ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਦੀ ਪੇਸ਼ਕਸ਼ ਤੋਂ ਕੀਤਾ ਇਨਕਾਰ, ਬੋਲੇ ਖੁਦ ਹੀ ਕਰ ਲਵਾਂਗਾ ਇੰਤਜ਼ਾਮ

You Are HerePunjab
Monday, March 20, 2017-11:50 AM
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਸਰਕਾਰੀ ਮਕਾਨ ਦੇਣ ਦੇ ਫੈਸਲੇ ਨੂੰ ਨਿਮਰਤਾਪੂਰਵਕ ਨਾ-ਮਨਜ਼ੂਰ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਖਾਈ ਗਈ ਫ਼ਰਾਖ਼ਦਿਲੀ ਸਲਾਹੁਣਯੋਗ ਹੈ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦਾ ਆਪਣੇ ਦਿਲ ਦੀਆਂ ਡੂੰਘਾਈਆਂ ਨਾਲ ਧੰਨਵਾਦ ਕਰਦੇ ਹਨ ਪਰ ਉਹ ਆਪਣੀ ਰਿਹਾਇਸ਼ ਦਾ ਖੁਦ ਇੰਤਜ਼ਾਮ ਕਰ ਲੈਣਗੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ।
ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੇ ਹਿੱਤ ਵਿਚ ਕੀਤੇ ਜਾਣ ਵਾਲੇ ਹਰ ਫੈਸਲੇ ਦੀ ਪੁਰਜ਼ੋਰ ਹਮਾਇਤ ਕਰੇਗੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾ ਹੀ ਬੇਲੋੜੇ ਟਕਰਾਅ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਨਾ ਹੀ ਮਹਿਜ਼ ਨੁਕਤਾਚੀਨੀ ਕਰਨ ਲਈ ਨੁਕਤਾਚੀਨੀ ਕਰਦਾ ਹੈ।
ਬਾਦਲ ਨੇ ਕਿਹਾ ਕਿ ਜੇ ਨਵੀਂ ਸਰਕਾਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਦਾ ਇਰਾਦਾ ਰੱਖਦੀ ਹੋਵੇ ਤਾਂ ਇਹ ਸੌਖਿਆਂ ਹੀ ਪੂਰੇ ਕੀਤੇ ਜਾ ਸਕਦੇ ਹਨ। ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਦੁਨੀਆ ਦੇ ਮੰਨੇ-ਪ੍ਰਮੰਨੇ ਅਰਥ ਸ਼ਾਸ਼ਤਰੀ ਡਾ. ਮਨਮੋਹਨ ਸਿੰਘ ਨੇ ਤਿਆਰ ਕੀਤਾ ਹੋਇਆ ਹੈ ਅਤੇ ਜੇ ਉਹ ਸੋਚਦੇ ਹਨ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ ਤਾਂ ਉਹ ਇੰਨੇ ਵੱਡੇ ਵਾਅਦੇ ਕਦੇ ਵੀ ਨਾ ਕਰਦੇ। ਉਨ੍ਹਾਂ ਕਿਹਾ, 'ਮੈਨੂੰ ਆਸ ਹੈ ਕਿ ਇਹ ਵਾਅਦੇ ਕਾਂਗਰਸ ਸਰਕਾਰ ਕੁਝ ਹੀ ਮਹੀਨਿਆਂ ਵਿਚ ਪੂਰੇ ਕਰੇਗੀ ਅਤੇ ਉਸ ਦਿਨ ਉਹ ਇਸ ਸਰਕਾਰ ਨੂੰ ਵਧਾਈ ਦੇਣਗੇ।'
ਬਾਦਲ ਨੇ ਕਿਹਾ ਕਿ ਉਹ ਨਹੀਂ ਸੋਚਦੇ ਕਿ ਕੈਪਟਨ ਅਮਰਿੰਦਰ ਸਿੰਘ ਗੁਟਕੇ ਉੱਤੇ ਹੱਥ ਰੱਖ ਕੇ ਆਪਣੀ ਖਾਧੀ ਗਈ ਸਹੁੰ ਤੋਂ ਪਿੱਛੇ ਹਟਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਨਸ਼ਿਆਂ ਦੇ ਖਾਤਮੇ, ਕਿਸਾਨੀ ਕਰਜ਼ਿਆਂ ਦੀ ਮੁਆਫ਼ੀ, ਪੈਨਸ਼ਨ ਤੇ ਸ਼ਗਨ ਸਕੀਮਾਂ ਦੀ ਰਾਸ਼ੀ ਵਿਚ ਵਾਧੇ ਅਤੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਹੋਰ ਵਾਅਦਿਆਂ ਦੀ ਪੂਰਤੀ ਸਬੰਧੀ ਕੀਤੇ ਜਾਣ ਵਾਲੇ ਫੈਸਲਿਆਂ ਦੀ ਉਡੀਕ ਰਹੇਗੀ।ਕਾਂਗਰਸ ਸਰਕਾਰ ਵਲੋਂ ਆਪਣੀ ਪਹਿਲੀ ਕੈਬਨਿਟ ਮੀਟਿੰਗ ਵਿਚ ਲਏ ਗਏ ਫੈਸਲਿਆਂ ਉੱਤੇ ਟਿੱਪਣੀ ਕਰਦਿਆਂ ਬਾਦਲ ਨੇ ਕਿਹਾ, 'ਈਮਾਨਦਾਰੀ ਨਾਲ ਕਹਿੰਦਾ ਹਾਂ ਕਿ ਮੈਨੂੰ ਬਹੁਤ ਹੈਰਾਨੀ ਹੋਈ ਹੈ ਕਿ ਕਾਂਗਰਸ ਸਰਕਾਰ ਅਕਾਲੀ-ਭਾਜਪਾ ਸਰਕਾਰ ਦੀਆਂ ਨੀਤੀਆਂ ਅਤੇ ਫੈਸਲਿਆਂ ਤੋਂ ਅਗਾਂਹ ਸੋਚਣ ਵਿਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਲਾਲ ਬੱਤੀ ਨਾ ਲਾਉਣ ਵਾਲੇ ਕੁਝ ਲਿਪਾਪੋਚੀ ਵਾਲੇ ਫੈਸਲੇ ਕਰਨ ਤੋਂ ਬਿਨਾਂ ਬਾਕੀ ਸਾਰੇ ਫੈਸਲੇ ਅਕਾਲੀ ਸਰਕਾਰ ਵਲੋਂ ਲਏ ਗਏ ਫੈਸਲਿਆਂ ਦਾ ਜਾਂ ਤਾਂ ਦੁਹਰਾਅ ਹੈ ਜਾਂ ਫਿਰ ਫੋਕੀਆਂ ਗੱਲਾਂ ਹੀ ਹਨ। '

ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!

Popular News

.