ਲੁਧਿਆਣਾ (ਪੰਕਜ) : ਖੰਨਾ ਪੁਲਸ ਵੱਲੋਂ ਪੰਜਾਬ 'ਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸ਼ੱਕੀ ਲੋਕਾਂ ਦੇ ਫੋਟੋ ਸਮੇਤ ਪੋਸਟਰ ਵੱਖ-ਵੱਖ ਇਸ਼ਤਿਹਾਰਾਂ 'ਚ ਦੇਣ ਦੇ ਮਾਮਲੇ 'ਚ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਨ੍ਹਾਂ ਪੋਸਟਰਾਂ 'ਚ ਆਪਣੀ ਫੋਟੋ ਦੇਖ ਕੇ ਖੰਨਾ ਦਾ ਇਕ ਨੌਜਵਾਨ ਨਾ ਸਿਰਫ ਹੈਰਾਨ ਰਹਿ ਗਿਆ ਸਗੋਂ ਆਪਣੇ ਸਮਰਥਕਾਂ ਸਮੇਤ ਖੁਦ ਹੀ ਪੁਲਸ ਅਧਿਕਾਰੀਆਂ ਸਾਹਮਣੇ ਪੇਸ਼ ਹੋ ਗਿਆ।
ਪਿਛਲੇ ਦਿਨੀਂ ਖੰਨਾ ਪੁਲਸ ਵੱਲੋਂ ਡੇਰਾ ਸਮਰਥਕ ਪਿਤਾ-ਪੁੱਤਰ ਸਮੇਤ ਸ਼ਿਵ ਸੈਨਾ ਨੇਤਾ ਦੁਰਗਾ ਦਾਸ ਗੁਪਤਾ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਵਾਲੇ ਸ਼ੱਕੀਆਂ ਦੀ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਇਕੱਠੀ ਫੋਟੋ ਵਾਲੇ ਪੋਸਟਰ ਬਣਾ ਕੇ ਮੀਡੀਆ 'ਚ ਛਪਵਾਏ ਗਏ ਸਨ। ਇਨ੍ਹਾਂ 'ਚ ਬਾਕਾਇਦਾ ਮੁਲਜ਼ਮਾਂ ਦੀ ਸੂਚਨਾ ਦੇਣ ਵਾਲਿਆਂ ਦਾ ਨਾਂ ਗੁਪਤ ਰੱਖਣ ਦੇ ਨਾਲ 50 ਲੱਖ ਰੁਪਏ ਦਾ ਇਨਾਮ ਅਤੇ ਸਭ ਇੰਸਪੈਕਟਰ ਦੀ ਨੌਕਰੀ ਦੇਣ ਦਾ ਐਲਾਨ ਕੀਤੀ ਗਿਆ ਸੀ। ਵਰਨਣਯੋਗ ਹੈ ਕਿ ਆਰ. ਐੱਸ. ਐੱਸ. ਨੇਤਾ ਜਗਦੀਸ਼ ਗਗਨੇਜਾ, ਅਮਿਤ ਸ਼ਰਮਾ, ਸ਼ਿਵ ਸੈਨਾ ਆਗੂ ਦੁਰਗਾਦਾਸ ਸਮੇਤ ਡੇਰਾ ਸਮਰਥਕ ਪਿਤਾ-ਪੁੱਤਰ ਦੀ ਹੱਤਿਆ ਕਰਨ ਵਾਲੇ ਕਾਤਲਾਂ ਵੱਲੋਂ ਮੁੱਖ ਤੌਰ 'ਤੇ ਬੁਲੇਟ ਮੋਟਰਸਾਈਕਲ ਦੀ ਵਰਤੋਂ ਕੀਤੀ ਗਈ ਸੀ। ਪੁਲਸ ਵੱਲੋਂ ਰਿਲੀਜ਼ ਪੋਸਟਰ 'ਚ ਵੀ ਮੋਟਰਸਾਈਕਲ ਸਵਾਰ ਦੋ ਸ਼ੱਕੀ, ਜੋ ਕਿ ਬਿਨਾਂ ਚਿਹਰੇ ਢਕੇ ਪਿਤਾ-ਪੁੱਤਰ ਹੱਤਿਆ ਕਾਂਡ 'ਚ ਉਧਰੋਂ ਨਿਕਲਦੇ ਸੀ. ਸੀ. ਟੀ. ਵੀ. 'ਚ ਆ ਗਏ ਸਨ, ਨੂੰ ਵੀ ਸ਼ੱਕੀਆਂ ਦੀ ਲਿਸਟ 'ਚ ਪਾ ਕੇ ਖੰਨਾ ਪੁਲਸ ਨੇ ਉਕਤ ਪੋਸਟਰ ਜਾਰੀ ਕੀਤਾ ਸੀ।
