ਧੂਰੀ(ਸੰਜੀਵ ਜੈਨ)—ਰੇਲਵੇ ਪੁਲਸ ਫੋਰਸ ਦੇ ਇਕ ਮੁਲਾਜ਼ਮ ਅਤੇ 4 ਹੋਰ ਅਣਪਛਾਤੇ ਵਿਅਕਤੀਆਂ ਵੱਲੋਂ ਬੀਤੀ ਰਾਤ ਰੇਲਵੇ ਸਟੇਸ਼ਨ 'ਤੇ ਇਕ ਸਮਾਜ ਸੇਵੀ ਨਾਲ ਕੁੱਟ-ਮਾਰ ਕਰਨ ਅਤੇ ਮੋਬਾਇਲ ਖੋਹਣ ਦੇ ਰੋਸ ਵਜੋਂ ਸਥਾਨਕ ਸਮਾਜਸੇਵੀ ਸੰਸਥਾਵਾਂ ਦੇ ਆਗੂਆਂ ਅਤੇ ਵਪਾਰੀਆਂ ਨੇ ਧਰਨਾ ਦਿੱਤਾ। ਇਸ ਮੌਕੇ ਜਿਥੇ ਪ੍ਰਦਰਸ਼ਨਕਾਰੀਆਂ ਨੇ ਆਰ. ਪੀ. ਐੈੱਫ. ਚੌਕੀ ਧੂਰੀ ਦੇ ਅੱਗੇ ਧਰਨੇ ਦੌਰਾਨ ਰੇਲਵੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ, ਉਥੇ ਸ਼ਹਿਰ ਭਰ 'ਚ ਰੋਸ ਮਾਰਚ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਹਾਰਾ ਜਨ ਸੇਵਾ ਸਮਿਤੀ ਧੂਰੀ ਦੇ ਜਨਰਲ ਸਕੱਤਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਉਹ ਲੰਘੀ ਰਾਤ ਕਰੀਬ ਸਾਢੇ 10 ਵਜੇ ਰੇਲਗੱਡੀ ਰਾਹੀਂ ਬਰਨਾਲਾ ਤੋਂ ਧੂਰੀ ਆਏ ਸਨ। ਉਨ੍ਹਾਂ ਵੇਖਿਆ ਕਿ ਆਰ. ਪੀ. ਐੱਫ. ਦਾ ਇਕ ਮੁਲਾਜ਼ਮ ਅਤੇ ਕੁਝ ਹੋਰ ਵਿਅਕਤੀ ਇਕ ਦਿਮਾਗ਼ੀ ਤੌਰ 'ਤੇ ਪ੍ਰੇਸ਼ਾਨ ਬਜ਼ੁਰਗ ਔਰਤ ਦਾ ਸਾਮਾਨ ਚੁੱਕ ਕੇ ਸੁੱਟ ਰਹੇ ਸਨ, ਜਿਸ 'ਤੇ ਉਨ੍ਹਾਂ ਨੇ ਉਕਤ ਵਿਅਕਤੀਆਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੰਸਥਾ ਬਜ਼ੁਰਗ ਔਰਤ ਨੂੰ ਸਵੇਰੇ ਪਿੰਗਲਵਾੜਾ ਆਸ਼ਰਮ ਵਿਖੇ ਛੱਡ ਆਵੇਗੀ। ਵੇਦ ਪ੍ਰਕਾਸ਼ ਮੁਤਾਬਕ ਜਦੋਂ ਉਸ ਨੇ ਉਕਤ ਔਰਤ ਦੀ ਤਸਵੀਰ ਖਿੱਚਣ ਲਈ ਮੋਬਾਇਲ ਕੱਢਿਆ ਤਾਂ ਉਕਤ ਮੁਲਾਜ਼ਮ ਨੇ ਨਾ ਸਿਰਫ ਉਨ੍ਹਾਂ ਦਾ ਮੋਬਾਇਲ ਹੀ ਖੋਹ ਲਿਆ ਸਗੋਂ ਉਸ ਨੇ ਅਤੇ ਸਾਦੇ ਕੱਪੜਿਆਂ 'ਚ ਉਸ ਦੇ ਕੁਝ ਹੋਰ ਸਾਥੀਆਂ ਨੇ ਉਨ੍ਹਾਂ ਨਾਲ ਕੁੱਟ-ਮਾਰ ਵੀ ਕੀਤੀ ਸੀ।
ਬਚਾਅ ਕਰਨ ਆਏ ਪੁੱਤ ਨੂੰ ਵੀ ਕੁੱਟਿਆ
ਇਸੇ ਦੌਰਾਨ ਰੇਲਵੇ ਸਟੇਸ਼ਨ 'ਤੇ ਉਨ੍ਹਾਂ ਨੂੰ ਲੈਣ ਆਏ ਉਨ੍ਹਾਂ ਦੇ ਪੁੱਤਰ ਮਿਆਂਸ਼ੂ ਗਰਗ ਨੇ ਜਦੋਂ ਉਨ੍ਹਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਕਤ ਵਿਅਕਤੀਆਂ ਨੇ ਉਸ ਨਾਲ ਵੀ ਕੁੱਟ-ਮਾਰ ਕੀਤੀ ਅਤੇ ਧਮਕੀਆਂ ਦਿੱਤੀਆਂ ਸਨ। ਇਸ ਦੇ ਰੋਸ ਵਜੋਂ ਇਕੱਤਰ ਹੋਏ ਆਗੂ ਨਵੀਨ ਸੇਠ, ਜੀਵਨ ਲਾਲ ਪੱਪੀ ਸਾਬਕਾ ਐੈੱਮ. ਸੀ., ਗੁਰਕੰਵਲ ਸਿੰਘ ਕੋਹਲੀ, ਆਸ਼ੂ ਗੋਇਲ, ਵਿਨੋਦ ਸੇਠ, ਯਸ਼ਪਾਲ ਗੋਇਲ ਆਦਿ ਨੇ ਆਰ. ਪੀ. ਐੈੱਫ. ਮੁਲਾਜ਼ਮ ਦੀ ਇਸ ਹਰਕਤ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਉਸ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਉਨ੍ਹਾਂ ਦੋਸ਼ੀ ਕਰਮਚਾਰੀ ਖਿਲਾਫ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ।
ਕਾਰਵਾਈ ਦਾ ਭਰੋਸਾ ਦੇਣ 'ਤੇ ਚੁੱਕਿਆ ਧਰਨਾ
ਬਾਅਦ 'ਚ ਆਰ. ਪੀ. ਐੱਫ. ਦੇ ਸਬ-ਇੰਸਪੈਕਟਰ ਭਰਪੂਰ ਸਿੰਘ ਨੇ ਪੀੜਤ ਧਿਰ ਵੱਲੋਂ ਮਿਲੀ ਲਿਖਤੀ ਦਰਖਾਸਤ 'ਤੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਸ਼ਿਕਾਇਤ ਉਚ ਅਧਿਕਾਰੀਆਂ ਨੂੰ ਭੇਜ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਸਬੰਧੀ ਆਰ. ਪੀ. ਐੱਫ. ਮੁਲਾਜ਼ਮ ਦਾ ਪੱਖ ਜਾਣਨ ਲਈ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
12ਵੀਂ ਦੀ ਰੀ-ਚੈਕਿੰਗ ਲਈ 11 ਮਈ ਤਕ ਕੀਤਾ ਜਾ ਸਕੇਗਾ ਅਪਲਾਈ
NEXT STORY