ਜਲੰਧਰ (ਮਹੇਸ਼) - ਸਾਬਕਾ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ ਜਗਬੀਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਵਿਚ ਦਰਿਆਈ ਪਾਣੀ ਦੀ ਹਾਲਤ ਅਤੀ ਨਾਜ਼ੁਕ ਸਥਿਤੀ ਵਿਚੋਂ ਗੁਜ਼ਰ ਰਹੀ ਹੈ, ਜੇਕਰ ਐੱਸ. ਵਾਈ. ਐੱਲ. ਨਹਿਰ ਚਾਲੂ ਕੀਤੀ ਜਾਂਦੀ ਹੈ ਤਾਂ ਪੰਜਾਬ ਦੀ ਆਰਥਿਕਤਾ ਤਬਾਹ ਹੋ ਜਾਵੇਗੀ, ਪੰਜਾਬ ਦੇ ਬਹੁਤੇ ਜ਼ਿਲਿਆਂ ਵਿਚ ਨਹਿਰੀ ਪਾਣੀ ਨਾਲ ਸਿੰਚਾਈ ਨਹੀਂ ਹੁੰਦੀ ਅਤੇ ਜਿਨ੍ਹਾਂ ਜ਼ਿਲਿਆਂ ਵਿਚ ਟਿਊਬਵੈੱਲਾਂ ਰਾਹੀਂ ਸਿੰਚਾਈ ਹੁੰਦੀ ਹੈ, ਉਨ੍ਹਾਂ ਜ਼ਿਲਿਆਂ ਵਿਚ ਪਾਣੀ ਦਾ ਪੱਧਰ ਇਸ ਕਦਰ ਡਿੱਗ ਜਾਵੇਗਾ ਕਿ ਟਿਊਬਵੈੱਲ ਰਾਹੀਂ ਸਿੰਚਾਈ ਅਸੰਭਵ ਹੋ ਜਾਵੇਗੀ। ਬਰਾੜ ਨੇ ਕਿਹਾ ਕਿ ਪੰਜਾਬ ਦੀ ਜ਼ਿਆਦਾਤਰ ਵਸੋਂ ਖੇਤੀ 'ਤੇ ਨਿਰਭਰ ਕਰਦੀ ਹੈ, ਇਕੱਲਾ ਕਿਸਾਨ ਅਤੇ ਮਜ਼ਦੂਰ ਹੀ ਨਹੀਂ, ਵਪਾਰੀ ਵੀ ਖੇਤੀ ਉੱਪਰ ਹੀ ਨਿਰਭਰ ਕਰਦਾ ਹੈ। ਉਨ੍ਹਾਂ ਕਿਹਾ ਕਿ ਮੰਡੀ ਵੱਲ ਫ਼ਸਲ ਆਉਣ ਤੋਂ ਬਾਅਦ ਹੀ ਲੋਕ ਦੁਕਾਨਾਂ ਤੋਂ ਸਾਮਾਨ ਦੀ ਖ਼ਰੀਦੋ-ਫਰੋਖਤ ਲਈ ਜਾਂਦੇ ਹਨ ਅਤੇ ਵਪਾਰੀ ਦਾ ਵਪਾਰ ਚਲਦਾ ਹੈ। ਜੇਕਰ ਮੰਡੀਆਂ ਵਿਚ ਅਨਾਜ ਨਹੀਂ ਆਵੇਗਾ ਤਾਂ ਪੈਸਾ ਕਿਥੋਂ ਆਵੇਗਾ? ਇਸ ਲਈ ਐੱਸ. ਵਾਈ. ਐਲ. ਚੱਲਣ ਦੇ ਨਾਲ ਵਪਾਰ ਵੀ ਠੱਪ ਹੋ ਜਾਵੇਗਾ। ਪੰਜਾਬ ਦੇ ਪਾਣੀ ਨੂੰ ਬਚਾਉਣਾ ਸਰਕਾਰਾਂ ਜਾਂ ਰਾਜਸੀ ਪਾਰਟੀਆਂ ਦੀ ਜ਼ਿੰਮੇਵਾਰੀ ਨਹੀਂ, ਇਹ ਹਰ ਵਿਅਕਤੀ ਜੋ ਪੰਜਾਬ ਨੂੰ ਪਿਆਰ ਕਰਦਾ ਹੈ, ਦੀ ਜ਼ਿੰਮੇਵਾਰੀ ਬਣਦੀ ਹੈ, ਚਾਹੇ ਉਹ ਮਜ਼ਦੂਰ ਹੈ, ਕਿਸਾਨ ਹੈ, ਵਪਾਰੀ ਹੈ ਜਾਂ ਸਨਅਤਕਾਰ ਹੈ, ਇਸ ਲਈ ਐੱਸ. ਵਾਈ. ਐੱਲ. ਦੀ ਲੜਾਈ ਸਭ ਦੀ ਸਾਂਝੀ ਲੜਾਈ ਹੈ। ਬਰਾੜ ਨੇ ਚਿਤਾਵਨੀ ਦਿੱਤੀ ਕਿ ਜੇਕਰ ਐੱਸ. ਵਾਈ. ਐੱਲ. ਦੀ ਖੋਦਾਈ ਹੁੰਦੀ ਹੈ ਤਾਂ ਆਉਣ ਵਾਲੀਆਂ ਪੀੜ੍ਹੀਆਂ ਪੰਜਾਬ ਦੀ ਮੌਜੂਦਾ ਲੀਡਰਸ਼ਿਪ ਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।
ਜੇਲ 'ਚ ਮੋਬਾਇਲ ਮਿਲਣ 'ਤੇ 15 ਹਵਾਲਾਤੀਆਂ ਵਿਰੁੱਧ ਕੇਸ ਦਰਜ
NEXT STORY