ਪਟਿਆਲਾ (ਬਲਜਿੰਦਰ) - ਸਰਕਾਰੀ ਮਹਿੰਦਰਾ ਕਾਲਜ ਦੇ ਵਿਦਿਆਰਥੀ ਨਿਤਿਨ ਦੇ ਪਰਿਵਾਰ ਵਾਲਿਆਂ ਨੇ ਅੱਜ ਥਾਣਾ ਕੋਤਵਾਲੀ ਅੱਗੇ ਧਰਨਾ ਠੋਕ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਵੱਲੋਂ ਨਿਤਿਨ ਦੀ ਮੌਤ ਦੇ ਮਾਮਲੇ ਵਿਚ ਕੁਝ ਵਿਅਕਤੀਆਂ 'ਤੇ ਸ਼ੱਕ ਜ਼ਾਹਰ ਕਰ ਕੇ ਉਨ੍ਹਾਂ 'ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਪਰ ਪੁਲਸ ਵੱਲੋਂ ਆਨਾਕਾਨੀ ਕਰਨ ਤੋਂ ਬਾਅਦ ਨਿਤਿਨ ਦੇ ਪਰਿਵਾਰ ਵਾਲੇ ਮੋਟਰਸਾਈਕਲਾਂ 'ਤੇ ਹੱਥਾਂ ਵਿਚ ਸਲੋਗਨ ਫੜ ਕੇ ਥਾਣਾ ਕੋਤਵਾਲੀ ਵਿਖੇ ਪਹੁੰਚੇ। ਜਦੋਂ ਉਨ੍ਹਾਂ ਨੂੰ ਅੰਦਰ ਦਾਖਲ ਨਾ ਹੋਣ ਦਿੱਤਾ ਗਿਆ ਤਾਂ ਉਨ੍ਹਾਂ ਨੇ ਕੋਤਵਾਲੀ ਦੇ ਬਾਹਰ ਧਰਨਾ ਦੇ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਰਾਹੁਲ ਕੌਸ਼ਲ ਪਹੁੰਚੇ। ਉਹ ਪਰਿਵਾਰ ਵਾਲਿਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਅੰਦਰ ਲੈ ਗਏ, ਜਿਥੇ 4 ਵਿਅਕਤੀਆਂ ਖਿਲਾਫ ਬਿਆਨ ਦਰਜ ਕਰਵਾਏ। ਇੰਸ. ਕੌਸ਼ਲ ਨੇ ਦੱਸਿਆ ਕਿ ਬਿਆਨ ਦਰਜ ਕਰ ਲਏ ਗਏ ਹਨ। ਮਾਮਲੇ ਦੀ ਜਾਂਚ ਤੋਂ ਬਾਅਦ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਥੇ ਦੱਸਣਯੋਗ ਹੈ ਕਿ ਬੀਤੇ ਕੱਲ 19 ਸਾਲ ਦੇ ਨਿਤਿਨ ਦੀ ਲਾਸ਼ ਭਾਖੜਾ ਨਹਿਰ ਵਿਚੋਂ ਬਰਾਮਦ ਹੋਈ ਸੀ।
ਨਿਤਿਨ 20 ਅਪ੍ਰੈਲ ਤੋਂ ਗਾਇਬ ਚਲਿਆ ਆ ਰਿਹਾ ਸੀ। ਉਸ ਦਾ ਮੋਬਾਇਲ ਵੀ ਬੰਦ ਸੀ, ਜਿਸ ਦੀ ਲੋਕੇਸ਼ਨ ਭਾਖੜਾ ਨਹਿਰ ਕੋਲੋਂ ਆ ਰਹੀ ਸੀ। ਨਿਤਿਨ ਦੀ ਲਾਸ਼ ਮਿਲਣ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਨਿਤਿਨ ਜਿਸ ਦਿਨ ਤੋਂ ਸਰਕਾਰੀ ਮਹਿੰਦਰਾ ਕਾਲਜ ਵਿਚ ਫੀਸਾਂ ਭਰਨ ਦਾ ਐਲਾਨ ਕੀਤਾ, ਉਸ ਦਿਨ ਤੋਂ ਪਰੇਸ਼ਾਨ ਚਲਿਆ ਆ ਰਿਹਾ ਸੀ। ਇਧਰ ਪੁਲਸ ਵੱਲੋਂ ਸਾਫ ਕਰ ਦਿੱਤਾ ਗਿਆ ਹੈ ਕਿ ਜੋ ਵੀ ਜਾਂਚ ਵਿਚ ਸਾਹਮਣੇ ਆਵੇਗਾ, ਉਸ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਬਾਬਾ ਬੰਦਾ ਸਿੰਘ ਬਹਾਦਰ ਦੇ ਬੁੱਤ 'ਚ ਵੱਜਾ ਟਰੱਕ
NEXT STORY