6 ਸਾਲਾਂ ਤੋਂ ਲਟਕ ਰਿਹੈ 'ਰਾਜਾ ਮਾਈਨਰ' ਦਾ ਸ਼ੁੱਧ ਪਾਣੀ ਵਾਲਾ ਪ੍ਰਾਜੈਕਟ

You Are HerePunjab
Monday, April 16, 2018-12:49 PM

ਫਰੀਦਕੋਟ (ਹਾਲੀ)  - ਇੱਥੋਂ ਦੇ ਲੋਕਾਂ ਨੂੰ ਪੀਣ ਲਈ ਜ਼ਹਿਰਾਂ ਮੁਕਤ ਪਾਣੀ ਦੇਣ ਲਈ 'ਰਾਜਾ ਮਾਈਨਰ ਪ੍ਰਾਜੈਕਟ' ਦਾ ਕੰਮ ਪਿਛਲੇ 6 ਸਾਲਾਂ ਤੋਂ ਲਟਕ ਰਿਹਾ ਹੈ। ਕਦੇ ਮਨਜ਼ੂਰੀ ਲਈ ਫ਼ਾਈਲਾਂ 'ਚ ਦੇਰੀ, ਕਦੇ ਫ਼ੰਡਾਂ ਦੀ ਉਡੀਕ ਅਤੇ ਕਦੇ ਰਸਤੇ ਵਿਚ ਆਉਣ ਵਾਲੇ ਦਰੱਖਤਾਂ ਦੀ ਕਟਾਈ ਰੁਕਣ ਕਰ ਕੇ ਇਹ ਪ੍ਰਾਜੈਕਟ ਲਗਾਤਾਰ ਪੱਛੜ ਰਿਹਾ ਹੈ। ਇਸ ਦੇ ਪੱਛੜਨ ਕਰ ਕੇ ਹੀ ਸ਼ਹਿਰ ਦੀ 1 ਲੱਖ ਦੇ ਕਰੀਬ ਆਬਾਦੀ ਨੂੰ ਸਰਹਿੰਦ ਨਹਿਰ ਦਾ ਜ਼ਹਿਰੀਲਾ ਪਾਣੀ ਪੀਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਫਰੀਦਕੋਟ ਅਤੇ ਇਸ ਦੇ ਆਸ-ਪਾਸ ਜ਼ਮੀਨ ਹੇਠਲਾਂ ਪਾਣੀ ਪੀਣ ਯੋਗ ਨਾ ਹੋਣ ਕਾਰਨ ਲੋਕ ਵਾਟਰ ਵਰਕਸ ਦੇ ਪਾਣੀ 'ਤੇ ਨਿਰਭਰ ਹਨ ਅਤੇ ਇਹ ਪਾਣੀ ਸ਼ਹਿਰ 'ਚੋਂ ਲੰਘਦੀਆਂ ਜੌੜੀਆਂ ਨਹਿਰਾਂ ਸਰਹਿੰਦ ਤੇ ਰਾਜਸਥਾਨ ਫ਼ੀਡਰ ਵਿਚੋਂ ਆਉਂਦਾ ਹੈ। ਇਹ ਨਹਿਰ ਹਰੀਕੇ ਪੱਤਣ ਤੋਂ ਨਿਕਲਦੀਆਂ ਹਨ, ਜਿਨ੍ਹਾਂ ਵਿਚ ਕਿ ਇੱਥੋਂ ਲੁਧਿਆਣਾ ਦੇ ਉਦਯੋਗਾਂ ਦਾ ਜ਼ਹਿਰੀਲਾ ਪਾਣੀ ਬੁੱਢੇ ਨਾਲੇ ਰਾਹੀਂ ਪੈ ਰਿਹਾ ਹੈ ਅਤੇ ਕਈ ਸਾਲਾਂ ਤੋਂ ਇਹ ਸਿਲਸਿਲਾ ਬਾ-ਦਸਤੂਰ ਜਾਰੀ ਹੈ।
ਇਹੀ ਉਦਯੋਗਾਂ ਦੀ ਜ਼ਹਿਰ ਮਿਲਿਆ ਪਾਣੀ ਅੱਗੇ ਇਨ੍ਹਾਂ ਨਹਿਰਾਂ ਰਾਹੀਂ ਸਿਰਫ਼ ਫ਼ਰੀਦਕੋਟ ਹੀ ਨਹੀਂ, ਬਲਕਿ ਫ਼ਿਰੋਜ਼ਪੁਰ, ਫ਼ਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਿਆਂ ਤੱਕ ਜਾਂਦਾ ਹੈ। ਸ਼ਹਿਰ ਦੀ ਆਬਾਦੀ ਨੂੰ ਇਸ ਪਾਣੀ ਦੇ ਜ਼ਹਿਰ ਤੋਂ ਬਚਾਉਣ ਲਈ ਰਾਜਾ ਮਾਈਨਰ ਪ੍ਰਾਜੈਕਟ 6 ਸਾਲ ਪਹਿਲਾਂ ਬਣਾਇਆ ਗਿਆ। ਇਹ ਪ੍ਰਾਜੈਕਟ ਉਦੋਂ ਤੋਂ ਲੈ ਕੇ ਹੁਣ ਤੱਕ ਲਟਕਦਾ ਆ ਰਿਹਾ ਹੈ, ਹਾਲਾਂਕਿ ਇਹ ਢਾਈ ਸਾਲ ਪਹਿਲਾਂ ਬਣਨਾ ਸ਼ੁਰੂ ਹੋ ਗਿਆ ਸੀ ਪਰ ਫ਼ਿਰ ਇਸ ਵਿਚ ਦਰੱਖਤਾਂ ਦੀ ਕਟਾਈ ਦਾ ਅੜਿੱਕਾ ਆ ਗਿਆ ਅਤੇ ਇਹ ਫ਼ਿਰ ਰੁਕ ਗਿਆ।
