ਚੰਡੀਗੜ੍ਹ— ਪੰਜਾਬ ਦੇ 'ਮਹਾਰਾਜੇ' ਕੈਪਟਨ ਅਮਰਿੰਦਰ ਸਿੰਘ ਨੇ ਇੰਗਲੈਂਡ ਵਿਚ ਧਮਾਕੇਦਾਰੀ ਪਾਰੀ ਨਾਲ ਪੰਜਾਬ ਦਾ ਨਾਂ ਰੌਸ਼ਨ ਕਰਨ ਵਾਲੀ ਕ੍ਰਿਕਟਰ ਹਰਮਨਪ੍ਰੀਤ ਕੌਰ ਲਈ ਵੱਡਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਹਰਮਨਪ੍ਰੀਤ ਕੌਰ ਨੂੰ ਉਸ ਦੀ ਸ਼ਾਨਦਾਰ ਪਰਫਾਮੈਂਸ ਲਈ ਸਨਮਾਨਤ ਕਰਨ ਲਈ ਪੰਜ ਲੱਖ ਦਾ ਇਨਾਮ ਦੇਵੇਗੀ। ਹਰਮਨਪ੍ਰੀਤ ਨੇ ਆਈ. ਆਈ. ਸੀ. ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਧਮਾਕੇਦਾਰ 171 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਫਾਈਨਲ ਵਿਚ ਥਾਂ ਦਿਵਾਈ ਸੀ। ਉਸ ਨੇ 115 ਗੇਂਦਾਂ ਵਿਚ ਨਾਟ-ਆਊਟ 171 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ।
ਇਕ ਪਾਸੇ ਜਿੱਥੇ ਅੱਜ ਹਰਮਨਪ੍ਰੀਤ ਕੌਰ ਵਰਲਡ ਕੱਪ ਦੇ ਫਾਈਨਲ ਵਿਚ ਖੇਡ ਰਹੀ ਹੈ, ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਸ ਦੇ ਪਿਤਾ ਨੂੰ ਮੁਬਾਰਕਬਾਦ ਦਿੰਦੇ ਹੋਏ ਇਹ ਐਲਾਨ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਇੰਗਲੈਂਡ ਅਤੇ ਭਾਰਤ ਵਿਚਾਲੇ ਖੇਡੇ ਜਾ ਰਹੇ ਫਾਈਨਲ ਮੈਚ ਲਈ ਹਰਮਨਪ੍ਰੀਤ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਉਮੀਦ ਜਤਾਈ ਕਿ ਇਸ ਮੈਚ ਵਿਚ ਵੀ ਹਰਮਨਪ੍ਰੀਤ ਵਧੀਆ ਖੇਡ ਦਾ ਮੁਜ਼ਾਹਰਾ ਕਰਕੇ ਭਾਰਤ ਅਤੇ ਪੰਜਾਬ ਦਾ ਮਾਣ ਵਧਾਏਗੀ। ਉਨ੍ਹਾਂ ਕਿਹਾ ਕਿ ਹਰਮਨਪ੍ਰੀਤ ਨੇ ਖੇਡਾਂ ਦੇ ਖੇਤਰ ਵਿਚ ਆਪਣੀ ਪਰਫਾਮੈਂਸ ਨਾਲ ਅਣਮੁੱਲਾ ਯੋਗਦਾਨ ਦਿੱਤਾ ਹੈ ਅਤੇ ਉਹ ਔਰਤਾਂ ਅਤੇ ਨੌਜਵਾਨ ਖਿਡਾਰੀਆਂ ਲਈ ਪ੍ਰੇਰਣਾਸ੍ਰੋਤ ਬਣ ਕੇ ਉੱਭਰੀ ਹੈ।
ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
NEXT STORY