ਲੁਧਿਆਣਾ(ਰਿਸ਼ੀ)-ਰਿਸ਼ੀ ਨਗਰ 'ਚ ਇਕ ਜਗ੍ਹਾ ਨੂੰ ਵੇਚਣ ਦੇ ਨਾਂ 'ਤੇ ਅਧਿਕਾਰੀਆਂ ਵੱਲੋਂ ਕੀਤੇ ਗਏ ਫ੍ਰਾਡ ਦੀ ਗੂੰਜ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਦਰਬਾਰ ਜਾ ਪੁੱਜੀ ਹੈ। ਮੰਤਰੀ ਸਿੱਧੂ ਨੇ ਕੇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏ. ਸੀ. ਐੱਸ. ਵੇਣੂ ਪ੍ਰਸਾਦ ਨੂੰ ਜਾਂਚ ਦੇ ਹੁਕਮ ਦਿੱਤੇ ਹਨ, ਜਿਨ੍ਹਾਂ ਵੱਲੋਂ 31 ਅਕਤੂਬਰ ਨੂੰ ਮੁਅੱਤਲ ਈ. ਓ., ਦਫਤਰ ਦੇ ਕਲਰਕਾਂ ਅਤੇ ਦੋਵਾਂ ਪਾਰਟੀਆਂ ਨੂੰ ਤਲਬ ਕੀਤਾ ਗਿਆ ਹੈ। ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਸ਼ਿਕਾਇਤ ਵਿਚ ਜਗਦੀਸ਼ ਰਾਏ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਪ੍ਰੈਲ 2011 ਵਿਚ ਨਗਰ ਸੁਧਾਰ ਟਰੱਸਟ ਦਾ ਲਗਭਗ 400 ਵਰਗ ਗਜ਼ ਦਾ ਪਲਾਟ ਖਰੀਦਿਆ ਗਿਆ ਸੀ, ਜਿਸ 'ਤੇ ਘਰ ਬਣਾ ਕੇ ਉਹ ਪਰਿਵਾਰ ਸਮੇਤ ਰਹਿਣ ਲੱਗ ਪਏ, ਜਿਸ ਵਿਅਕਤੀ ਤੋਂ ਉਨ੍ਹਾਂ ਨੇ ਪਲਾਟ ਖਰੀਦਦੇ ਸਮੇਂ ਬਿਆਨਾ ਕੀਤਾ ਸੀ, ਉਹ ਪੂਰੀ ਰਕਮ ਲੈਣ ਤੋਂ ਬਾਅਦ ਵੀ 3 ਸਾਲਾਂ ਤੱਕ ਰਜਿਸਟਰੀ ਕਰਵਾਉਣ ਲਈ ਟਾਲ-ਮਟੋਲ ਕਰਦਾ ਰਿਹਾ। ਹਾਰ ਕੇ ਉਨ੍ਹਾਂ ਨੇ ਸਾਲ 2014 ਨੂੰ ਅਦਾਲਤ ਵਿਚ ਕੇਸ ਕਰ ਦਿੱਤਾ। ਅਦਾਲਤ ਵੱਲੋਂ ਫੈਸਲਾ ਨਾ ਕੀਤੇ ਜਾਣ ਤੱਕ ਜਗ੍ਹਾ ਨੂੰ ਅੱਗੇ ਵੇਚਣ, ਖਰੀਦਣ ਅਤੇ ਟ੍ਰਾਂਸਫਰ ਕਰਨ 'ਤੇ ਰੋਕ ਲਾਉਣ ਦੇ ਲਿਖਤੀ ਹੁਕਮ ਜਾਰੀ ਕਰ ਦਿੱਤੇ ਗਏ।
ਲਗਭਗ 2 ਮਹੀਨੇ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਕ ਔਰਤ ਨੇ ਉਨ੍ਹਾਂ ਖਿਲਾਫ ਸ਼ਿਕਾਇਤ ਦੇ ਦਿੱਤੀ ਕਿ ਜਿਸ ਘਰ ਵਿਚ ਉਹ ਰਹਿ ਰਹੇ ਹਨ, ਉਹ ਉਸ ਦਾ ਹੈ, ਜਿਸ ਨੂੰ ਸਾਲ 2016 ਵਿਚ ਉਹ ਟਰੱਸਟ ਤੋਂ ਖਰੀਦ ਚੁੱਕੀ ਹੈ। ਇਸ ਗੱਲ ਦਾ ਪਤਾ ਲੱਗਣ 'ਤੇ ਉਨ੍ਹਾਂ ਦੇ ਹੋਸ਼ ਉੱਡ ਗਏ। ਆਖਰ ਨਗਰ ਸੁਧਾਰ ਟਰੱਸਟ ਨੇ ਉਨ੍ਹਾਂ ਦੇ ਘਰ ਨੂੰ ਅੱਗੇ ਕਿਵੇਂ ਵੇਚ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਨਗਰ ਸੁਧਾਰ ਟਰੱਸਟ ਦੇ ਈ. ਓ., ਕਲਰਕ ਅਤੇ ਹੋਰ ਸਟਾਫ ਨੇ ਮਿਲੀਭੁਗਤ ਕਰ ਕੇ ਉਕਤ ਜਗ੍ਹਾ ਅੱਗੇ ਵੇਚ ਦਿੱਤੀ, ਜਿਸ ਤੋਂ ਬਾਅਦ ਉਹ ਇਨਸਾਫ ਲਈ ਨਵਜੋਤ ਸਿੰਘ ਸਿੱਧੂ ਦੇ ਕੋਲ ਗਏ ਜਿਨ੍ਹਾਂ ਨੇ ਤੁਰੰਤ ਜਾਂਚ ਕਰਨ ਦੇ ਹੁਕਮ ਦਿੱਤੇ, ਜਿਸ ਕਾਰਨ ਸਾਰਿਆਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਗਿਆ ਹੈ।
ਸਸਪੈਂਡ ਈ. ਓ. 'ਤੇ ਡਿੱਗ ਸਕਦੀ ਹੈ ਗਾਜ
ਏ. ਸੀ. ਐੱਸ. ਵੱਲੋਂ ਜਿਸ ਈ. ਓ. ਨੂੰ ਤਲਬ ਕੀਤਾ ਗਿਆ ਹੈ, ਉਸ ਨੂੰ ਬੀਤੇ ਦਿਨੀਂ ਹੀ ਮੰਤਰੀ ਸਿੱਧੂ ਵੱਲੋਂ ਕੁਰੱਪਸ਼ਨ ਦੇ ਕੇਸ ਵਿਚ ਮੁਅੱਤਲ ਕੀਤਾ ਜਾ ਚੁੱਕਾ ਹੈ। ਅਜਿਹੇ ਵਿਚ ਇਕ ਹੋਰ ਕੇਸ ਸਾਹਮਣੇ ਆਉਣ 'ਤੇ ਉਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਅਤੇ ਉਸ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਾਬਕਾ ਫੌਜੀਆਂ ਨੇ ਵਿਧਾਇਕ ਸਿੱਕੀ ਨੂੰ ਦਿੱਤਾ ਮੰਗ ਪੱਤਰ
NEXT STORY