ਬਠਿੰਡਾ(ਵਰਮਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਬਜ਼ੁਰਗ ਆਗੂ ਪ੍ਰਕਾਸ਼ ਸਿੰਘ ਬਾਦਲ ਮੰਗਲਵਾਰ ਨੂੰ ਮਹੰਤ ਗੁਰਬੰਤਾ ਦਾਸ ਦੇ ਗੂੰਗੇ-ਬੋਲ਼ੇ ਬੱਚਿਆਂ ਵਾਲੇ ਸਕੂਲ 'ਚ ਅਚਾਨਕ ਪਹੁੰਚੇ ਅਤੇ ਬੱਚਿਆਂ ਨਾਲ ਮਿਲ ਕੇ ਗੱਲਾਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੋਟੇ-ਛੋਟੇ ਤੋਹਫ਼ੇ ਵੀ ਦਿੱਤੇ। ਇਸ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਬਾਦਲ ਨੇ ਕਿਹਾ ਕਿ ਚੋਣਾਂ 'ਚ ਗੁੰਡਾਗਰਦੀ ਰੋਕਣ ਲਈ ਪੰਚਾਇਤ ਤੋਂ ਲੈ ਕੇ ਲੋਕ ਸਭਾ ਤੱਕ ਦੀਆਂ ਚੋਣਾਂ ਇਕੱਠੀਆਂ ਹੀ ਕਰਵਾਈਆਂ ਜਾਣ ਤਾਂ ਬਹੁਤ ਵਧੀਆ ਹੈ ਕਿਉਂਕਿ ਵੱਖ-ਵੱਖ ਸਮੇਂ 'ਤੇ ਚੋਣਾਂ ਹੋਣ ਕਾਰਨ ਚੋਣ ਜ਼ਾਬਤਾ ਲੱਗਣ ਕਾਰਨ ਵਿਕਾਸ ਕੰਮ ਰੁਕ ਜਾਂਦੇ ਹਨ ਤੇ ਲੋਕਾਂ ਦਾ ਧਿਆਨ ਵੀ ਚੋਣਾਂ ਵੱਲ ਹੋ ਜਾਂਦਾ ਹੈ। ਬਾਦਲ ਨੇ ਕਿਹਾ ਕਿ ਇਕੱਠੀਆਂ ਚੋਣਾਂ ਕਰਵਾਉਣਾ ਕੇਂਦਰ ਸਰਕਾਰ ਦਾ ਕੰਮ ਹੈ, ਜਿਸ ਲਈ ਮੋਦੀ ਸਰਕਾਰ ਲਗਾਤਾਰ ਵਿਚਾਰ ਕਰ ਰਹੀ ਹੈ। ਹਾਲ ਹੀ 'ਚ ਹੋਏ ਘਪਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਦਾ ਨਾਂ ਆਉਣ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਬਾਦਲ ਨੇ ਕਿਹਾ ਕਿ ਘਪਲਾ ਕਰਨ ਵਾਲਾ ਮੁਲਜ਼ਮ ਚਾਹੇ ਕੋਈ ਵੀ ਹੋਵੇ ਉਸ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਇਸ ਘਪਲੇ ਵਿਚ ਕਿਸੇ ਵੀ ਨਿਰਦੋਸ਼ ਨੂੰ ਵੀ ਨਾ ਫਸਾਇਆ ਜਾਵੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਆਉਣ ਵਾਲੀ ਲੋਕ ਸਭਾ ਚੋਣ ਫਿਰੋਜ਼ਪੁਰ ਤੋਂ ਲੜਨ ਸਬੰਧੀ ਲਾਏ ਜਾ ਰਹੇ ਕਿਆਸਾਂ ਬਾਰੇ ਬਾਦਲ ਨੇ ਕਿਹਾ ਕਿ ਸਮਾਂ ਆਉਣ 'ਤੇ ਫੈਸਲਾ ਲਿਆ ਜਾਵੇਗਾ ਕਿ ਕਿਹੜਾ ਆਗੂ ਕਿੱਥੋਂ ਚੋਣ ਲੜੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਗੱਲ ਕਰਨਾ ਸਹੀ ਨਹੀਂ। ਇਸ ਤੋਂ ਇਲਾਵਾ ਬਾਦਲ ਨੇ ਕਿਹਾ ਕਿ ਗੂੰਗੇ-ਬੋਲ਼ੇ ਬੱਚਿਆਂ ਦੇ ਸਕੂਲਾਂ ਨੂੰ ਸਰਕਾਰ ਆਪਣੇ ਹੱਥ 'ਚ ਲਵੇ ਤਾਂ ਉਨ੍ਹਾਂ ਨੂੰ 95 ਫੀਸਦੀ ਸੁਵਿਧਾਵਾਂ ਜਲਦ ਮਿਲਣਗੀਆਂ ਪਰ ਪ੍ਰਸ਼ਾਸਨ ਦੇ ਹੱਥਾਂ 'ਚ ਹੋਣ ਕਾਰਨ ਬੱਚੇ ਸੁਵਿਧਾਵਾਂ ਤੋਂ ਵਾਂਝੇ ਰਹਿ ਜਾਂਦੇ ਹਨ। ਬਾਦਲ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੀ ਸਰਕਾਰ ਫਿਰ ਤੋਂ ਪੰਜਾਬ 'ਚ ਆਈ ਤਾਂ ਉਹ ਅਜਿਹੇ ਸਕੂਲਾਂ ਨੂੰ ਆਪਣੀ ਸਰਕਾਰ ਅਧੀਨ ਕਰ ਲੈਣਗੇ। ਗੂੰਗੇ-ਬੋਲ਼ੇ ਸਕੂਲੀ ਬੱਚਿਆਂ ਨੂੰ ਸਾਰੀਆਂ ਸੁਵਿਧਾਵਾਂ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ।
ਮੈਡੀਕਲ ਖੋਜ ਵਿਭਾਗ ਨੇ ਜੂਨੀਅਰ ਨੂੰ ਲਾਇਆ ਹਸਪਤਾਲ ਦਾ ਮੈਡੀਕਲ ਸੁਪਰਡੈਂਟ
NEXT STORY