬ ਅਤੇ ਡਾ. ਰਾਜਬੀਰ ਸਿੰਘ ਬੂਰਾ, ਸੀਨੀਅਰ ਹਾਰਟੀਕਲਚਰਿਸਟ, ਫਲ ਖੋਜ ਕੇਂਦਰ ਬਹਾਦਰਗੜ੍ਹ ਨੂੰ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
6600 ਸਿੱਖਿਆ ਪ੍ਰੋਵਾਈਡਰਾਂ ਨੇ ਕੀਤਾ ਧਰਨਾ ਪ੍ਰਦਰਸ਼ਨ
NEXT STORY