ਕਪੂਰਥਲਾ, (ਭੂਸ਼ਣ)- ਨਸ਼ੇੜੀ ਨੌਜਵਾਨਾਂ ਨੂੰ ਨਸ਼ਾ ਛੁਡਵਾਉਣ ਦੇ ਮਕਸਦ ਨਾਲ ਸੂਬੇ ਅਤੇ ਆਸ-ਪਾਸ ਦੇ ਸੂਬਿਆਂ ਵਿਚ ਖੁੱਲ੍ਹੇ ਵੱਡੀ ਗਿਣਤੀ ਵਿਚ ਨਸ਼ਾ ਵਿਰੋਧੀ ਸੈਂਟਰ ਜਿਥੇ ਕਈ ਮਾਮਲਿਆਂ ਵਿਚ ਆਪਸੀ ਪਰਿਵਾਰਕ ਦੁਸ਼ਮਣੀ ਕੱਢਣ ਦਾ ਪ੍ਰਮੁੱਖ ਜ਼ਰੀਆ ਬਣ ਚੁੱਕੇ ਹਨ। ਉਥੇ ਹੀ ਇਨ੍ਹਾਂ ਵਿਚੋਂ ਕਈ ਨਸ਼ਾ ਛੁਡਾਊ ਕੇਂਦਰਾਂ ਦੇ ਕੋਲ ਟ੍ਰੇਨਡ ਡਾਕਟਰ ਨਾ ਹੋਣ ਦੇ ਕਾਰਨ ਜਿਥੇ ਭਰਤੀ ਨੌਜਵਾਨਾਂ ਨੂੰ ਭਾਰੀ ਜ਼ੁਲਮ ਦਾ ਸ਼ਿਕਾਰ ਵੀ ਹੋਣਾ ਪੈਂਦਾ ਹੈ। ਜੇਕਰ ਪੁਲਸ ਰਿਕਾਰਡ ਵਲ ਨਜ਼ਰ ਮਾਰੀ ਜਾਵੇ ਤਾਂ ਸੂਬੇ ਸਮੇਤ ਉੱਤਰੀ ਭਾਰਤ ਦੇ ਕਈ ਸੂਬਿਆਂ ਵਿਚ ਚੱਲ ਰਹੇ ਵੱਡੀ ਗਿਣਤੀ ਵਿਚ ਨਸ਼ਾ ਵਿਰੋਧੀ ਸੈਂਟਰਾਂ ਵਿਚ ਪੁਲਸ ਨੇ ਪੀੜਤ ਨੌਜਵਾਨਾਂ ਦੀ ਸ਼ਿਕਾਇਤ 'ਤੇ ਛਾਪਾਮਾਰੀ ਕਰ ਕੇ ਅਜਿਹੇ ਵੱਡੀ ਗਿਣਤੀ 'ਚ ਨੌਜਵਾਨਾਂ ਨੂੰ ਛੁਡਵਾਇਆ ਹੈ, ਜਿਨ੍ਹਾਂ ਨੂੰ ਨਸ਼ਾ ਛੱਡਣ ਦੇ ਨਾਂ 'ਤੇ ਭਾਰੀ ਮਾਰ ਕੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਸੀ । ਉਥੇ ਹੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਵੱਲੋਂ ਨਵੀਂ ਦਿੱਲੀ ਨਾਲ ਸਬੰਧਤ ਇਕ ਨਸ਼ਾ ਛੁਡਾਊ ਕੇਂਦਰ ਦੇ 4 ਕਰਮਚਾਰੀਆਂ ਦੇ ਖਿਲਾਫ ਦਰਜ ਕੀਤਾ ਗਿਆ, ਮਾਮਲਾ ਇਸ ਸੱਚਾਈ ਦੀ ਪੁਸ਼ਟੀ ਕਰਦਾ ਹੈ ।
ਬੀਤੇ 15 ਸਾਲਾਂ ਦੌਰਾਨ ਸੂਬੇ ਭਰ 'ਚ ਖੁੱਲ੍ਹ ਚੁੱਕੇ ਵੱਡੀ ਗਿਣਤੀ 'ਚ ਨਸ਼ਾ ਛੁਡਾਊ ਕੇਂਦਰ
ਬੀਤੇ 20 ਸਾਲ ਦੇ ਦੌਰਾਨ ਸੂਬੇ ਵਿਚ ਇਕ ਦਮ ਨਾਲ ਫੈਲੇ ਨਸ਼ੇ ਦੇ ਭਾਰੀ ਪ੍ਰਸਾਰ ਦੇ ਕਾਰਨ ਜਿਥੇ ਸਰਕਾਰੀ ਪੱਧਰ 'ਤੇ ਸਾਰੇ ਜ਼ਿਲਿਆਂ ਵਿਚ ਨਸ਼ਾ ਛੁਡਾਊ ਕੇਂਦਰ ਖੋਲ੍ਹੇ ਗਏ ਹਨ, ਉਥੇ ਹੀ ਇਸ ਦੌਰਾਨ ਸੂਬੇ ਭਰ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਇਨ੍ਹਾਂ ਪ੍ਰਾਈਵੇਟ ਨਰਸਿੰਗ ਨਸ਼ਾ ਛੁਡਾਊ ਕੇਂਦਰ ਖੁੱਲ੍ਹ ਚੁੱਕੇ ਹਨ, ਜਿਥੇ ਨਸ਼ਾ ਛੱਡਣ ਦੇ ਨਾਂ 'ਤੇ ਨੌਜਵਾਨਾਂ ਦਾ ਇਲਾਜ ਕੀਤਾ ਜਾਂਦਾ ਹੈ । ਇਨ੍ਹਾਂ ਵਿਚੋਂ ਕਈ ਨਸ਼ਾ ਛੁਡਾਊ ਕੇਂਦਰ ਅਜਿਹੇ ਵੀ ਹਨ, ਜਿਥੇ ਅਕਸਰ ਡਿਗਰੀ ਪ੍ਰਾਪਤ ਡਾਕਟਰ ਨਾ ਹੋਣ ਨੂੰ ਲੈ ਕੇ ਸ਼ਿਕਾਇਤਾਂ ਮਿਲਦੀਆਂ ਰਹਿੰਦੀਆਂ ਹਨ। ਉਥੇ ਹੀ ਇਨ੍ਹਾਂ ਵਿਚੋਂ ਕਈ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਨੌਜਵਾਨਾਂ 'ਤੇ ਜ਼ੁਲਮ ਕਰਨ ਦੇ ਮਾਮਲੇ ਵੀ ਸਾਹਮਣੇ ਆਏ ਹਨ।
