ਜਗਰਾਓਂ, (ਜਸਬੀਰ ਸ਼ੇਤਰਾ)– ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਐੱਸ. ਡੀ. ਓ. ਤੋਂ ਲੈ ਕੇ ਐੱਸ. ਡੀ. ਐੱਮ. ਤਕ, ਕੌਂਸਲਰ ਤੋਂ ਲੈ ਕੇ ਨਗਰ ਕੌਂਸਲ ਪ੍ਰਧਾਨ ਤਕ ਅਤੇ ਸਿਆਸਤਦਾਨਾਂ ਤਕ ਪਹੁੰਚ ਦੇ ਬਾਵਜੂਦ ਇਕ ਮਹੀਨੇ ਤੋਂ ਸੀਵਰੇਜ ਸਮੱਸਿਆ ਦਾ ਹੱਲ ਨਾ ਹੋਣ ਤਕ ਮੁਹੱਲਾ ਅਜੀਤ ਨਗਰ ਦੇ ਲੋਕਾਂ ਅੱਜ ਮੁੜ ਮੁਜ਼ਾਹਰਾ ਕੀਤਾ। ਇਸ ਵਿਚ ਔਰਤਾਂ ਵੀ ਸ਼ਾਮਲ ਹੋਈਆਂ। ਮੁਹੱਲਾ ਵਾਸੀ ਸੀਵਰੇਜ ਦੀ ਸਮੱਸਿਆ ਨਾਲ ਇਕ ਮਹੀਨੇ ਤੋਂ ਜੂਝ ਰਹੇ ਹਨ। ਸੀਵਰੇਜ ਦੇ ਗੰਦੇ ਪਾਣੀ ਦੀ ਸਹੀ ਢੰਗ ਨਾਲ ਨਿਕਾਸੀ ਨਾ ਹੋਣ ਕਰਕੇ ਪਾਣੀ ਗਲੀਆਂ ਅੰਦਰ ਤੁਰਿਆ ਫਿਰਦਾ ਹੈ। ਸੀਵਰੇਜ ਬੋਰਡ ਦੇ ਕਰਮਚਾਰੀ ਸ਼ਿਕਾਇਤ ਕਰਨ 'ਤੇ ਮੌਕਾ ਦੇਖ ਜਾਂਦੇ ਹਨ। ਹੋਰ ਅਧਿਕਾਰੀ ਮੁਹੱਲਾ ਵਾਸੀਆਂ ਨੂੰ ਮਸਲੇ ਦੇ ਹੱਲ ਦਾ ਭਰੋਸਾ ਦੇ ਕੇ ਦਫ਼ਤਰਾਂ ਵਿਚੋਂ ਮੋੜ ਦਿੰਦੇ ਹਨ। ਇਹ ਸਿਲਸਿਲਾ ਇਕ ਮਹੀਨੇ ਤੋਂ ਚੱਲਿਆ ਆ ਰਿਹਾ ਹੈ ਪਰ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਅੱਜ ਐਤਵਾਰ ਨੂੰ ਇਨ੍ਹਾਂ ਅੱਕੇ ਲੋਕਾਂ ਨੇ ਇਕੱਠੇ ਹੋ ਕੇ ਮੁੜ ਮੁਜ਼ਾਹਰਾ ਕੀਤਾ। ਰੋਸ ਪ੍ਰਗਟ ਕਰਨ ਵਾਲਿਆਂ ਵਿਚ ਸ਼ਾਮਲ ਜਸਵੰਤ ਸਿੰਘ, ਗੁਰਦੀਪ ਸਿੰਘ, ਤੇਜਾ ਸਿੰਘ, ਭਜਨ ਸਿੰਘ, ਅਮਰਪਾਲ ਸਿੰਘ, ਬਲਵੀਰ ਸਿੰਘ, ਹਰਵਿੰਦਰ ਸਿੰਘ, ਕਮਲ ਕੌਰ, ਅਮਰ ਕੌਰ, ਸਰਬਜੀਤ ਕੌਰ, ਦਲਜੀਤ ਕੌਰ, ਵੀਰਪਾਲ ਕੌਰ, ਪਰਮਜੀਤ ਕੌਰ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਸੀਵਰੇਜ ਦੇ ਗੰਦੇ ਪਾਣੀ ਵਿਚੋਂ ਲੰਘ ਕੇ ਜਾਣਾ ਪੈਂਦਾ ਹੈ। ਮੁਹੱਲੇ ਵਿਚ ਰਹਿੰਦੇ ਬੱਚੇ ਵੀ ਸਕੂਲ ਨੂੰ ਇਸੇ ਪਾਣੀ ਵਿਚੋਂ ਲੰਘਦੇ ਹਨ। ਬਰਸਾਤੀ ਮੌਸਮ ਹੋਣ ਕਰਕੇ ਮਾਮਲਾ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਜ਼ੋਰਦਾਰ ਮੀਂਹ ਪੈਂਦਾ ਹੈ ਤਾਂ ਪਹਿਲਾਂ ਤੋਂ ਹੀ ਬੰਦ ਸੀਵਰੇਜ ਕਰਕੇ ਪਾਣੀ ਘਰਾਂ ਅੰਦਰ ਵੀ ਦਾਖਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਗਰਮੀ ਤੇ ਬਰਸਾਤਾਂ ਕਰਕੇ ਇਨ੍ਹਾਂ ਦਿਨਾਂ 'ਚ ਹੋਣ ਵਾਲੀਆਂ ਗੰਭੀਰ ਬੀਮਾਰੀਆਂ ਫੈਲਣ ਦਾ ਵੀ ਖ਼ਤਰਾ ਹੈ। ਮੁਹੱਲਾ ਵਾਸੀਆਂ ਨੇ ਗੁੱਸੇ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਫੌਰੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਜਗਰਾਓਂ-ਰਾਏਕੋਟ ਮਾਰਗ 'ਤੇ ਧਰਨਾ ਲਗਾ ਕੇ ਚੱਕਾ ਜਾਮ ਕਰਨ ਲਈ ਮਜਬੂਰ ਹੋਣਗੇ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਸੀਵਰੇਜ ਸਮੱਸਿਆ ਤੋਂ ਇਲਾਵਾ ਪੱਛੜੇ ਹੋਏ ਮੁਹੱਲੇ ਵਿਚ ਨਾ ਤਾਂ ਸਫਾਈ ਦਾ ਕੋਈ ਪ੍ਰਬੰਧ ਹੈ ਨਾ ਹੀ ਗਲੀਆਂ 'ਚ ਲਾਈਟਾਂ ਲੱਗੀਆਂ ਹਨ। ਇਸੇ ਕਰਕੇ ਭਰਵੀਂ ਆਬਾਦੀ ਵਾਲਾ ਮੁਹੱਲਾ ਰਾਤ ਸਮੇਂ ਹਨ੍ਹੇਰੇ 'ਚ ਡੁੱਬ ਜਾਂਦਾ ਹੈ। ਥਾਂ-ਥਾਂ ਗੰਦਗੀ ਹੋਣ ਕਰਕੇ ਲੋਕਾਂ ਦਾ ਜਿਉਣਾ ਵੀ ਮੁਸ਼ਕਿਲ ਹੈ। ਉਨ੍ਹਾਂ ਸਫਾਈ ਲਈ ਪੱਕੇ ਕਰਮਚਾਰੀ ਲਾਉਣ ਦੀ ਮੰਗ ਕੀਤੀ। ਪ੍ਰਧਾਨ ਸਤੀਸ਼ ਦੌਧਰੀਆ ਨੇ ਕਿਹਾ ਕਿ ਉਹ ਭਲਕੇ ਸੋਮਵਾਰ ਨੂੰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸਮੱਸਿਆ ਦੇ ਹੱਲ ਲਈ ਭੇਜਣਗੇ।
ਬਿਜਲੀ ਦੀ ਡਿਮਾਂਡ 2550 ਲੱਖ ਯੂਨਿਟ ਤੋਂ ਪਾਰ
NEXT STORY