ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਨਹੀਂ ਰੁਕ ਰਿਹਾ ਸ਼ੋਰ ਪ੍ਰਦੂਸ਼ਣ

You Are HerePunjab
Friday, February 17, 2017-7:45 AM

ਕਪੂਰਥਲਾ, (ਗੁਰਵਿੰਦਰ ਕੌਰ)- ਅਜੋਕੇ ਮਾਨਸਿਕ ਪ੍ਰੇਸ਼ਾਨੀਆਂ ਭਰੇ ਦੌਰ 'ਚ ਜਿਥੇ ਮਨੁੱਖ ਨੂੰ ਆਪਣੇ ਮਾਨਸਿਕ ਤਣਾਅ ਨੂੰ ਘੱਟ ਕਰਨ ਲਈ ਰਾਹਤ ਦੀ ਲੋੜ ਹੁੰਦੀ ਹੈ, ਉਥੇ ਹੀ ਉਸ ਨੂੰ ਹੋਰ ਜ਼ਿਆਦਾ ਤਣਾਅ ਸ਼ੋਰ ਪ੍ਰਦੂਸ਼ਣ ਦੇ ਰੂਪ 'ਚ ਮਿਲ ਰਿਹਾ ਹੈ।
ਬੇਸ਼ੱਕ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਲਈ ਸਾਡੇ ਸੰਵਿਧਾਨ 'ਚ ਅਨੇਕਾਂ ਕਾਨੂੰਨ ਬਣਾਏ ਗਏ ਹਨ ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਾਹਿਬਾਨ ਨੇ ਵੀ ਵਿਸ਼ੇਸ਼ ਦਿਹਾੜਿਆਂ ਨੂੰ ਛੱਡ ਕੇ ਬਾਕੀ ਦਿਨ ਸਪੀਕਰਾਂ ਦੀ ਆਵਾਜ਼ ਧਾਰਮਿਕ ਅਸਥਾਨਾਂ ਦੀ ਹਦੂਦ ਅੰਦਰ ਰੱਖਣ ਦੀ ਹਦਾਇਤ ਕੀਤੀ ਸੀ ਪਰ ਕਈ ਲੋਕਾਂ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ। ਧਾਰਮਿਕ ਅਸਥਾਨਾਂ ਦੇ ਨਜ਼ਦੀਕ ਰਹਿਣ ਵਾਲੇ ਕੁਝ ਲੋਕ ਇਨ੍ਹਾਂ ਵੱਜਦੇ ਸਪੀਕਰਾਂ ਤੋਂ ਪਹਿਲਾਂ ਹੀ ਪ੍ਰੇਸ਼ਾਨ ਸਨ ਤੇ ਅੱਜ ਦੇ ਵਿਆਹ ਸਮਾਗਮਾਂ 'ਚ ਵੱਜਦੇ ਡੀ. ਜੇ. ਸਿਸਟਮ ਨੇ ਤਾਂ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਹੈ। ਜਦੋਂ ਇਕ ਪਾਸੇ ਕਿਸੇ ਖੁਸ਼ੀ ਵਾਲੇ ਘਰ 'ਚ ਡੀ.ਜੇ. ਦੇ ਸ਼ੋਰ 'ਚ ਮਸਤ ਹੋਏ ਲੋਕ ਨੱਚ-ਟੱਪ ਰਹੇ ਹੁੰਦੇ ਹਨ, ਉਥੇ ਹੀ ਦੂਜੇ ਪਾਸੇ ਆਂਡ-ਗੁਆਂਢ ਕੋਈ ਬਜ਼ੁਰਗ ਜਾਂ ਮਰੀਜ਼ ਕਿਸੇ ਬੀਮਾਰੀ ਕਾਰਨ ਤੜਫ ਰਿਹਾ ਹੁੰਦਾ ਹੈ ਤੇ ਉਪਰੋਂ ਡੀ.ਜੇ. ਦੀ ਧਮਕ ਉਸ ਦੀਆਂ ਪੀੜਾਂ 'ਚ ਹੋਰ ਵਾਧਾ ਕਰ ਦਿੰਦੀ ਹੈ।
ਕੀ ਹੈ ਸ਼ੋਰ ਪ੍ਰਦੂਸ਼ਣ ਐਕਟ?
ਸ਼ੋਰ ਪ੍ਰਦੂਸ਼ਣ ਐਕਟ 1956 ਦੀ ਧਾਰਾ 3 ਤਹਿਤ ਕੋਈ ਵੀ ਵਿਅਕਤੀ ਜ਼ਿਲਾ ਮੈਜਿਸਟਰੇਟ ਦੀ ਮਨਜ਼ੂਰੀ ਤੋਂ ਬਗੈਰ ਸਪੀਕਰ ਦੀ ਵਰਤੋਂ ਨਹੀਂ ਕਰ ਸਕਦਾ।
ਸ਼ੋਰ ਪ੍ਰਦੂਸ਼ਣ ਕਰਨ ਵਾਲਿਆਂ ਨੂੰ 6 ਮਹੀਨੇ ਦੀ ਕੈਦ ਤੇ 2 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਇਸ ਸਬੰਧੀ ਮਾਣਯੋਗ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਰ. ਸੀ. ਲਾਹੋਟੀ ਤੇ ਜਸਟਿਸ ਅਸ਼ੋਕ ਭਾਨ 'ਤੇ ਅਧਾਰਿਤ ਡਵੀਜ਼ਨ ਬੈਂਚ ਨੇ 18-07-2005 ਨੂੰ ਸੰਵਿਧਾਨ ਦੀ ਧਾਰਾ 141, 142 ਦੇ ਤਹਿਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸ਼ਾਮ 10 ਵਜੇ ਤੋਂ ਸਵੇਰੇ 6 ਵਜੇ ਤਕ ਰਿਹਾਇਸ਼ੀ ਇਲਾਕਿਆਂ ਵਿੱਚ ਗੱਡੀਆਂ ਦੇ ਹਾਰਨਾਂ, ਲਾਊਡ ਸਪੀਕਰਾਂ ਤੇ ਪਟਾਕਿਆਂ ਆਦਿ 'ਤੇ ਪਾਬੰਦੀ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਪਰ ਅੱਜ ਤੱਕ ਇਸ ਨੂੰ ਅਮਲੀ ਰੂਪ 'ਚ ਲਾਗੂ ਨਹੀਂ ਕੀਤਾ ਗਿਆ।


ਕੀ ਇਕ ਜੀਵਨਸਾਥੀ ਲੱਭ ਰਹੇ ਹੋ? ਪੰਜਾਬੀ ਮੈਟਰੀਮੋਨੀ ਵਿਚ ਰਜਿਸਟ੍ਰੇਸ਼ਨ ਮੁਫਤ ਹੈ |

Recommended For You

Popular News

.