ਲੁਧਿਆਣਾ(ਰਿਸ਼ੀ/ਡਾ. ਪ੍ਰਦੀਪ)-ਲੁੱਟ ਦੀ ਨੀਅਤ ਨਾਲ ਹਰਿਆਣਾ ਦੇ ਟਰੱਕ ਡਰਾਈਵਰ ਨੇਮ ਸਿੰਘ (48) ਦੀ ਹੱਤਿਆ ਕਰ ਕੇ ਪਿੰਡ ਸ਼ੰਕਰ ਨੇੜੇ ਸੂਏ 'ਚ ਸੁੱਟੀ ਗਈ ਲਾਸ਼ ਦੇ ਮਾਮਲੇ ਨੂੰ ਥਾਣਾ ਡੇਹਲੋਂ ਦੀ ਪੁਲਸ ਨੇ ਸੁਲਝਾ ਲਿਆ ਹੈ। ਪੁਲਸ ਨੇ ਇਕ ਹਤਿਆਰੇ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦੋਂ ਕਿ ਦੂਸਰੇ ਦੀ ਭਾਲ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਸ ਨੇ ਹਤਿਆਰਿਆਂ ਵੱਲੋਂ ਚੋਰੀ ਕੀਤੀ ਗਏ ਸਕ੍ਰੈਪ ਨਾਲ ਭਰੇ ਟਰੱਕ ਨੂੰ ਵੀ ਬਰਾਮਦ ਕਰ ਲਿਆ ਹੈ। ਥਾਣਾ ਮੁਖੀ ਕੁਲਵੰਤ ਸਿੰਘ ਅਨੁਸਾਰ ਫੜੇ ਗਏ ਹਤਿਆਰੇ ਦੀ ਪਛਾਣ ਓਮ ਪ੍ਰਕਾਸ਼ (24) ਨਿਵਾਸੀ ਸ਼ਿਵ ਕਾਲੋਨੀ, ਢੰਡਾਰੀ ਅਤੇ ਫਰਾਰ ਦੀ ਪਛਾਣ ਡਰਾਈਵਰ ਵਿਨੋਦ ਕੁਮਾਰ ਦੇ ਤੌਰ 'ਤੇ ਹੋਈ ਹੈ। ਪੁਲਸ ਨੇ ਅੱਜ ਸੂਚਨਾ ਦੇ ਆਧਾਰ 'ਤੇ ਉਸ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨੇਮ ਸਿੰਘ ਜਦੋਂ ਪੰਜਾਬ ਵਿਚ ਦਾਖਲ ਹੋਣ ਦੇ ਬਾਅਦ ਰਾਤ ਦਾ ਖਾਣਾ-ਖਾਣ ਲਈ ਸਾਹਨੇਵਾਲ ਨੇੜੇ ਢਾਬੇ 'ਤੇ ਰੁਕਿਆ ਤਾਂ ਉਕਤ ਦੋਨੋਂ ਦੋਸ਼ੀ ਪਹਿਲਾਂ ਤੋਂ ਉਥੇ ਮੌਜੂਦ ਸਨ। ਉਨ੍ਹਾਂ ਨੂੰ ਪਤਾ ਸੀ ਕਿ ਨੇਮ ਸਿੰਘ ਗਾਜ਼ੀਆਬਾਦ ਤੋਂ ਸਕ੍ਰੈਪ ਲੈ ਕੇ ਆਇਆ ਹੈ। ਢਾਬੇ 'ਤੇ ਬੈਠੇ-ਬੈਠੇ ਤਿੰਨਾਂ ਦੀ ਆਪਸ ਵਿਚ ਦੋਸਤੀ ਹੋ ਗਈ, ਜਿਸ ਦੇ ਬਾਅਦ ਤਿੰਨਾਂ ਨੇ ਇਕੱਠਿਆਂ ਸ਼ਰਾਬ ਪੀਤੀ। ਜਿਸ ਦੇ ਬਾਅਦ ਦੋਵਾਂ ਦੀ ਨੀਅਤ ਖਰਾਬ ਹੋ ਗਈ। ਜਦੋਂ ਨੇਮ ਸਿੰਘ ਆਪਣੇ ਟਰੱਕ ਵਿਚ ਜਾ ਕੇ ਸੌਣ ਲੱਗਾ ਤਾਂ ਉਥੇ ਦੋਵਾਂ ਨੇ ਨਸ਼ੇ ਦੀ ਹਾਲਤ ਵਿਚ ਰਾਤ 11 ਵਜੇ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਲਾਸ਼ ਟਰੱਕ ਵਿਚ ਹੀ ਰੱਖ ਕੇ ਡੇਹਲੋਂ ਇਲਾਕੇ ਵੱਲ ਨਿਕਲ ਪਏ। ਪਿੰਡ ਸ਼ੰਕਰ ਨੇੜੇ ਸੂਆ ਦੇਖ ਕੇ ਲਾਸ਼ ਸੁੱਟ ਦਿੱਤੀ ਅਤੇ ਟਰੱਕ ਲੈ ਗਏ। ਪੁਲਸ ਅਨੁਸਾਰ ਹੱਤਿਆ ਕਰਨ ਦੇ ਬਾਅਦ ਦੋਵੇਂ ਸਵੇਰ ਤੋਂ ਸਕ੍ਰੈਪ ਦਾ ਗਾਹਕ ਲੱਭਣ ਲੱਗ ਪਏ ਪਰ ਕੁੱਝ ਦੇਰ ਬਾਅਦ ਹੀ ਲਾਸ਼ ਪਈ ਹੋਣ ਦੀ ਪੁਲਸ ਨੂੰ ਸੂਚਨਾ ਮਿਲ ਗਈ। ਲਾਸ਼ ਦੀ ਪਛਾਣ ਹੋਣ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਹੁਣ ਪੁਲਸ ਉਨ੍ਹਾਂ ਤੱਕ ਪਹੁੰਚ ਸਕਦੀ ਹੈ ਤਾਂ ਉਨ੍ਹਾਂ ਨੇ ਡਰ ਕੇ ਪਿੰਡ ਖਾਨਪੁਰ ਨੇੜੇ ਸਕ੍ਰੈਪ ਨਾਲ ਲੱਦਿਆ ਟਰੱਕ ਲਾਵਾਰਿਸ ਹਾਲਤ ਵਿਚ ਛੱਡ ਦਿੱਤਾ ਪਰ ਪੁਲਸ ਨੇ ਫਿਰ ਵੀ ਕੇਸ ਸੁਲਝਾ ਲਿਆ। ਪੁਲਸ ਨੇ ਫੜੇ ਗਏ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰ ਕੇ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ।
ਸਮਾਜਿਕ ਬੁਰਾਈਆਂ ਖਿਲਾਫ ਜਾਗਰੂਕਤਾ ਰੈਲੀ ਦਾ ਆਯੋਜਨ
NEXT STORY