ਕਾਮਨਵੈਲਥ ਖੇਡਾਂ 'ਚ ਮੈਡਲ ਜਿੱਤਣ ਵਾਲੇ ਪ੍ਰਦੀਪ ਨੇ ਕੀਤੀ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ
ਲੁਧਿਆਣਾ(ਵਿੱਕੀ)- ਮੇਰੇ ਸਵ. ਪਿਤਾ ਅਮਰੀਕ ਸਿੰਘ ਮੈਨੂੰ ਹਮੇਸ਼ਾ ਕਿਹਾ ਕਰਦੇ ਸਨ ਕਿ ਵੇਟ ਲਿਫਟਿੰਗ ਕਰ ਕੇ ਨਾਮੀ ਪਹਿਲਵਾਨ ਬਣਨਾ ਹੈ ਅਤੇ ਦੇਸ਼ ਦਾ ਨਾਂ ਰੌਸ਼ਨ ਕਰਨਾ ਹੈ ਪਰ ਇਸ ਗੱਲ ਦਾ ਦੁੱਖ ਹੈ ਕਿ ਜਦ ਮੈਂ ਕਾਮਨਵੈਲਥ ਖੇਡਾਂ 'ਚ ਆਸਟਰੇਲੀਆ 'ਚ ਤਿਰੰਗਾ ਫਹਿਰਾਇਆ ਤਾਂ ਉਸ ਪਲ ਨੂੰ ਦੇਖਣ ਲਈ ਮੇਰੇ ਪਿਤਾ ਦੁਨੀਆ 'ਚ ਨਹੀਂ ਸਨ। ਇਹ ਕਹਿਣਾ ਹੈ ਗੋਲਡ ਕੋਸਟ 'ਚ ਚੱਲ ਰਹੀਆਂ 21ਵੀਆਂ ਕਾਮਨਵੈਲਥ ਖੇਡਾਂ 'ਚ 352 ਕਿਲੋ ਵਜ਼ਨ ਚੁੱਕ ਕੇ ਸਿਲਵਰ ਮੈਡਲ ਚੁੰਮਣ ਵਾਲੇ ਭਾਰਤੀ ਵੇਟ ਲਿਫਟਰ ਪ੍ਰਦੀਪ ਸਿੰਘ ਦਾ। 23 ਸਾਲਾ ਪ੍ਰਦੀਪ ਸਿੰਘ ਲੁਧਿਆਣਾ ਰੇਲਵੇ ਵਿਚ ਪਿਛਲੇ 9 ਮਹੀਨਿਆਂ ਤੋਂ ਟੀ. ਟੀ. ਹਨ ਅਤੇ ਕੁਝ ਸਾਲ ਪਹਿਲਾਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਨਕੋਦਰ-ਫਗਵਾੜਾ ਰੋਡ ਸਥਿਤ ਪਿੰਡ ਜੰਡਿਆਲਾ ਦੇ ਰਹਿਣ ਵਾਲੇ ਪ੍ਰਦੀਪ ਨੇ ਸੋਮਵਾਰ ਨੂੰ ਜਦ ਕਾਮਨਵੈਲਥ ਖੇਡਾਂ 'ਚ ਸਿਲਵਰ ਮੈਡਲ ਜਿੱਤਿਆ ਤਾਂ ਭਾਰਤ 'ਚ ਖੁਸ਼ੀ ਦੀ ਲਹਿਰ ਦੌੜ ਗਈ।
ਆਸਟਰੇਲੀਆ ਤੋਂ 'ਜਗ ਬਾਣੀ' ਨਾਲ ਵਟਸਐਪ ਕਾਲਿੰਗ 'ਤੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਮੈਡਲ ਜੇਤੂ ਪ੍ਰਦੀਪ ਨੇ ਕਿਹਾ ਕਿ ਉਸ ਨੂੰ ਤਾਂ ਹੁਣ ਤੱਕ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਸ ਦੇ ਗਲੇ 'ਚ ਰਾਸ਼ਟਰਮੰਡਲ ਖੇਡਾਂ ਦਾ ਸਿਲਵਰ ਮੈਡਲ ਹੈ ਅਤੇ ਉਹ ਸੁਪਨਾ ਦੇਖ ਰਿਹਾ ਹੈ। ਸੱਚਮੁੱਚ 'ਚ ਮੈਨੂੰ ਯਕੀਨ ਨਹੀਂ ਹੋ ਰਿਹਾ ਕਿ ਮੈਂ ਦੇਸ਼ ਦੇ ਲਈ ਸਿਲਵਰ ਮੈਡਲ ਜਿੱਤ ਲਿਆ। ਆਪਣੀ ਇਸ ਅਚੀਵਮੈਂਟ ਨਾਲ ਪ੍ਰਦੀਪ ਨੇ ਕਾਮਯਾਬੀ ਦਾ ਸਿਹਰਾ ਕੋਚ ਸੰਦੀਪ ਸ਼ਰਮਾ, ਵਿਜੇ ਕੁਮਾਰ ਤੋਂ ਇਲਾਵਾ ਆਪਣੇ ਪਹਿਲੇ ਕੋਚ ਹਰਮੇਸ਼ ਲਾਲ ਅਤੇ ਲਖਵੀਰ ਲਾਲ ਨੂੰ ਦਿੱਤਾ। ਪ੍ਰਦੀਪ ਨੇ ਕਿਹਾ ਕਿ ਸਟੇਜ 'ਤੇ ਜਾਣ ਤੋਂ ਪਹਿਲਾਂ ਤੱਕ ਉਹ ਆਪਣੇ ਈਵੈਂਟ ਨੂੰ ਲੈ ਕੇ ਨਰਵਸ ਸੀ ਪਰ ਉਸ ਨੇ ਆਤਮ-ਵਿਸ਼ਵਾਸ ਨਾਲ ਆਪਣੀ ਬੈਸਟ ਪਰਫਾਰਮੈਂਸ ਦੇਣ ਵੱਲ ਹੀ ਧਿਆਨ ਦਿੱਤਾ।
ਇਸ ਤਰ੍ਹਾਂ ਪ੍ਰਦੀਪ ਨੇ ਹਾਸਲ ਕੀਤੀ ਸਫਲਤਾ
ਲੁਧਿਆਣਾ 'ਚ ਤਾਇਨਾਤ ਰੇਲਵੇ 'ਚ ਟੀ. ਟੀ. ਪ੍ਰਦੀਪ ਨੇ ਉਕਤ ਮੁਕਾਬਲੇ ਦੇ 105 ਕਿਲੋਗ੍ਰਾਮ ਭਾਰ ਵਰਗ 'ਚ ਹਿੱਸਾ ਲਿਆ। ਉਸ ਨੇ ਸਨੈਚ 'ਚ 152 ਕਿਲੋ, ਕਲੀਨ ਐਂਡ ਜਰਕ 'ਚ 200 ਕਿਲੋ ਭਾਰ ਚੁੱਕਿਆ। ਪ੍ਰਦੀਪ ਨੇ ਕੁਲ 352 ਕਿਲੋਗ੍ਰਾਮ ਵਜ਼ਨ ਚੁੱਕਿਆ। ਉਹ ਗੋਲਡ ਦੀ ਦੌੜ 'ਚ ਸਨ ਪਰ ਕਲੀਨ ਐਂਡ ਜਰਕ 'ਚ ਆਖਰੀ 2 ਯਤਨਾਂ 'ਚ ਅਸਫਲ ਰਹਿਣ ਦੇ ਬਾਅਦ ਉਨ੍ਹਾਂ ਨੂੰ ਸਿਲਵਰ 'ਤੇ ਸੰਤੋਸ਼ ਕਰਨਾ ਪਿਆ। ਇਸ ਈਵੈਂਟ ਦਾ ਗੋਲਡ ਸਮਾਓ ਦੇ ਸੋਨੇਲੇ ਮਾਓ ਨੂੰ ਮਿਲਿਆ, ਜਿਨ੍ਹਾਂ ਨੇ 360 ਕਿਲੋਗ੍ਰਾਮ ਸਕੋਰ ਕੀਤਾ। ਬਰਾਊਨ ਮੈਡਲ ਇੰਗਲੈਂਡ ਦੇ ਓਵੇਨ ਬੋਕਸਲ ਨੇ ਝਟਕਦੇ ਹੋਏ 351 ਸਕੋਰ ਕੀਤੇ।
ਗੋਲਡ ਕੋਟਸ ਤੋਂ ਹੀ ਕੀਤਾ ਕਾਮਨਵੈਲਥ ਲਈ ਕੁਆਲੀਫਾਈ
ਭਾਰਤੀ ਵੇਟ ਲਿਫਟਰ ਪ੍ਰਦੀਪ ਨੇ ਅੱਜ ਜਿਸ ਜਗ੍ਹਾ 'ਤੇ ਸਿਲਵਰ ਮੈਡਲ ਭਾਰਤ ਦੀ ਝੋਲੀ 'ਚ ਪਾਇਆ ਹੈ, ਉਥੇ ਹੀ ਪਿਛਲੇ ਸਾਲ ਉਸ ਨੇ ਆਪਣੀ ਇਸ ਅਚੀਵਮੈਂਟ ਦੀ ਨੀਂਹ ਰੱਖ ਦਿੱਤੀ ਸੀ। ਪਿਛਲੇ ਸਾਲ ਗੋਲਡ ਕੋਟਸ 'ਚ ਹੋਈ ਕਾਮਨਵੈਲਥ ਚੈਂਪੀਅਨਸ਼ਿਪ 'ਚ ਪ੍ਰਦੀਪ ਨੇ ਕੁੱਲ 324 ਕਿਲੋ ਵਜ਼ਨ ਚੁੱਕ ਕੇ ਕਾਮਨਵੈਲਥ ਖੇਡਾਂ ਲਈ ਕੁਆਲੀਫਾਈ ਕੀਤਾ ਸੀ। ਇਸ ਪ੍ਰਤੀਯੋਗਤਾ 'ਚ ਉਸ ਨੇ ਗੋਲਡ ਮੈਡਲ ਜਿੱਤਿਆ ਸੀ।
