ਬਾਹਰੀ ਮੁਲਕਾਂ ਤੋਂ ਕਣਕ ਮੰਗਵਾਉਣ ਦੇ ਰੋਸ ਵਜੋਂ ਕਿਸਾਨਾਂ ਕੀਤੀ ਨਾਆਰੇਬਾਜ਼ੀ

You Are HerePunjab
Friday, February 17, 2017-7:41 AM

ਸੁਲਤਾਨਪੁਰ ਲੋਧੀ, (ਧੀਰ)- ਮੋਦੀ ਸਰਕਾਰ ਵਲੋਂ ਬਾਹਰੀ ਮੁਲਕਾਂ ਤੋਂ ਕਣਕ ਮੰਗਵਾਉਣ ਦੇ ਫੈਸਲੇ ਦੇ ਵਿਰੋਧ 'ਚ ਅੱਜ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਪਰਮਜੀਤ ਸਿੰਘ ਬਾਊਪੁਰ ਦੀ ਅਗਵਾਈ ਹੇਠ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਿਸਾਨ ਵਿਰੋਧੀ ਫੈਸਲੇ ਦਾ ਜਮ ਕੇ ਵਿਰੋਧ ਕੀਤਾ। ਇਸ ਦੌਰਾਨ ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਬਾਹਰੀ ਦੇਸ਼ਾਂ ਤੋਂ ਕਣਕ ਮੰਗਵਾਉਣ ਦਾ ਫੈਸਲਾ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਦੇਸ਼ ਦੇ ਕਿਸਾਨ ਨੂੰ ਉਨ੍ਹਾਂ ਦੀ ਉਪਜ ਲਾਗਤਾਂ ਦੇ ਬਰਾਬਰ ਵੀ ਭਾਅ ਨਹੀਂ ਮਿਲ ਰਹੇ ਤੇ ਦੂਜੇ ਪਾਸੇ ਬਾਹਰਲੇ ਮੁਲਕਾਂ ਤੋਂ ਸਬਸਿਡੀ ਵਾਲਾ ਅਨਾਜ ਮੰਗਵਾ ਕੇ ਮੁਲਕ ਦੇ ਖੇਤੀ ਖੇਤਰ 'ਤੇ ਨਿਰਭਰ ਪਿੰਡਾਂ ਦੇ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਆਰਥਿਕ ਪੱਖੋਂ ਕਮਜੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਦੇਸ਼ 'ਚੋਂ ਕਿਸੇ ਨਾ ਕਿਸੇ ਕੋਨੇ ਤੋਂ ਕਿਸਾਨਾਂ ਦੇ ਖੁਦਕੁਸ਼ੀਆਂ ਦੀਆਂ ਖਬਰਾਂ ਆ ਰਹੀਆਂ ਹਨ ਪ੍ਰੰਤੂ ਕਿਸਾਨੀ ਦੇ ਕਰਜ਼ੇ ਨੂੰ ਮੁਆਫ ਕਰਨ ਲਈ ਬਜਟ 'ਚ ਮੋਦੀ ਸਰਕਾਰ ਵਲੋਂ ਕੋਈ ਵਿਵਸਥਾ ਨਹੀਂ ਕੀਤੀ ਗਈ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨੀ ਲਈ ਆਉਣ ਵਾਲਾ ਸਮਾਂ ਹੋਰ ਵੀ ਖਤਰਨਾਕ ਹੈ ਕਿਉਂਕਿ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਤੋਂ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਘੱਟੋ-ਘੱਟ ਸਮਰਥਨ ਮੁੱਲ ਬੰਦ ਕਰਨ ਦਾ ਕੋਈ ਫੈਸਲਾ ਕੀਤਾ ਗਿਆ ਤਾਂ ਇਸਦੇ ਨਤੀਜੇ ਦੇਸ਼ ਲਈ ਤਬਾਹਕੁੰਨ ਹੋਣਗੇ। ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਕੁਲਦੀਪ ਸਿੰਘ ਸਾਂਗਰਾ ਨੇ ਕਿਹਾ ਕਿ ਮੋਦੀ ਸਾਹਿਬ ਸੱਤਾ 'ਚ ਆਉਣ ਤੋਂ ਪਹਿਲਾਂ ਕਿਸਾਨਾਂ ਲਈ ਅੱਛੇ ਦਿਨ ਆਉਣਗੇ ਦਾ ਨਾਅਰਾ ਦੇ ਕੇ ਆਏ ਸਨ ਪ੍ਰੰਤੂ ਮੋਦੀ ਰਾਜ 'ਚ ਕਿਸਾਨ ਤਾਂ ਹੋਰ ਬਰਬਾਦ ਹੋ ਰਿਹਾ ਹੈ ਤੇ ਅਜਿਹੇ ਫੈਸਲੇ ਨਾਲ ਕਿਸਾਨਾਂ ਦਾ ਤਾਂ ਲੱਕ ਹੀ ਟੁੱਟ ਜਾਵੇਗਾ। ਉਨ੍ਹਾਂ ਕਿਹਾ ਕਿ ਫਸਲੀ ਵਿਭਿੰਨਤਾ ਨੂੰ ਅਪਨਾਉਣ ਦਾ ਅਲਾਪ ਕਰਨ ਵਾਲੀ ਸਰਕਾਰ ਵੀ ਹੁਣ ਕਿਸਾਨਾਂ ਦੀ ਬਾਂਹ ਨਹੀਂ ਫੜ ਰਹੀ ਹੈ। ਇਸ ਮੌਕੇ ਪਰਮਜੀਤ ਸਿੰਘ ਬਾਊਪੁਰ, ਕੁਲਦੀਪ ਸਿੰਘ ਸਾਂਗਰਾ ਤੋਂ ਇਲਾਵਾ ਦਿਲਬਾਗ ਸਿੰਘ ਰਾਮਪੁਰ ਗੋਰਾ, ਗੁਲਜ਼ਾਰ ਸਿੰਘ, ਅਮਰੀਕ ਸਿੰਘ ਮੁਹੰਮਦਬਾਦ, ਅਵਤਾਰ ਸਿੰਘ ਭੈਣੀ, ਜਰਨੈਲ ਸਿੰਘ ਪੱਸਣ ਕਦੀਮ, ਨਿਸ਼ਾਨ ਸਿੰਘ ਸਰਪੰਚ ਪੱਸਣ ਕਦੀਮ, ਹੀਰਾ ਸਿੰਘ ਭਰੋਆਣਾ, ਅਜੀਤ ਸਿੰਘ ਬਾਊਪੁਰ, ਬਲਦੇਵ ਸਿੰਘ, ਮੇਜਰ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.