ਜਲੰਧਰ(ਰਵਿੰਦਰ ਸ਼ਰਮਾ)- ਕੱਲ ਰਾਜ ਸਭਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਜਨਮ ਦਿਨ ਸੀ। ਆਪਣੇ ਜਨਮ ਦਿਨ ਦਾ ਲਾਹਾ ਲੈਣ ਦਾ ਬਾਜਵਾ ਨੇ ਕੋਈ ਮੌਕਾ ਨਹੀਂ ਛੱਡਿਆ। ਜਨਮ ਦਿਨ 'ਤੇ ਬਾਜਵਾ ਨੇ ਕਾਂਗਰਸੀ ਸੰਸਦ ਮੈਂਬਰਾਂ ਤੇ ਸੀਨੀਅਰ ਆਗੂਆਂ ਨੂੰ ਆਪਣੀ ਦਿੱਲੀ ਰਿਹਾਇਸ਼ ਵਿਖੇ ਡਿਨਰ ਪਾਰਟੀ ਦਿੱਤੀ। ਡਿਨਰ ਡਿਪਲੋਮੇਸੀ ਵਿਚ ਪੂਰੀ ਤਰ੍ਹਾਂ ਕਾਂਗਰਸ ਦੀ ਅੰਦਰੂਨੀ ਰਾਜਨੀਤੀ 'ਤੇ ਚਰਚਾ ਹੋਈ। ਬਾਜਵਾ ਦੇ ਨਿਵਾਸ ਸਥਾਨ 'ਤੇ ਕਾਂਗਰਸੀ ਸੰਸਦ ਮੈਂਬਰਾਂ ਤੇ ਸੀਨੀਅਰ ਆਗੂਆਂ ਦੀ ਭੀੜ ਲੱਗੀ ਰਹੀ। ਕਾਂਗਰਸੀ ਸੰਸਦ ਮੈਂਬਰਾਂ ਨੂੰ ਆਪਣੇ ਘਰ ਬੁਲਾ ਕੇ ਬਾਜਵਾ ਨੇ ਆਪਣੀ ਤਾਕਤ ਦਾ ਅਹਿਸਾਸ ਕਰਵਾਇਆ ਤੇ ਆਉਣ ਵਾਲੀ ਕਾਂਗਰਸ ਦੀ ਪੰਜਾਬ ਰਾਜਨੀਤੀ 'ਤੇ ਛਾਪ ਛੱਡਣ ਦੀ ਆਪਣੀ ਇਮੇਜ ਪੇਸ਼ ਕੀਤੀ। ਜ਼ਿਕਰਯੋਗ ਹੈ ਕਿ ਮੌਜੂਦਾ ਦੌਰ ਦੀ ਗੱਲ ਕਰੀਏ ਜਾਂ ਪਿਛਲੇ ਦੌਰ ਦੀ , ਪੰਜਾਬ ਦੀ ਰਾਜਨੀਤੀ ਵਿਚ ਬਾਜਵਾ ਦਾ ਕੈਪਟਨ ਅਮਰਿੰਦਰ ਸਿੰਘ ਨਾਲ ਹਮੇਸ਼ਾ ਛੱਤੀ ਦਾ ਅੰਕੜਾ ਰਿਹਾ ਹੈ। ਮੌਜੂਦਾ ਦੌਰ ਦੀ ਗੱਲ ਕਰੀਏ ਤਾਂ ਕੈਪਟਨ ਸਰਕਾਰ ਦੇ ਕਈ ਫੈਸਲਿਆਂ ਤੋਂ ਬਾਜਵਾ ਖੁਸ਼ ਨਜ਼ਰ ਨਹੀਂ ਆ ਰਹੇ। ਸਮੇਂ-ਸਮੇਂ 'ਤੇ ਉਹ ਕੈਪਟਨ ਸਰਕਾਰ ਦੇ ਫੈਸਲਿਆਂ 'ਤੇ ਉਂਗਲੀ ਚੁੱਕਦੇ ਰਹੇ ਹਨ। ਕੁਝ ਦਿਨ ਪਹਿਲਾਂ ਹੀ ਬਾਜਵਾ ਦੇ ਖਿਲਾਫ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੋਰਚਾ ਖੋਲ੍ਹਿਆ ਸੀ ਤੇ ਕਿਹਾ ਸੀ ਕਿ ਪੰਜਾਬ ਸਰਕਾਰ ਦੇ ਖਿਲਾਫ ਬਾਜਵਾ ਦੀਆਂ ਟਿੱਪਣੀਆਂ ਨਾਲ ਸਰਕਾਰ ਨੂੰ ਨੁਕਸਾਨ ਪਹੁੰਚ ਰਿਹਾ ਹੈ ਤੇ ਉਹ ਇਸ ਬਾਰੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲ ਕਰਨਗੇ। ਇਹ ਸਭ ਕੁਝ ਕੈਪਟਨ ਅਮਰਿੰਦਰ ਲਾਬੀ ਦੇ ਇਸ਼ਾਰੇ 'ਤੇ ਹੀ ਸੀ। ਬਾਜਵਾ ਨੂੰ ਦਿੱਲੀ ਭੇਜ ਕੇ ਪੰਜਾਬ ਦੇ ਕਈ ਆਗੂਆਂ ਨੂੰ ਇਹ ਲੱਗਣ ਲੱਗਾ ਸੀ ਕਿ ਸ਼ਾਇਦ ਉਨ੍ਹਾਂ ਦੀ ਸਥਿਤੀ ਕੁਝ ਕਮਜ਼ੋਰ ਹੋਈ ਹੈ ਪਰ ਆਪਣੇ ਜਨਮ ਦਿਨ 'ਤੇ ਡਿਨਰ ਡਿਪਲੋਮੇਸੀ ਖੇਡ ਕੇ ਬਾਜਵਾ ਨੇ ਆਪਣੇ ਵਿਰੋਧੀਆਂ ਦਾ ਮੂੰਹ ਭੰਨ ਦਿੱਤਾ। ਬਾਜਵਾ ਦੀ ਡਿਨਰ ਪਾਰਟੀ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸੰਸਦ ਮੈਂਬਰ ਰਾਜ ਬੱਬਰ, ਅਹਿਮਦ ਪਟੇਲ ਸਣੇ ਸਾਰੇ ਸੀਨੀਅਰ ਆਗੂ ਪਹੁੰਚੇ। ਇਸ ਮੌਕੇ ਡਿਨਰ ਪਾਰਟੀ ਵਿਚ ਪੰਜਾਬ ਦੀ ਸਿਆਸਤ 'ਤੇ ਚਰਚਾ ਵੀ ਹੋਈ। ਨਾਲ ਹੀ ਆਉਣ ਵਾਲੇ ਬਜਟ ਸੈਸ਼ਨ ਵਿਚ ਕੇਂਦਰ ਸਰਕਾਰ ਨੂੰ ਕਿਵੇਂ ਘੇਰਨਾ ਹੈ, ਇਸ ਬਾਰੇ ਵੀ ਸਲਾਹ ਮਸ਼ਵਰਾ ਕੀਤਾ ਗਿਆ।
ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਭਵਨ ਗਾਜ਼ੀਗੁੱਲਾ ਵਿਖੇ ਹੋਇਆ ਝਗੜਾ
NEXT STORY