ਭੁਲੱਥ, (ਰਜਿੰਦਰ)- ਥਾਣਾ ਭੁਲੱਥ ਦੇ ਅਧੀਨ ਪੈਂਦੇ ਪਿੰਡ ਅਕਾਲਾ ਵਿਚ ਚੋਰਾਂ ਨੇ ਬੀਤੀ ਰਾਤ ਧਾਵਾ ਬੋਲਦਿਆਂ ਇਥੇ ਚੋਰੀ ਦੀਆਂ 4 ਵਾਰਦਾਤਾਂ ਨੂੰ ਅੰਜਾਮ ਦਿੱਤਾ। ਜਿਸ ਦੌਰਾਨ ਚੋਰਾਂ ਨੇ ਇਕ ਐੱਨ. ਆਰ. ਆਈ. ਦੇ ਘਰ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚੋਂ ਚੋਰ 42 ਤੋਲੇ ਸੋਨੇ ਦੇ ਗਹਿਣੇ, 75 ਹਜ਼ਾਰ ਨਕਦੀ, ਅਮਰੀਕੀ ਡਾਲਰ, ਵਿਦੇਸ਼ੀ ਘੜੀਆਂ ਤੇ ਹੋਰ ਸਾਮਾਨ ਉਡਾ ਕੇ ਲੈ ਗਏ, ਜਦ ਕਿ ਦੂਸਰੇ ਐੱਨ. ਆਰ. ਆਈ. ਦੇ ਘਰ ਦੇ ਤਾਲੇ ਤੋੜੇ ਗਏ ਹਨ। ਇਸ ਤੋਂ ਇਲਾਵਾ ਚੋਰਾਂ ਵਲੋਂ ਪਿੰਡ ਵਿਚ ਤਿੰਨ ਟਰੈਕਟਰਾਂ ਦੀਆਂ ਬੈਟਰੀਆਂ ਚੋਰੀ ਕਰਨ ਦੀ ਸੂਚਨਾ ਹੈ।
ਜਾਣਕਾਰੀ ਅਨੁਸਾਰ ਕੁਲਵਿੰਦਰ ਕੌਰ ਪਤਨੀ ਲੇਟ ਪਰਮਜੀਤ ਸਿੰਘ ਵਾਸੀ ਪਿੰਡ ਅਕਾਲਾ ਨੇ ਦੱਸਿਆ ਕਿ ਮੇਰੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਮੇਰੇ ਦੋ ਬੇਟੇ ਹਨ, ਜੋ ਵਿਦੇਸ਼ ਅਮਰੀਕਾ ਤੇ ਸਪੇਨ ਵਿਚ ਰਹਿੰਦੇ ਹਨ। ਮੈਂ ਇਥੇ ਘਰ ਵਿਚ ਇਕੱਲੀ ਰਹਿੰਦੀ ਹਾਂ। ਬੀਤੇ ਦਿਨੀਂ ਮੈਂ ਆਪਣੇ ਰਿਸ਼ਤੇਦਾਰਾਂ ਕੋਲ ਜਲੰਧਰ ਗਈ ਸੀ, ਹਨੇਰਾ ਹੋਣ ਕਾਰਨ ਮੈਂ ਉਥੇ ਹੀ ਰਹਿ ਪਈ। ਸਵੇਰੇ ਮੈਨੂੰ ਪਤਾ ਲੱਗਾ ਹੈ ਕਿ ਮੇਰੇ ਘਰ ਦਾ ਗੇਟ ਖੁੱਲ੍ਹਾ ਹੈ। ਜਿਸ 'ਤੇ ਮੈਂ ਤੁਰੰਤ ਪਿੰਡ ਆ ਗਈ। ਇਥੇ ਆ ਕੇ ਮੈਂ ਦੇਖਿਆ ਕਿ ਘਰ ਦੇ ਮੇਨ ਗੇਟ ਦਾ ਤਾਲਾ ਟੁੱਟਾ ਸੀ ਅਤੇ ਘਰ ਅੰਦਰ ਅਲਮਾਰੀਆਂ, ਬਾਕਸ ਬੈੱਡਾਂ, ਬਰੀਫਕੇਸ ਤੇ ਹੋਰ ਸਾਮਾਨ ਦੀ ਫਰੋਲਾ-ਫਰਾਲੀ ਕੀਤੀ ਹੋਈ ਸੀ। ਕੁਲਵਿੰਦਰ ਕੌਰ ਨੇ ਦੱਸਿਆ ਕਿ ਚੋਰ ਮੇਰੇ ਘਰੋਂ 42 ਤੋਲੇ ਸੋਨੇ ਦੇ ਗਹਿਣੇ, 75 ਹਜ਼ਾਰ ਨਕਦੀ, 700 ਅਮਰੀਕੀ ਡਾਲਰ, ਵਿਦੇਸ਼ੀ ਡਾਇਮੰਡ ਘੜੀ, ਬਰਾਂਡਡ ਦੋ ਵਿਦੇਸ਼ੀ ਘੜੀਆਂ, ਮੇਰਾ ਪਾਸਪੋਰਟ ਤੇ ਹੋਰ ਸਾਮਾਨ ਲੈ ਗਏ। ਇਸੇ ਤਰ੍ਹਾਂ ਚੋਰਾਂ ਨੇ ਪਿੰਡ ਵਿਚ ਰਾਮ ਸਿੰਘ ਦੇ ਘਰ ਦੇ ਤਾਲੇ ਤੋੜੇ ਅਤੇ ਕਮਰਿਆਂ 'ਚ ਫੋਲਾ ਫਲਾਰੀ ਕੀਤੀ।
ਦੱਸਣਯੋਗ ਹੈ ਕਿ ਰਾਮ ਸਿੰਘ ਪਰਿਵਾਰ ਸਮੇਤ ਕੈਨੇਡਾ ਵਿਚ ਰਹਿੰਦਾ ਹੈ। ਇਨ੍ਹਾਂ ਦੋ ਚੋਰੀਆਂ ਤੋਂ ਇਲਾਵਾ ਚੋਰਾਂ ਨੇ ਪਿੰਡ ਵਿਚੋਂ ਜੋਗਿੰਦਰ ਸਿੰਘ ਪੁੱਤਰ ਬਲਕਾਰ ਸਿੰਘ, ਇੰਦਰਜੀਤ ਸਿੰਘ ਪੁੱਤਰ ਰਤਨ ਸਿੰਘ ਤੇ ਸੂਰਤ ਸਿੰਘ ਦੇ ਟਰੈਕਟਰਾਂ ਦੀਆਂ ਬੈਟਰੀਆਂ ਚੋਰੀ ਕਰ ਲਈਆਂ। ਦੂਜੇ ਪਾਸੇ ਚੋਰੀ ਦੀਆਂ ਵਾਰਦਾਤਾਂ ਸਬੰਧੀ ਸੂਚਨਾ ਦਿੱਤੇ ਜਾਣ 'ਤੇ ਥਾਣਾ ਭੁਲੱਥ ਦੀ ਪੁਲਸ ਨੇ ਅੱਜ ਘਟਨਾ ਸਥਾਨ ਦਾ ਮੌਕਾ ਦੇਖਿਆ। ਜਿਸ ਤੋਂ ਬਾਅਦ ਪਿੰਡ ਅਕਾਲਾ ਪੁੱਜੀ ਫਿੰਗਰ ਪ੍ਰਿੰਟ ਮਾਹਿਰ ਟੀਮ ਨੇ ਚੋਰੀ ਦੀਆਂ ਵਾਰਦਾਤਾਂ ਵਾਲੇ ਦੋਵੇਂ ਘਰਾਂ ਵਿਚ ਜਾ ਕੇ ਜਾਂਚ ਕੀਤੀ। ਇਸ ਸਬੰਧੀ ਜਦੋਂ ਐੱਸ. ਐੱਚ. ਓ. ਭੁਲੱਥ ਬਲਵਿੰਦਰ ਸਿੰਘ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰਨ ਦੇ ਦੋਸ਼ 'ਚ ਗਿਰੋਹ 'ਤੇ ਮਾਮਲਾ ਦਰਜ
NEXT STORY