ਗੌਰ ਹੋਵੇ ਕਿ ਬੀਤੇ ਇਕ ਦਹਾਕੇ ਦੌਰਾਨ ਹੀ ਸੂਬੇ ਭਰ ਵਿਚ ਪੁਲਸ ਵੱਡੀ ਗਿਣਤੀ ਵਿਚ ਅਜਿਹੇ ਕਈ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰਾਂ ਵਿਚ ਛਾਪਾਮਾਰੀ ਕਰ ਚੁੱਕੀ ਹੈ, ਜਿਥੇ ਨੌਜਵਾਨਾਂ ਨੂੰ ਭਾਰੀ ਮਾਰ ਕੁੱਟ ਕਰ ਕੇ ਸ਼ਿਕਾਰ ਬਣਾਇਆ ਗਿਆ ਹੈ।
ਮੋਟੀ ਰਕਮ ਦੇ ਕੇ ਮਾਮੂਲੀ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਵੀ ਕਰਵਾ ਦਿੱਤਾ ਜਾਂਦਾ ਹੈ ਭਰਤੀ
ਸੂਬੇ ਸਮੇਤ ਉਤਰੀ ਭਾਰਤ ਦੇ ਕਈ ਸ਼ਹਿਰਾਂ ਵਿਚ ਚੱਲ ਰਹੇ ਨਸ਼ਾ ਵਿਰੋਧੀ ਸੈਂਟਰਾਂ ਵਿਚ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ, ਜਿਥੇ ਮਾਮੂਲੀ ਤੌਰ 'ਤੇ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਦੇ ਨਾਂ 'ਤੇ ਭਰਤੀ ਕਰਵਾ ਦਿੱਤਾ ਜਾਂਦਾ ਹੈ, ਇਨ੍ਹਾਂ ਵਿਚੋਂ ਕਈ ਮਾਮਲਿਆਂ ਵਿਚ ਕੁਝ ਲੋਕਾਂ ਨੇ ਪਰਿਵਾਰਕ ਦੁਸ਼ਮਣੀ ਕੱਢਣ ਲਈ ਇਨ੍ਹਾਂ ਨੌਜਵਾਨਾਂ ਨੂੰ ਇਨ੍ਹਾਂ ਸੈਂਟਰਾਂ ਵਿਚ ਭਰਤੀ ਕਰਵਾਇਆ ਸੀ, ਉਥੇ ਹੀ ਕਈ ਮਾਮਲਿਆਂ ਵਿਚ ਤਾਂ ਕਈ ਅਜਿਹੇ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ 'ਚ ਭਰਤੀ ਕਰਵਾਇਆ ਗਿਆ ਸੀ, ਜਿਨ੍ਹਾਂ ਨੇ ਕਦੇ ਨਸ਼ਾ ਕੀਤਾ ਹੀ ਨਹੀਂ ਸੀ ਪਰ ਅਜਿਹੇ ਲੋਕਾਂ ਨੂੰ ਮੋਟੀ ਰਕਮ ਦੇ ਕੇ ਜਾਣਬੁੱਝ ਕੇ ਨਸ਼ਾ ਵਿਰੋਧੀ ਸੈਂਟਰਾਂ 'ਚ ਭਰਤੀ ਕਰਵਾ ਦਿੱਤਾ ਗਿਆ । ਜਿਸ ਨੂੰ ਲੈ ਕੇ ਹੀ ਹੁਣ ਅਜਿਹੇ ਮਾਮਲਿਆਂ ਵਿਚ ਪੁਲਸ ਵੱਲੋਂ ਕਾਰਵਾਈ ਕਰਨ ਦੇ ਲਗਾਤਾਰ ਮਾਮਲੇ ਸਾਹਮਣੇ ਆ ਰਹੇ ਹਨ।
ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧ ਵਿਚ ਜਦੋਂ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਧੱਕੇਸ਼ਾਹੀ ਕਰਕੇ ਨਸ਼ਾ ਵਿਰੋਧੀ ਸੈਂਟਰਾਂ ਵਿਚ ਭਰਤੀ ਕਰਾਇਆ ਜਾਂਦਾ ਹੈ ਜਾਂ ਉਸ ਨਾਲ ਮਾਰ ਕੁੱਟ ਕੀਤੀ ਜਾਂਦੀ ਹੈ ਤਾਂ ਅਜਿਹੇ ਮਾਮਲੇ ਵਿਚ ਪੁਲਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਂਦੀ ਹੈ।
ਟਰੱਕ ਹੇਠਾਂ ਆਉਣ ਕਾਰਨ ਵਿਅਕਤੀ ਦੀ ਮੌਤ
NEXT STORY