ਕਪੂਰਥਲਾ - ਬਸਪਾ (ਅੰਬੇਡਕਰ) ਪਾਰਟੀ ਦੇ ਪ੍ਰਧਾਨ ਦੇਵੀ ਦਾਸ ਨਾਹਰ ਨੇ ਪਾਰਟੀ ਦਫਤਰ ਵਿਖੇ ਮੁੱਖ ਆਗੂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਲੋਕਾਂ ਕੋਲੋਂ ਵੋਟਾਂ ਲੈਣ ਲਈ ਬਹੁਤ ਸਾਰੇ ਵਾਅਦੇ ਕੀਤੇ, ਖਾਸ ਕਰ ਕੇ ਨੌਜਵਾਨਾਂ ਨਾਲ ਬਹੁਤ ਵੱਡੇ ਪੱਧਰ 'ਤੇ ਵਾਅਦੇ ਕੀਤੇ ਪਰ ਉਨ੍ਹਾਂ 'ਤੇ ਕੋਈ ਅਮਲ ਹੁੰਦਾ ਨਜ਼ਰ ਨਹੀਂ ਆ ਰਿਹਾ। 4 ਮਹੀਨਿਆਂ ਦੇ ਸਮੇਂ ਵਿਚ ਸਰਕਾਰ ਨੇ ਕੁੱਝ ਨਹੀਂ ਕੀਤਾ, ਇਸ ਲਈ ਕੈਪਟਨ ਵਲੋਂ ਕੀਤੇ ਵਾਅਦੇ ਪੂਰੇ ਕਰਵਾਉਣ, ਸੁੱਤੀ ਸਰਕਾਰ ਨੂੰ ਜਗਾਉਣ, ਭ੍ਰਿਸ਼ਟਾਚਾਰ ਦੇ ਖਾਤਮੇ ਤੇ ਪੁਲਸ ਦੇ ਅੱਤਿਆਚਾਰ ਨੂੰ ਰੋਕਣ ਲਈ ਡਿਪਟੀ ਕਮਿਸ਼ਨਰਾਂ ਤੇ ਐੱਸ. ਡੀ. ਐੱਮਜ਼ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਯਾਦ-ਪੱਤਰ ਦੇਣ ਦੀ ਤਿਆਰੀ ਕਰੋ, ਜਿਸ ਦੀ ਸ਼ੁਰੂਆਤ 25 ਜੁਲਾਈ ਨੂੰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਵਾਅਦਿਆਂ ਪ੍ਰਤੀ ਯਾਦ-ਪੱਤਰ ਦੇ ਕੇ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਈ ਪੂਰੀ ਤਰ੍ਹਾਂ ਨਾਲ ਕਮਰ ਕੱਸ ਲੈਣੀ ਚਾਹੀਦੀ ਹੈ ਤੇ ਪਿੰਡਾਂ 'ਚ ਮੁਹੱਲਾ ਪੱਧਰ 'ਤੇ ਲੋਕਾਂ ਨੂੰ ਸਮਝਾਇਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ 26 ਜੁਲਾਈ ਨੂੰ ਫਗਵਾੜਾ ਵਿਖੇ ਯਾਦ-ਪੱਤਰ ਦਿੱਤਾ ਜਾਵੇਗਾ। 27 ਜੁਲਾਈ ਨੂੰ ਨਕੋਦਰ, 28 ਜੁਲਾਈ ਨੂੰ ਤਰਨਤਾਰਨ, 1 ਅਗਸਤ ਨੂੰ ਅਜਨਾਲਾ, 10 ਅਗਸਤ ਨੂੰ ਅੰਮ੍ਰਿਤਸਰ ਵਿਖੇ ਡੀ. ਸੀਜ਼ ਨੂੰ ਯਾਦ-ਪੱਤਰ ਦਿੱਤਾ ਜਾਵੇਗਾ। ਬਾਕੀ ਥਾਵਾਂ ਦੀਆਂ ਤਰੀਕਾਂ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਦੇਸ਼ ਵਿਚ ਪਾਰਟੀ ਦੀ ਸ਼ਕਤੀ ਬਣਾਉਣ ਤੇ ਗਰੀਬਾਂ ਨੂੰ ਜਗਾਉਣ ਲਈ ਅਤੇ 70 ਸਾਲ ਤੋਂ ਗਰੀਬਾਂ ਨਾਲ ਹੋ ਰਹੇ ਹਰ ਸਰਕਾਰ ਦੇ ਧੋਖੇ ਤੋਂ ਜਾਣੂ ਕਰਵਾਉਣ ਲਈ ਪਾਰਟੀ ਦਾ ਬਾਕੀ ਸੂਬਿਆਂ ਵਿਚ ਤੇਜ਼ੀ ਨਾਲ ਵਿਸਤਾਰ ਕਰਨ ਲਈ ਸ਼ੁਭਾਸ਼ ਤਮੋਲੀ ਨੂੰ ਚੰਡੀਗੜ੍ਹ ਅਤੇ ਦਿੱਲੀ ਦਾ ਇੰਚਾਰਜ ਬਣਾਇਆ ਜਾ ਰਿਹਾ ਹੈ। ਤਾਰਾ ਸਿੰਘ ਗਿੱਲ ਉੱਤਰ ਪ੍ਰਦੇਸ਼ ਦੇ ਨਾਲ ਮਾਲਵੇ ਦੇ ਐੱਮ. ਪੀ. ਹਲਕੇ ਸੰਗਰੂਰ, ਪਟਿਆਲਾ, ਬਠਿੰਡਾ ਦੇਖਣਗੇ। ਸ਼ੰਕਰ ਸਿੰਘ ਸਹੋਤਾ ਹਰਿਆਣਾ ਦੇ ਨਾਲ ਮਾਲਵੇ ਦੇ 3 ਐੱਮ. ਪੀ. ਹਲਕੇ ਲੁਧਿਆਣਾ, ਆਨੰਦਪੁਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਦੇਖਣਗੇ। ਬਲਵੰਤ ਸਿੰਘ ਸੁਲਤਾਨਪੁਰ ਲੋਧੀ ਰਾਜਸਥਾਨ ਦੇ ਨਾਲ ਮਾਲਵੇ ਦੇ ਐੱਮ. ਪੀ. ਹਲਕੇ ਫਿਰੋਜ਼ਪੁਰ ਤੇ ਫਰੀਦਕੋਟ ਦੇਖਣਗੇ ਅਤੇ ਹਰ ਮਹੀਨੇ ਦੀ 18 ਤਰੀਕ ਨੂੰ ਆਪਣੇ ਕੰਮ ਦੀ ਪਾਰਟੀ ਨੂੰ ਰਿਪੋਰਟ ਦੇਣਗੇ।
ਯੂਨੀਅਨ ਪ੍ਰਧਾਨ ਨੂੰ ਲੁੱਟ ਕੇ ਭੱਜੇ 3 ਲੁਟੇਰੇ ਕਾਬੂ
NEXT STORY