ਮੋਗਾ (ਪਵਨ ਗਰੋਵਰ, ਸੰਦੀਪ ਸ਼ਰਮਾ)— ਤੱਤਕਾਲੀਨ ਅਕਾਲੀ ਭਾਜਪਾ ਸਰਕਾਰ ਲਈ ਲੰਬਾ ਸਮਾਂ ਗਲੇ ਦੀ ਹੱਡੀ ਬਣੇ ਰਹੇ ਬਹੁ-ਚਰਚਿਤ ਓਰਬਿਟ ਬੱਸ ਕਾਂਡ ਮਾਮਲੇ ਵਿਚ ਅੱਜ ਸੁਣਵਾਈ ਦੌਰਾਨ ਮੋਗਾ ਅਦਾਲਤ ਨੇ ਮਾਮਲੇ ਵਿਚ ਨਾਮਜ਼ਦ ਕੀਤੇ ਚਾਰੇ ਮੁਜ਼ਰਮਾਂ ਨੂੰ ਬਰੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ 29 ਅਪ੍ਰੈਲ, 2015 ਨੂੰ ਮੋਗਾ ਨਜ਼ਦੀਕ ਓਰਬਿਟ ਬੱਸ ਚੋਂ ਡਿੱਗਣ ਕਾਰਨ ਦਲਿਤ ਪਰਿਵਾਰ ਨਾਲ ਸੰਬੰਧਤ ਨਾਲਬਾਜ਼ ਕੁੜੀ ਅਰਸ਼ਦੀਪ ਦੀ ਮੌਤ ਹੋ ਗਈ ਸੀ ਜਦੋਂ ਕਿ ਉਸ ਦੀ ਮਾਤਾ ਛਿੰਦਰ ਕੌਰ ਜ਼ਖਮੀ ਹੋ ਗਈ ਸੀ।
ਇਸ ਮਾਮਲੇ ਨੂੰ ਲੈ ਕੇ ਦੇਸ਼ -ਭਰ ਦੇ ਮੀਡੀਆ ਵਿਚ ਬਾਦਲ ਪਰਿਵਾਰ ਅਤੇ ਸਮੁੱਚੀ ਅਕਾਲੀ-ਭਾਜਪਾ ਸਰਕਾਰ ਦੀ ਬਹੁਤ ਕਿਰਕਿਰੀ ਹੋਈ ਸੀ ਅਤੇ ਇਸ ਮਾਮਲੇ ਨੂੰ ਲੈ ਕੇ ਮੋਗਾ ਵਿਖੇ ਲਗਾਤਾਰ 15 ਦਿਨਾਂ ਤੱਕ ਸੰਘਰਸ਼ ਚੱਲਦਾ ਰਿਹਾ। ਇੱਥੇ ਹੀ ਬਸ ਨਹੀਂ ਪੀੜਤ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਪ੍ਰਧਾਨ ਸੁਨੀਲ ਜਾਖੜ, ਐੱਸ. ਸੀ. ਕਮਿਸ਼ਨ ਭਾਰਤ ਸਰਕਾਰ ਦੇ ਚੇਅਰਮੈਨ ਡਾ. ਪੂਨੀਆ, ਉਪ ਚੇਅਰਮੈਨ ਡਾ. ਰਾਜਕੁਮਾਰ ਵੇਰਕਾ ਸਮੇਤ ਦੇਸ਼ ਭਰ ਦੇ ਲੀਡਰਾਂ ਨੇ ਮੋਗਾ ਪਹੁੰਚ ਕੇ ਬਾਦਲਾਂ ਦੀ ਮਾਲਕੀ ਵਾਲੀ ਓਰਬਿਟ ਬੱਸ ਦਾ ਰੱਜ ਕੇ ਜਲੂਸ ਕੱਢਿਆ ਸੀ। ਇਸ ਮਾਮਲੇ ਵਿਚ ਮੋਗਾ ਪੁਲਸ ਨੇ ਮ੍ਰਿਤਕ ਲੜਕੀ ਦੀ ਮਾਤਾ ਛਿੰਦਰ ਕੌਰ ਪਤਨੀ ਸੁਖਦੇਵ ਸਿੰਘ ਦੇ ਬਿਆਨਾਂ 'ਤੇ ਓਰਬਿਟ ਬੱਸ ਦੇ ਚਾਲਕ ਰਣਜੀਤ ਸਿੰਘ, ਕੰਡਕਟਰ ਪਰਮਿਦੰਰ ਸਿੰਘ ਉਰਫ ਪੰਮਾ, ਬੱਸ ਸਹਾਇਕ ਗੁਰਦੀਪ ਸਿੰਘ ਜਿੰਮੀ ਵਾਸੀ ਮੋਗਾ ਅਤੇ ਅਮਰਰਾਮ ਵਾਸੀ ਚੱਕ ਬਖਤੂ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਪੀੜਤ ਧਿਰ ਛਿੰਦਰ ਕੌਰ ਸਮੇਤ ਹੋਰ ਸਾਰੇ ਗਵਾਹ ਆਪਣੇ ਬਿਆਨਾਂ ਤੋਂ ਮੁਕਰ ਗਏ। ਅੱਜ ਇਸ ਮਾਮਲੇ ਦਾ ਨਿਪਟਾਰਾ ਕਰਦਿਆਂ ਐਡੀਸ਼ਨਲ ਸੈਸ਼ਨ ਜ਼ਿਲਾ ਜੱਜ ਲਖਵਿੰਦਰ ਕੌਰ ਦੁੱਗਲ ਨੇ ਸਬੂਤਾਂ ਦੀ ਘਾਟ ਕਾਰਨ ਮਾਮਲੇ ਵਿਚ ਨਾਮਜ਼ਦ ਸਾਰੇ ਮੁਜ਼ਰਮਾਂ ਨੂੰ ਬਰੀ ਕਰ ਦਿੱਤਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕੀ ਘਟਨਾ ਤੋਂ ਪੰਜ ਦਿਨਾਂ ਬਾਅਦ ਪੰਜਾਬ ਦੇ ਤੱਤਕਾਲੀਨ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਤੱਤਕਾਲੀਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਲਗਭਗ 30 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਸੀ।
ਬਠਿੰਡਾ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, ਲੁੱਟਖੋਹ ਦੇ ਗਿਰੋਹ ਦਾ ਪਰਦਾਫਾਸ਼ ਕਰਕੇ 5 ਮੈਂਬਰ ਕੀਤੇ ਕਾਬੂ
NEXT STORY