ਰੂਪਨਗਰ (ਵਿਜੇ)— ਪੰਜਾਬ 'ਚ ਗੈਰ-ਕਾਨੂੰਨੀ ਕਾਲੋਨੀਆਂ ਕੱਟਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਉਨ੍ਹਾਂ ਨੂੰ ਕਈ ਵਾਰ ਆਪਣੀਆਂ ਕਾਲੋਨੀਆਂ ਨੂੰ ਅਪਰੂਵ ਕਰਾਉਣ ਦਾ ਮੌਕਾ ਦਿੱਤਾ ਗਿਆ ਪਰ ਅਜੇ ਵੀ ਸਾਰੀਆਂ ਕਾਲੋਨੀਆਂ ਗੈਰ-ਕਾਨੂੰਨੀ ਤਰੀਕੇ ਨਾਲ ਬਣੀਆਂ ਹੋਈਆਂ ਹਨ। ਇਹ ਗੱਲ ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਅਤੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਈ. ਆਈ. ਟੀ. ਰੂਪਨਗਰ ਵਿਚ ਕਹੀ। ਸਿੱਧੂ ਨੇ ਗੈਰ ਕਾਨੂੰਨੀ ਪ੍ਰਾਪਰਟੀ ਦਾ ਕੰਮ ਕਰਨ ਵਾਲਿਆਂ ਨੂੰ ਚੋਰ ਕਹਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਨਵੀਂ ਪਾਲਿਸੀ ਤਹਿਤ ਕਵਰ ਕੀਤਾ ਜਾਵੇਗਾ। ਇਸ ਮਾਮਲੇ ਸਬੰਧੀ ਫੈਸਲਾ ਹੁਣ ਪੰਜਾਬ ਦੇ ਮੁੱਖ ਮੰਤਰੀ ਜਲਦੀ ਕਰਨਗੇ।
ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ 'ਚ ਸਿੱਧੂ ਨੇ ਦੱਸਿਆ ਕਿ ਪੰਜਾਬ ਵਿਚ ਉਨ੍ਹਾਂ ਦੇ ਵਿਭਾਗ, ਨਗਰ ਕੌਂਸਲਾਂ ਅਤੇ ਨਗਰ ਸੁਧਾਰ ਟਰੱਸਟਾਂ 'ਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਰੋਕ ਸਕਣਾ ਮੁਸ਼ਕਿਲ ਹੈ ਕਿਉਂਕਿ ਕੰਮ ਕਰਨ ਵਾਲੇ ਖੁਦ ਹੀ ਪੈਸੇ ਬਟੋਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ 'ਚ ਜਦੋਂ ਹਵਾਈ ਸਰਵੇਖਣ ਸੈਟੇਲਾਈਟ ਤੋਂ ਸਰਵੇ ਕਰਵਾਇਆ ਗਿਆ ਤਾਂ 4 ਲੱਖ ਤੋਂ ਜ਼ਿਆਦਾ ਮਕਾਨ ਨਿਕਲੇ ਜਦਕਿ ਟੈਕਸ ਦੇਣ ਵਾਲਿਆਂ ਦੀ ਗਿਣਤੀ ਮਾਤਰ 90 ਹਜ਼ਾਰ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਵਿਭਾਗ ਦੇ ਕਰਮਚਾਰੀ ਕੰਮ ਕਰ ਰਹੇ ਹਨ। 90 ਹਜ਼ਾਰ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਵੀ ਵੀ ਜੇਬ ਵਿਚ ਪਾਏ ਜਾ ਰਹੇ ਹਨ। ਸਿੱਧੂ ਨੇ ਕਿਹਾ ਕਿ ਹੁਣ ਪੁਰਾਣੀ ਤਕਨੀਕ ਨਾਲ ਭ੍ਰਿਸ਼ਟਾਚਾਰ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਇਸ ਲਈ ਈ-ਸਿਸਟਮ ਹੀ ਪੰਜਾਬ ਦਾ ਬੇੜਾ ਪਾਰ ਕਰਵਾਏਗਾ, ਜਿਸ ਨਾਲ ਕੋਈ ਭ੍ਰਿਸ਼ਟਾਚਾਰ ਦੀ ਗਲੀ ਹੀ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਗੈਰ-ਕਾਨੂੰਨੀ ਕਾਲੋਨੀ ਕੱਟਣ ਵਾਲੇ ਪੈਸੇ ਜੇਬ ਵਿਚ ਪਾ ਕੇ ਚਲੇ ਗਏ ਹਨ ਅਤੇ ਹੁਣ ਇਨ੍ਹਾਂ ਨੂੰ ਅਪਰੂਵ ਕਰਵਾਉਣ ਲਈ ਮਾਤਰ ਕੁਝ ਲੱਖ ਦੇ ਕੇ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਤੇ ਇਸ ਨੂੰ ਹੋਣ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੈਰ ਕਾਨੂੰਨੀ ਕਾਲੋਨੀ ਕੱਟਣ ਵਾਲੇ ਨੂੰ 2011, 2013, 2016 ਵਿਚ ਵਾਰ-ਵਾਰ ਮੌਕਾ ਦਿੱਤਾ ਗਿਆ ਪਰ ਉਨ੍ਹਾਂ ਨੇ ਸਰਕਾਰ ਦੀ ਨਹੀਂ ਹੁਣੀ ਅਤੇ ਹੁਣ ਉਹ ਇਨ੍ਹਾਂ ਨੂੰ ਕਾਨੂੰਨਨ ਅਪਰੂਵ ਕਰਾਉਣ ਲਈ ਕੁਝ ਪੈਸੇ ਹੀ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਕ ਏਕੜ ਦੀ ਕਾਲੋਨੀ ਨੂੰ ਵਿਕਸਿਤ ਕੀਤਾ ਜਾਵੇ ਤਾਂ ਸਰਕਾਰ ਦਾ ਉਸ ਵਿਚ 40 ਲੱਖ ਰੁਪਏ ਅਤੇ ਉਸ ਤੋਂ ਬਾਹਰ 50 ਲੱਖ ਰੁਪਏ ਖਰਚ ਆ ਰਿਹਾ ਹੈ। ਇਸੇ ਤਰ੍ਹਾਂ ਇਕ ਏਕੜ ਕਾਲੋਨੀ ਨੂੰ ਪਾਸ ਕਰਨ ਅਤੇ ਸਰਕਾਰ ਦਾ ਲਗਭਗ 1 ਕਰੋੜ ਰੁਪਏ ਖਰਚ ਆਵੇਗਾ, ਜਿਸ ਨਾਲ ਸਰਕਾਰ ਦਾ ਬਹੁਤ ਨੁਕਸਾਨ ਹੋਵੇਗਾ। ਨਵੀਂ ਪਾਲਿਸੀ ਤਹਿਤ ਜਲਦੀ ਹੀ ਸਾਰੀਆਂ ਕਾਲੋਨੀਆਂ ਨੂੰ ਪਾਸ ਕਰ ਦਿੱਤਾ ਜਾਵੇਗਾ ਪਰ ਨਵੀਂ ਪਾਲਿਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪਾਸ ਹੋਣ 'ਤੇ ਲਾਗੂ ਹੋਵੇਗੀ। ਉਨ੍ਹਾਂ ਤੋਂ ਜਦੋਂ ਪੁੱਛਿਆ ਗਿਆ ਕਿ ਪਲਾਟ ਹੋਲਡਰਾਂ ਦਾ ਕੀ ਕਸੂਰ ਹੈ ਅਤੇ ਉਨ੍ਹਾਂ ਦੇ ਆਪਣੇ ਕੰਮ ਰੁਕੇ ਹੋਏ ਤਾਂ ਸਿੱਧੂ ਇਸ ਗੱਲ ਨੂੰ ਟਾਲ ਗਏ। ਪੰਜਾਬ 'ਚ ਬੰਦ ਹੋਈਆਂ ਰਜਿਸਟਰੀਆਂ 'ਤੇ ਵੀ ਉਹ ਕੋਈ ਸਹੀ ਜਵਾਬ ਨਹੀਂ ਦੇ ਸਕੇ। ਉਹ ਸਿਰਫ ਇਕ ਵਪਾਰੀ ਵਾਂਗ ਕਾਲੋਨੀ ਨੂੰ ਹੋਲਡਰਾਂ ਅਤੇ ਪਲਾਟ ਹੋਲਡਰਾਂ ਤੋਂ ਪੈਸੇ ਵਸੂਲਣ ਦੀ ਗੱਲ 'ਤੇ ਬਜਿੱਦ ਰਹੇ।
ਹੁਸ਼ਿਆਰਪੁਰ: ਭਿਆਨਕ ਹਾਦਸੇ 'ਚ ਉੱਜੜੀਆਂ ਪਰਿਵਾਰ ਦੀਆਂ ਖੁਸ਼ੀਆਂ, 3 ਦੀ ਮੌਤ (ਤਸਵੀਰਾਂ)
NEXT STORY