ਇਸ ਨੂੰ ਦੇਖ ਕੇ ਖੰਨਾ ਨਿਵਾਸੀ ਦੀਪਕ ਕੁਮਾਰ (32) ਜੋ ਕਿ ਸਥਾਨਕ ਮਾਰਕੀਟ ਵਿਚ ਕਰਿਆਨੇ ਦੀ ਦੁਕਾਨ ਕਰਦਾ ਹੈ, ਤੁਰੰਤ ਇਲਾਕਾ ਕੌਂਸਲਰ ਨੂੰ ਲੈ ਕੇ ਪੁਲਸ ਅਧਿਕਾਰੀਆਂ ਕੋਲ ਪਹੁੰਚ ਗਿਆ, ਜਿਥੇ ਉਸ ਨੇ ਦੱਸਿਆ ਕਿ ਜਿਸ ਮੋਟਰਸਾਈਕਲ 'ਤੇ ਉਹ ਨਿਕਲਿਆ ਸੀ, ਉਹ ਉਸ ਨੇ ਆਪਣੇ ਵਰਕਰ ਤੋਂ ਥੋੜ੍ਹੇ ਸਮੇਂ ਲਈ ਉਧਾਰ ਮੰਗਿਆ ਸੀ ਤੇ ਜੋ ਵਿਅਕਤੀ ਉਸ ਦੇ ਪਿੱਛੇ ਬੈਠਾ ਦਿਖਾਈ ਦੇ ਰਿਹਾ ਹੈ, ਉਸ ਨੇ ਅਗਲੇ ਚੌਕ 'ਤੇ ਉਸ ਕੋਲੋਂ ਲਿਫਟ ਲਈ ਸੀ। ਮਾਮਲਾ ਬੇਹੱਦ ਸੰਗੀਨ ਹੋਣ ਦੀ ਵਜ੍ਹਾ ਨਾਲ ਪੁਲਸ ਨੇ ਪੁੱਛਗਿੱਛ ਲਈ ਦੀਪਕ ਨੂੰ ਹਿਰਾਸਤ 'ਚ ਲਿਆ ਹੈ। ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਬੇਸ਼ੱਕ ਉਹ ਖੁਦ ਪੇਸ਼ ਹੋਇਆ ਹੈ, ਫਿਰ ਵੀ ਅਜੇ ਤੱਕ ਉਹ ਸ਼ੱਕੀਆਂ ਦੀ ਲਿਸਟ 'ਚ ਸ਼ਾਮਲ ਹੈ। ਉਸ ਨੇ ਜੋ ਬਿਆਨ ਦਿੱਤੇ ਹਨ, ਉਨ੍ਹਾਂ ਦੀ ਸੱਚਾਈ ਜਾਣਨ ਤੋਂ ਬਾਅਦ ਹੀ ਕਿਸੇ ਤਰ੍ਹਾਂ ਦਾ ਫੈਸਲਾ ਲਿਆ ਜਾਵੇਗਾ। ਉਧਰ ਪੀੜਤ ਦਾ ਪਰਿਵਾਰ ਇਸ ਘਟਨਾਕ੍ਰਮ ਨੂੰ ਲੈ ਕੇ ਜਿਥੇ ਕਾਫੀ ਸਹਿਮਿਆ ਹੋਇਆ ਹੈ, ਉਥੇ ਘਟਨਾ ਦੀ ਜਾਣਕਾਰੀ ਮਿਲਦੇ ਹੀ ਕਈ ਸੀਨੀਅਰ ਪੁਲਸ ਅਧਿਕਾਰੀ ਖੁਦ ਜਾਂਚ-ਪੜਤਾਲ 'ਚ ਜੁਟ ਗਏ ਹਨ।
ਰੇਰੂ ਪਿੰਡ 'ਚ ਚੋਰਾਂ ਦੀ ਦਹਿਸ਼ਤ, 5 ਦੁਕਾਨਾਂ ਦੇ ਤਾਲੇ ਤੋੜ ਕੀਤਾ ਸਫਾਇਆ
NEXT STORY