ਕੀ ਹੈ ਇਹ ਪ੍ਰਾਜੈਕਟ
ਮਹਾਰਾਜਾ ਫ਼ਰੀਦਕੋਟ ਦੇ ਬਾਗ ਲਈ ਰਾਜਾ ਮਾਈਨਰ ਦੇ ਨਾਂ 'ਤੇ ਇਕ ਵਿਸ਼ੇਸ਼ ਕੱਸੀ ਸਾਫ਼-ਸੁਥਰਾ ਪਾਣੀ ਲੈ ਕੇ ਅਬੋਹਰ ਨਹਿਰ ਬ੍ਰਾਂਚ 'ਚੋਂ ਆਉਂਦੀ ਹੈ। ਲੋਕਾਂ ਦੀ ਮੰਗ 'ਤੇ ਇਸ ਮਾਈਨਰ ਦਾ ਪਾਣੀ ਵਾਟਰ ਵਰਕਸ ਨੂੰ ਸਪਲਾਈ ਕੀਤਾ ਜਾਣਾ ਸੀ ਅਤੇ ਉਸ ਮੁਤਾਬਕ ਇਸ ਕੱਸੀ ਦੇ ਪਾਣੀ ਦੀ ਸਮਰੱਥਾ ਵਧਾ ਲਈ ਗਈ ਸੀ। ਮਹਾਰਾਜਾ ਦੇ ਬਾਗ ਤੋਂ ਵਾਟਰ ਵਰਕਸ ਤੱਕ ਇਸ ਪਾਣੀ ਨੂੰ ਲਿਜਾਣ ਲਈ ਪਾਈਪਾਂ ਪਾਈਆਂ ਜਾਣੀਆਂ ਸਨ, ਜਿਸ ਦਾ ਨਾਂ ਰਾਜਾ ਮਾਈਨਰ ਪਾਣੀ ਸਪਲਾਈ ਰੱਖਿਆ ਗਿਆ ਸੀ।
ਪਾਈਪਾਂ ਪਾਉਣ ਦਾ ਇਹ ਪ੍ਰੋਜੈਕਟ 5 ਕਰੋੜ ਰੁਪਏ ਦਾ ਸੀ, ਜਿਹੜਾ ਕਿ 3 ਸਾਲ ਪਹਿਲਾਂ ਡੇਢ ਕਰੋੜ ਰੁਪਏ ਸਰਕਾਰ ਵੱਲੋਂ ਪਹਿਲੀ ਕਿਸ਼ਤ ਦੇਣ 'ਤੇ ਸ਼ੁਰੂ ਹੋ ਗਿਆ। ਸਾਲ ਦੇ ਕਰੀਬ ਕੰਮ ਚੱਲਿਆ ਅਤੇ ਜਦੋਂ ਇਹ ਪ੍ਰਾਜੈਕਟ ਤਲਵੰਡੀ ਭਾਈ ਵਾਲੇ ਨਹਿਰਾਂ ਦੇ ਪੁਲ ਕੋਲ ਪੁੱਜਾ ਤਾਂ ਅੱਗੇ ਇਸ ਵਿਚ ਕੋਈ 50 ਸਾਲ ਪੁਰਾਣੇ ਦਰੱਖਤ ਅੜਿੱਕਾ ਬਣਨ ਲੱਗੇ, ਜਿਨ੍ਹਾਂ ਨੂੰ ਪੁੱਟਣ ਲਈ ਗਰੀਨ ਟ੍ਰਿਬਿਊਨਲ ਦਿੱਲੀ ਨੂੰ ਲਿਖਿਆ ਗਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ, ਜਿਸ ਕਾਰਨ ਇਹ ਪ੍ਰਾਜੈਕਟ 1 ਸਾਲ ਤੋਂ ਉਸੇ ਤਰ੍ਹਾਂ ਹੀ ਇਸੇ ਸਥਿਤੀ ਵਿਚ ਖੜ੍ਹਾ ਹੈ।
ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਸ਼ਹਿਰ ਦੀ 1 ਲੱਖ ਆਬਾਦੀ ਨੂੰ ਸਾਫ਼-ਸੁਥਰਾ ਪਾਣੀ ਤਾਂ ਮਿਲਣਾ ਹੀ ਸੀ ਅਤੇ ਨਾਲ-ਨਾਲ ਸ਼ਹਿਰ ਦੇ ਮੁੱਖ ਵਾਟਰ ਵਰਕਸ ਦੀ ਸਮਰੱਥਾ ਵੀ ਵਧ ਜਾਣੀ ਸੀ। ਇਸ ਪ੍ਰ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਇਸ ਵਾਟਰ ਵਰਕਸ ਨੇ 3 ਕਰੋੜ ਲਿਟਰ ਪਾਣੀ ਹਰ ਰੋਜ਼ ਸਪਲਾਈ ਕਰਨ ਲੱਗ ਪੈਣਾ ਸੀ, ਜਦਕਿ ਹੁਣ ਇਹ ਵਾਟਰ ਵਰਕਸ ਡੇਢ ਕਰੋੜ ਪਾਣੀ ਸਪਲਾਈ ਕਰਨ ਦੀ ਸਮਰੱਥਾ ਰੱਖਦਾ ਹੈ।
ਕੀ ਕਹਿੰਦੇ ਨੇ ਸ਼ਹਿਰ ਨਿਵਾਸੀ
ਇਸ ਸਬੰਧੀ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਰਾਜਾ ਮਾਈਨਰ ਪ੍ਰਾਜੈਕਟ ਦਾ ਕੰਮ ਲਟਕਣ ਕਰ ਕੇ ਸ਼ਹਿਰ ਵਾਸੀ ਅਜੇ ਵੀ ਜ਼ਹਿਰਾਂ ਵਾਲਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਇਕ ਤਾਂ ਪਾਣੀ ਦੀ ਘਾਟ ਅਤੇ ਉੱਪਰੋਂ ਜਿੰਨਾ ਮਿਲਣਾ, ਉਹ ਵੀ ਜ਼ਹਿਰੀਲਾ ਹੋਣ ਚੁੱਕਾ ਪਾਣੀ ਲੋਕਾਂ 'ਚ ਨਵੀਆਂ-ਨਵੀਆਂ ਭਿਆਨਕ ਬੀਮਾਰੀਆਂ ਪੈਦਾ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਪ੍ਰਾਜੈਕਟ ਦੇ ਕੰਮ ਨੂੰ ਜਲਦੀ ਪੂਰਾ ਕੀਤਾ ਜਾਵੇ ਤਾਂ ਕਿ ਸ਼ਹਿਰ ਨਿਵਾਸੀਆਂ ਨੂੰ ਸ਼ੁੱਧ ਪਾਣੀ ਮਿਲ ਸਕੇ।
ਕੀ ਕਹਿਣਾ ਹੈ ਅਧਿਕਾਰੀਆਂ ਦਾ
ਇਸ ਸਬੰਧੀ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਰਾਜਾ ਮਾਈਨਰ ਪ੍ਰਾਜੈਕਟ ਵਿਚ ਅੜਿੱਕਾ ਬਣਨ ਵਾਲੇ ਦਰੱਖਤਾਂ ਦੀ ਕਟਾਈ ਸਬੰਧੀ ਗਰੀਨ ਟ੍ਰਿਬਿਊਨਲ ਦਿੱਲੀ ਵੱਲੋਂ ਮਨਜ਼ੂਰੀ ਨਾ ਦੇਣ ਕਰ ਕੇ ਕੰਮ ਰੁਕ ਗਿਆ ਸੀ ਪਰ ਹੁਣ ਸਰਕਾਰ ਨੇ ਇਸ ਸਬੰਧੀ ਲੋੜੀਂਦਾ ਫ਼ੰਡ ਵੀ ਮੁਹੱਈਆ ਕਰਵਾ ਦਿੱਤਾ ਹੈ ਅਤੇ ਗਰੀਨ ਟ੍ਰਿਬਿਊਨਲ ਵੱਲੋਂ ਵੀ ਮਨਜ਼ੂਰੀ ਮਿਲ ਗਈ ਹੈ, ਜਿਸ ਕਰ ਕੇ ਇਸ ਪ੍ਰਾਜੈਕਟ ਦਾ ਕੰਮ ਦੁਬਾਰਾ ਸ਼ੁਰੂ ਹੋ ਗਿਆ ਹੈ।

Edited By

Roshan Kumar

Roshan Kumar is News Editor at Jagbani.

!-- -->