ਚਾਚੇ ਦੇ ਕਹਿਣ 'ਤੇ 13 ਸਾਲ ਦੀ ਉਮਰ 'ਚ ਸ਼ੁਰੂ ਕੀਤੀ ਵੇਟ ਲਿਫਟਿੰਗ
ਮੈਡਲ ਜੇਤੂ ਪ੍ਰਦੀਪ ਨੇ ਵੇਟ ਲਿਫਟਿੰਗ ਉਸ ਸਮੇਂ ਸ਼ੁਰੂ ਕੀਤੀ ਜਦ ਉਹ 13 ਸਾਲ ਦਾ ਸੀ। ਪ੍ਰਦੀਪ ਨੇ ਦੱਸਿਆ ਕਿ ਚਾਚਾ ਕੁਲਵਿੰਦਰ ਸਿੰਘ ਜੋ ਕਿ ਹੁਣ ਇੰਗਲੈਂਡ ਵਿਚ ਹੈ, ਨੇ ਉਸ ਨੂੰ ਵੇਟ ਲਿਫਟਿੰਗ ਲਈ ਉਤਸ਼ਾਹਿਤ ਕੀਤਾ ਕਿਉਂਕਿ ਉਹ ਵੀ ਪਹਿਲਾਂ ਇਹੀ ਗੇਮ ਕਰਦੇ ਸਨ। ਉਸ ਨੇ ਦੱਸਿਆ ਕਿ ਜਦ ਤੋਂ ਮੈਂ ਵੇਟ ਚੁੱਕਣਾ ਸ਼ੁਰੂ ਕੀਤਾ ਤਾਂ ਪਿਤਾ ਨੇ ਉਸ ਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਪ੍ਰਦੀਪ ਨੇ ਕਿਹਾ ਕਿ ਮਾਮਾ ਜਸਵਿੰਦਰ ਦੇ ਆਸ਼ੀਰਵਾਦ ਨਾਲ ਹੀ ਉਹ ਹਰ ਅਚੀਵਮੈਂਟ 'ਚ ਸਫਲ ਹੋਇਆ ਹੈ। ਜਦੋਂਕਿ ਭੈਣ ਸੁਖਪ੍ਰੀਤ ਕੌਰ ਹਮੇਸ਼ਾ ਉਸ ਦੀ ਜਿੱਤ ਦੀ ਕਾਮਨਾ ਕਰਦੀ ਹੈ।
ਪ੍ਰੈਕਟਿਸ ਦੌਰਾਨ ਚੁੱਕਦੈ 355 ਕਿਲੋਗ੍ਰਾਮ ਵਜ਼ਨ
ਪ੍ਰਦੀਪ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਐੱਨ. ਆਈ. ਐੱਸ. ਪਟਿਆਲਾ 'ਚ ਕੈਂਪ 'ਤੇ ਹਨ। ਅਭਿਆਸ ਦੌਰਾਨ ਉਹ ਨਿਯਮਿਤ ਰੂਪ 'ਚ 355 ਕਿਲੋ ਵਜ਼ਨ ਚੁੱਕ ਲੈਂਦੇ ਹਨ। ਸਾਲ 2017 'ਚ ਅਮਰੀਕਾ 'ਚ ਹੋਈ ਵਿਸ਼ਵ ਪ੍ਰਤੀਯੋਗਤਾ 'ਚ ਪ੍ਰਦੀਪ ਨੇ 349 ਕਿਲੋ ਵਜ਼ਨ ਚੁੱਕਿਆ।
ਵੇਟ ਲਿਫਟਿੰਗ ਲਈ ਬੀ. ਏ. ਸੈਕਿੰਡ ਯੀਅਰ 'ਚ ਛੱਡ ਦਿੱਤੀ ਪੜ੍ਹਾਈ
ਪ੍ਰਦੀਪ ਨੇ ਕਿਹਾ ਕਿ ਵੇਟ ਲਿਫਟਿੰਗ ਉਸ ਦਾ ਜਨੂੰਨ ਹੈ ਅਤੇ ਇਸ ਜਨੂੰਨ ਨੂੰ ਪੂਰਾ ਕਰਨ ਦੇ ਲਈ ਮੈਂ ਬੀ. ਏ. ਦੀ ਪੜ੍ਹਾਈ ਸੈਕਿੰਡ ਯੀਅਰ 'ਚ ਹੀ ਛੱਡ ਦਿੱਤੀ ਸੀ। ਉਸ ਨੇ ਕਿਹਾ ਕਿ 12ਵੀਂ ਤੱਕ ਦੀ ਪੜ੍ਹਾਈ ਦੌਰਾਨ ਉਸ ਨੂੰ ਵੇਟ ਲਿਫਟਿੰਗ 'ਚ ਕੋਈ ਸਮੱਸਿਆ ਨਹੀਂ ਆਈ ਪਰ ਜਦ ਖੇਡ ਅਤੇ ਸਿੱਖਿਆ ਦੋਵਾਂ ਦਾ ਤਾਲਮੇਲ ਬਿਠਾਉਣਾ ਮੁਸ਼ਕਲ ਹੋ ਗਿਆ ਤਾਂ ਉਸ ਨੇ ਖੇਡ ਨੂੰ ਪਹਿਲ ਦਿੱਤੀ। ਪ੍ਰਦੀਪ ਨੇ 12ਵੀਂ ਤੱਕ ਦੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਵਿਚ ਹੀ ਕੀਤੀ ਹੈ। ਸਕੂਲ ਪੱਧਰ ਤੋਂ ਹੀ ਵੇਟ ਲਿਫਟਿੰਗ ਕਰਨ ਵਾਲੇ ਇਸ ਖਿਡਾਰੀ ਨੇ ਕਿਹਾ ਕਿ ਸਕੂਲ ਪੱਧਰ ਤੱਕ ਉਸ ਨੂੰ ਕੋਚ ਲਖਵੀਰ ਲਾਲ ਅਤੇ ਹਰਮੇਸ਼ ਲਾਲ ਨੇ ਹਮੇਸ਼ਾ ਨਵੇਂ ਤੋਂ ਨਵੇਂ ਗੁਰ ਸਿਖਾਏ ਤਾਂ ਕਿ ਉਹ ਇਕ ਦਿਨ ਕਿਸੇ ਮੁਕਾਮ ਤੱਕ ਪਹੁੰਚ ਸਕੇ।
ਰਾਸ਼ਟਰਪਤੀ ਕੋਵਿੰਦ, ਪ੍ਰਧਾਨ ਮੰਤਰੀ ਮੋਦੀ ਅਤੇ ਕ੍ਰਿਕਟਰ ਤੇਂਦੁਲਕਰ, ਸਹਿਵਾਗ ਨੇ ਥਾਪੜੀ ਪਿੱਠ
ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਪ੍ਰਦੀਪ ਸਿੰਘ ਦੀ ਇਸ ਕਾਮਯਾਬੀ 'ਤੇ ਉਸ ਦੀ ਪਿੱਠ ਥਾਪੜਦੇ ਹੋਏ ਟਵੀਟ ਕੀਤਾ ਹੈ। ਮੋਦੀ ਨੇ ਆਪਣੇ ਟਵੀਟ ਵਿਚ ਕਿਹਾ ਕਿ ਪ੍ਰਦੀਪ ਸਿੰਘ ਭਾਰਤ ਦਾ ਗੌਰਵ ਹੈ। ਉਸ ਨੂੰ ਇਸ ਕਾਮਯਾਬੀ ਲਈ ਵਧਾਈ। ਉਥੇ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਪ੍ਰਦੀਪ ਗੋਲਡ ਮੈਡਲ ਦੇ ਬੇਹੱਦ ਨੇੜੇ ਸੀ ਪਰ ਇਕ ਨਜ਼ਦੀਕੀ ਮੁਕਾਬਲੇ ਵਿਚ ਉਸ ਨੇ ਸਿਲਵਰ ਜਿੱਤਿਆ। ਸਹਿਵਾਗ ਨੇ ਲਿਖਿਆ ਵੈਲਡਨ ਪ੍ਰਦੀਪ। ਇਸ ਤੋਂ ਇਲਾਵਾ ਸਾਬਕਾ ਭਾਰਤੀ ਬੱਲੇਬਾਜ਼ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਨੇ ਵੀ ਮੈਡਲ ਜਿੱਤਣ 'ਤੇ ਪ੍ਰਦੀਪ ਨੂੰ ਵਧਾਈ ਦਿੱਤੀ।
ਲੋਕਾਂ ਨੂੰ ਠੱਗਣ ਦੇ ਦੋਸ਼ 'ਚ ਔਰਤ ਤੇ ਉਸ ਦਾ ਸਾਥੀ ਕੀਤਾ ਪੁਲਸ ਹਵਾਲੇ
NEXT STORY